No announcement available or all announcement expired.

ਮੋਰਚਾ ਗੁਰੂ ਕਾ ਬਾਗ

ਗੌਰਵਮਈ ਇਤਿਹਾਸਕ ਗਾਥਾ

ਮੋਰਚਾ ਗੁਰੂ ਕਾ ਬਾਗ

ਜਥੇ. ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

            ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਸਿੱਖ ਕੌਮ ਦਾ ਇਤਿਹਾਸ ਵੀ ਵਧੇਰੇ ਕਰਕੇ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਇਤਿਹਾਸ ਹੀ ਰਿਹਾ ਹੈ। ਰਣ-ਖੇਤਰ ਵਿਚ ਇੱਕ-ਇੱਕ ਸਿੰਘ ਵੱਲੋਂ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨਾ, ਸੀਸ ਨੂੰ ਤਲੀ ‘ਤੇ ਟਿਕਾ ਮੁਲਖੱਈਏ ਨਾਲ ਟੱਕਰ ਲੈਣਾ, ਜੰਬੂਰਾਂ ਨਾਲ ਮਾਸ ਤੁੜਵਾਣਾ, ਰੰਬੀਆਂ ਨਾਲ ਖੋਪਰ ਉਤਰਵਾਣਾ, ਬੰਦ-ਬੰਦ ਕਟਵਾਣਾ, ਚਰਖੜੀਆਂ ‘ਤੇ ਚੜ੍ਹ ਤੂੰਬਾ-ਤੂੰਬਾ ਹੋਣਾ, ਤੋਪਾਂ ਸਾਹਵੇਂ ਉਡਾਏ ਜਾਣਾ, ਆਪਣਾ ਲਹੂ ਡੋਲ੍ਹ ਰੇਲ ਦੇ ਇੰਜਣਾਂ ਨੂੰ ਅਟਕਾਣਾ, ਬਲਦੇ ਹੋਏ ਭੱਠਾਂ ਵਿਚ ਝੋਕੇ ਜਾਣਾ, ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾਣਾ, ਜੇਲ੍ਹਾਂ ਵਿਚ ਸਵਾ-ਸਵਾ ਮਣ ਦੇ ਪੀਸਣੇ ਪੀਸਣਾ, ਦੁੱਧ ਚੁੰਘਦੇ ਬਾਲਾਂ ਨੂੰ ਅੱਖਾਂ ਸਾਹਮਣੇ ਨੇਜ਼ਿਆਂ ‘ਤੇ ਟੰਗਵਾ ਕੇ ਉਨ੍ਹਾਂ ਦੇ ਹਾਰ ਗਲਾਂ ਵਿਚ ਪਵਾਣਾ, ਇਹ ਸਭ ਹੈਰਤ-ਅੰਗੇਜ਼ ਕਾਰਨਾਮੇ ਸਿੱਖ ਕੌਮ ਦੇ ਹੀ ਹਿੱਸੇ ਆਏ ਹਨ।

            ਤਲਵਾਰਾਂ ਦੀ ਛਾਂ ਹੇਠਾਂ ਪਲੇ ਹੋਏ ਖ਼ਾਲਸੇ ਨੇ ਸਾਰੀ ਮਨੁੱਖਤਾ ਨੂੰ ਸੰਜੀਵ ਰੱਖਣ ਲਈ ਹਰ ਸਮੇਂ ਤੱਤੀ ਵਾ ਤੋਂ ਬਚਾਇਆ। ਇਹ ਖ਼ਾਲਸਾ ਕਦੇ ਪੰਥ ਦੀ ਆਣ ਲਈ ਸੀਸ ਤਲੀ ‘ਤੇ ਧਰ ਕੇ ਲੜਿਆ ਤੇ ਕਦੇ ਗੁਰਧਾਮਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। ਸਵੈ-ਇੱਛਾ ਨਾਲ ਸ਼ਾਂਤ ਚਿੱਤ ਹੋ ਕੇ ਗੁਰਧਾਮਾਂ ਦੀ ਮਰਯਾਦਾ ਬਹਾਲ ਰੱਖਣ ਲਈ ਉਤਸ਼ਾਹ ਪੂਰਵਕ ਮੋਰਚੇ ਲਾਏ ਤੇ ਬਿਨਾਂ ਕਿਸੇ ਸ਼ਿਕਨ ਤੋਂ ਹੱਸ-ਹੱਸ ਕੁਰਬਾਨੀਆਂ ਦਿੱਤੀਆਂ:

ਜਨਮ ਜਨਮ ਕੇ ਲਾਗੇ ਬਿਖੁ

ਮੋਰਚਾ ਲਗਿ ਸੰਗਤਿ ਸਾਧ ਸਵਾਰੀ॥

   (ਪੰਨਾ 666)

            ਸਿੱਖ ਮੋਰਚਿਆਂ ਦਾ ਆਰੰਭ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਲਈ ਹੋਇਆ। ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਗੁਰਦੁਆਰਿਆਂ ਨੂੰ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਈਸਾਈ ਧਰਮ ਦਾ ਪ੍ਰਸਾਰ ਕਰਨ ਲਈ ਸਿੱਖਾਂ ਦੇ ਕੇਂਦਰੀ ਧੁਰੇ ਗੁਰਦੁਆਰਿਆਂ-ਗੁਰਧਾਮਾਂ ਦੀ ਮਰਯਾਦਾ ਨੂੰ ਖਤਮ ਕਰਨਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਮਹੰਤ ਇੰਨੇ ਕੁ ਭ੍ਰਿਸ਼ਟ ਹੋ ਚੁੱਕੇ ਸਨ ਕਿ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਉਹ ਗੁਰਦੁਆਰਿਆਂ ਦੇ ਅੰਦਰ ਨਿੱਤ ਅੰਗਰੇਜ਼ ਰਾਜ ਦੀ ਸਥਾਪਤੀ ਦੀਆਂ ਅਰਦਾਸਾਂ ਕਰਦੇ ਸਨ। ਸਿੱਖੀ ਸਿਧਾਂਤਾਂ ਦੇ ਉਲਟ ਹਰ ਕੁਕਰਮ ਕੀਤਾ ਜਾ ਰਿਹਾ ਸੀ। ਇਹ ਸਭ ਕੁਝ ਸਿੱਖਾਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਉਨ੍ਹਾਂ ਨੇ ਦੁਰਾਚਾਰੀ ਮਹੰਤਾਂ ਨੂੰ ਸਬਕ ਸਿਖਾਉਣ ਅਤੇ ਗੁਰਦੁਆਰਿਆਂ ਨੂੰ ਸੰਗਤੀ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸਾ ਕਰ ਲਿਆ।

            ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੋਂਦ ਵਿਚ ਆਉਣ ਨਾਲ ਸਿੱਖ ਜਥੇਬੰਦੀਆਂ ਨੂੰ ਇਕ ਸੰਗਠਨ ਦਾ ਰੂਪ ਮਿਲ ਗਿਆ ਸੀ। ਸੋ ਪੰਥਕ ਕਮੇਟੀ ਦੀ ਸਰਪ੍ਰਸਤੀ ਹੇਠ ਸਿੱਖਾਂ ਨੇ ਸ਼ਾਂਤਮਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਗੁਰਦੁਆਰਿਆਂ ਦੀ ਆਜ਼ਾਦੀ ਬਹਾਲ ਕਰਕੇ ਪ੍ਰਬੰਧ ਨੂੰ ਪੰਥਕ ਹੱਥਾਂ ਵਿਚ ਲਿਆਂਦਾ।

            ਗੁਰੂ ਕੇ ਬਾਗ ਦਾ ਮੋਰਚਾ ਵੀ ਇਸੇ ਮਨੋਰਥ ਅਧੀਨ ਲਗਾਇਆ ਗਿਆ। ਇਹ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬਾਨ ਸਥਾਪਤ ਹਨ। ਇਨ੍ਹਾਂ ਗੁਰ-ਅਸਥਾਨਾਂ ਦੇ ਨਾਮ ਕਾਫੀ ਜ਼ਮੀਨ ਸੀ ਜੋ ਸਾਰੀ ਦੀ ਸਾਰੀ ਇੱਥੋਂ ਦੇ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠ ਸੀ। ਮਹੰਤ ਸੁੰਦਰ ਦਾਸ ਅੱਤ ਦਾ ਦੁਰਾਚਾਰੀ ਅਤੇ ਆਯਾਸ਼ ਰੁਚੀਆਂ ਦਾ ਮਾਲਕ ਸੀ। ਉਹ ਇੰਨਾ ਕੁ ਜ਼ਿਆਦਾ ਬਦਨਾਮ ਹੋ ਚੁੱਕਾ ਸੀ ਕਿ ਸਿੱਖ ਸੰਗਤ ਉਸ ਨੂੰ ਲਗਾਮ ਪਾਉਣ ਲਈ ਤਿਆਰ-ਬਰ-ਤਿਆਰ ਬੈਠੀ ਸੀ। ਹਾਲਾਤ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥ ਸੇਵਕ ਸ. ਦਾਨ ਸਿੰਘ ਵਿਛੋਆ ਨੂੰ ਉਨ੍ਹਾਂ ਦੋਹਾਂ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਨਿਯੁਕਤ ਕਰ ਦਿੱਤਾ। ਸ. ਦਾਨ ਸਿੰਘ ਨੇ ਮਹੰਤ ਨੂੰ ਪ੍ਰੇਰਿਆ ਕੇ ਆਯਾਸ਼ ਅਤੇ ਮਨਮੁਖੀ ਰੁਚੀਆਂ ਨੂੰ ਛੱਡ ਕੇ ਗੁਰੂ ਵਾਲਾ ਬਣ ਜਾਵੇ ਅਤੇ ਗ੍ਰਿਹਸਤ ਜੀਵਨ ਧਾਰਨ ਕਰੇ। ਮਹੰਤ ਉਨ੍ਹਾਂ ਦੀ ਗੱਲ ਮੰਨ ਗਿਆ ਅਤੇ ਉਸ ਨੇ ਇਕ ਈਸਰੀ ਨਾਂ ਦੀ ਔਰਤ ਨਾਲ ਅਨੰਦ ਕਾਰਜ ਕਰਵਾ ਲਿਆ। ਬਾਅਦ ਵਿਚ ਪਤੀ-ਪਤਨੀ ਦੋਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਵੀ ਛਕ ਲਿਆ। ਦੋਹਾਂ ਦੇ ਨਾਂ ਕ੍ਰਮਵਾਰ ‘ਜੋਗਿੰਦਰ ਸਿੰਘ’ ਅਤੇ ‘ਗਿਆਨ ਕੌਰ’ ਰੱਖੇ ਗਏ। ਪਰ ਮਹੰਤ ਪੂਰੀ ਤਰ੍ਹਾਂ ਤਨੋ-ਮਨੋ ਆਪਣੇ ਆਪ ਨੂੰ ਸੁਧਾਰ ਨਹੀਂ ਸਕਿਆ ਸੀ। ਉਸ ਦੇ ਮਨ ਦੇ ਧੁਰ ਅੰਦਰ ਅਜੇ ਵੀ ਉਹੀ ਸ਼ੈਤਾਨ ਬੈਠਾ ਸੀ। ਫਿਰ ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ, ਉਸ ਵੱਲ ਵੇਖ ਉਸ ਦੁਬਾਰਾ ਆਪਣਾ ਰਵੱਈਆ ਬਦਲ ਲਿਆ। ਇਹ ਸਭ ਕੁਝ ਭਾਂਪਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਦਾਨ ਸਿੰਘ ਵਿਛੋਆ ਨੂੰ ਹੁਕਮ ਕੀਤਾ ਕਿ ਉਹ ਦੋਹਾਂ ਗੁਰਦੁਆਰਾ ਸਾਹਿਬਾਨ ਦਾ ਅਤੇ ਸੰਬੰਧਿਤ ਜ਼ਮੀਨ-ਜਾਇਦਾਦ ਦਾ ਪ੍ਰਬੰਧ ਆਪਣੇ ਕੰਟਰੋਲ ਹੇਠ ਲੈ ਆਉਣ। ਇਹ ਸੁਣ ਕੇ ਮਹੰਤ ਘਬਰਾਅ ਗਿਆ ਅਤੇ ਉਸ ਨੇ ਫਿਰ ਆਪਣਾ ਰੁਖ ਬਦਲਦਿਆਂ ਸ਼੍ਰੋਮਣੀ ਕਮੇਟੀ ਨਾਲ ਸੁਲਹ ਕਰ ਲਈ। ਸ਼੍ਰੋਮਣੀ ਕਮੇਟੀ ਨੇ ਕੁਝ ਸ਼ਰਤਾਂ ਦੇ ਆਧਾਰ ‘ਤੇ ਮਹੰਤ ਨੂੰ ਅੰਮ੍ਰਿਤਸਰ ਵਿਖੇ ਰਿਹਾਇਸ਼ ਲਈ ਮਕਾਨ ਦੇ ਦਿੱਤਾ ਅਤੇ 120/- ਮਹੀਨਾ ਤਨਖਾਹ ਵੀ ਲਗਾ ਦਿੱਤੀ। ਬੜੀ ਆਸਾਨੀ ਨਾਲ ਦੋਹਾਂ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ। ਮਹੰਤ ਨੂੰ ਇਹ ਸਭ ਵੀ ਨਾ ਪਚਿਆ ਤੇ ਉਹ ਅੰਗਰੇਜ਼ ਸਰਕਾਰ ਨਾਲ ਜਾ ਮਿਲਿਆ। ਇਕ ਦਿਨ ਗੁਰੂ ਕੇ ਬਾਗ ਦੀ ਜ਼ਮੀਨ ‘ਚੋਂ ਪੰਜ ਸਿੰਘ ਲੰਗਰ ਵਾਸਤੇ ਲੱਕੜਾਂ ਵੱਢਣ ਲਈ ਗਏ ਤਾਂ ਅੰਗਰੇਜ਼ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਿ. ਡੰਟ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਜੁਰਮਾਨੇ ਸਹਿਤ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ। ਇਸ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਮਿ. ਬੀ. ਟੀ ਨੇ ਹਰ ਸੰਭਵ ਯਤਨ ਕੀਤਾ ਅਤੇ ਖੁਦ ਮਹੰਤ ਪਾਸ ਪਹੁੰਚ ਕੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਰਿਪੋਰਟ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਮੋਰਚੇ ਦਾ ਆਰੰਭ ਹੋ ਗਿਆ।

            ਸ. ਸਰਮੁਖ ਸਿੰਘ ਦੀ ਅਗਵਾਈ ਹੇਠ ਪੰਜ ਸਿੱਖਾਂ ਦਾ ਜਥਾ ਪੁਲਿਸ ਕੋਲ ਭੇਜ ਕੇ ਇਹ ਗੱਲ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਜ਼ਮੀਨ ਪੰਥ ਦੇ ਅਧਿਕਾਰ ਹੇਠ ਹੈ। ਇਸ ਲਈ ਲੰਗਰ ਲਈ ਲੱਕੜਾਂ ਵੱਢ ਕੇ ਸਿੱਖਾਂ ਨੇ ਕੋਈ ਗਲਤੀ ਨਹੀਂ ਕੀਤੀ, ਇਸ ਜਥੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਪਰ ਪੁੱਛ-ਗਿੱਛ ਕਰਕੇ ਛੱਡ ਦਿੱਤਾ।

            ਅੰਗਰੇਜ਼ ਸਰਕਾਰ ਦੀ ਬੇਰੁਖੀ ਦੇਖ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਤੀਰੇ ਦੇ ਵਿਰੁੱਧ ਪੁਰ-ਅਮਨ ਸੰਘਰਸ਼ ਸ਼ੁਰੂ ਕਰਨ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ।  31 ਅਗਸਤ 1922 ਈ: ਨੂੰ 200 ਅਕਾਲੀਆਂ ਦਾ ਜਥਾ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਨੂੰ ਗਿਆ। ਇਸ ਜਥੇ ਨੂੰ ਗੁੰਮਟਾਲੇ ਵਾਲੇ ਪੁਲ ‘ਤੇ ਘੇਰ ਕੇ ਕੁੱਟਿਆ ਗਿਆ। ਪਿੰਡ ਸਹਿੰਸਰਾ, ਘੁੱਕੇਵਾਲੀ, ਲਸ਼ਕਰੀ, ਨੰਗਲ, ਜਗਦੇਵ ਕਲਾਂ ਵਿਚ ਵੀ ਸਿੱਖਾਂ ਦੀ ਕਾਫੀ ਕੁੱਟ-ਮਾਰ ਕੀਤੀ ਗਈ। ਇਸ ਤੋਂ ਬਾਅਦ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌ-ਸੌ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਜਾਣ ਲੱਗ ਪਿਆ। ਮਿ. ਬੀ. ਟੀ. ਦੀ ਪੁਲਿਸ ਨੇ ਸਿੱਖਾਂ ਦੀ ਰੱਜ ਕੇ ਕੁੱਟ-ਮਾਰ ਕੀਤੀ। ਪਰ ਇੰਨੇ ਤਸ਼ੱਦਦ ਦੇ ਬਾਵਜੂਦ ਵੀ ਸਿੱਖਾਂ ਨੇ ਸੀਅ ਨਹੀਂ ਕੀਤੀ। ਬੀ.ਟੀ. ਦੇ ਵਹਿਸ਼ੀਪੁਣੇ ਕਰਕੇ ਪੁਲਿਸ ਵੱਲੋਂ ਲੋਕਾਂ ਦੀ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਾਪਰੀਆਂ। ਚਾਰ ਸਤੰਬਰ ਨੂੰ 101 ਅਕਾਲੀਆਂ ਦਾ ਜਥਾ ਗੁਰਦਾਸਪੁਰ ਤੋਂ ਗੁਰੂ ਕੇ ਬਾਗ ਪਹੁੰਚਿਆ। ਇਸ ਜਥੇ ਉੱਤੇ ਵੀ ਬੇਇੰਤਹਾ ਡਾਂਗਾਂ ਵਰ੍ਹਾਈਆਂ ਗਈਆਂ। ਗ੍ਰਿਫਤਾਰੀਆਂ ਲਗਾਤਾਰ ਜਾਰੀ ਰਹੀਆਂ।

            ਦੇਸ਼ ਵਿਚ ਹੀ ਨਹੀਂ ਬਲਕਿ ਸਾਰੇ ਸੰਸਾਰ ਵਿਚ ਸਿੱਖਾਂ ਦੇ ਸਬਰ, ਸਿਦਕ ਅਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖਾਸ ਵਰਨਣਯੋਗ ਹਨ। ਪਾਦਰੀ ਐਂਡਰੀਊਜ਼ ਜਿਸ ਨੇ ਤਵਾਰੀਖ ਵਿਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ। ਜਿਸ ‘ਤੇ 13 ਸਤੰਬਰ ਨੂੰ ਮੈਕਲੈਗਨ ਖ਼ੁਦ ਗੁਰੂ ਕੇ ਬਾਗ ਪੁੱਜਾ। ਫ਼ਲਸਰੂਪ ਸਿੰਘਾਂ ‘ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਲੇਕਿਨ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ 17 ਨਵੰਬਰ 1922 ਤੀਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖ਼ਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ, ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ।

            ਸਿੱਖ ਜਥੇਬੰਦੀਆਂ ਦੀ ਡਿਫੈਂਸ ਲਈ ਪੰਡਿਤ ਮਦਨ ਮੋਹਨ ਮਾਲਵੀਆ ਨੇ ਖੁਦ ਮੁਕੱਦਮਾ ਲੜਿਆ। 14 ਮਾਰਚ 1923 ਈ: ਨੂੰ ਸਿੱਖ ਪੰਥਕ ਆਗੂ ਜੇਲ੍ਹੋਂ ਬਾਹਰ ਆ ਗਏ। ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚ ਪਾ ਕੇ ਗੁਰੂ ਕੇ ਬਾਗ਼ ਦੀ ਜ਼ਮੀਨ ਮਹੰਤ ਪਾਸੋਂ ਉਸ ਨੂੰ ਪਟੇ ‘ਤੇ ਦੁਆ ਦਿੱਤੀ ਤੇ ਪੁਲਿਸ ਹਟਾ ਲਈ। ਇਸ ਤਰ੍ਹਾਂ ਜ਼ਮੀਨ ਪੰਥਕ ਪ੍ਰਬੰਧ ਹੇਠ ਆ ਗਈ ਤੇ ਮੋਰਚਾ ਸਮਾਪਤ ਹੋ ਗਿਆ।

            ਇਸ ਮੋਰਚੇ ਨਾਲ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਬੜਾ ਬਲ ਮਿਲਿਆ ਅਤੇ ਸਿੰਘਾਂ ਦੀ ਬੀਰਤਾ ਅਤੇ ਗੌਰਵ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਪੰਡਤ ਮੇਲਾ ਰਾਮ ਵਫ਼ਾ ਨੇ ਗੁਰੂ ਕੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਸੀ-

ਤਿਰੀ ਕੁਰਬਾਨੀਉਂ ਕੀ ਧੂਮ ਹੈ ਆਜ ਇਸ ਜ਼ਮਾਨੇ ਮੇਂ,

ਬਹਾਦਰ ਹੈ ਅਗਰ ਕੋਈ ਤੋ ਵੋਹ ਇਕ ਤੂ ਅਕਾਲੀ ਹੈ।

ਜ਼ਾਲਮੋਂ ਕੀ ਲਾਠੀਆਂ ਤੂ ਨੇ ਸਹੀ

ਸੀਨਾ-ਏ-ਸਪਰ ਹੋ ਕਰ,

ਲੁਤਫ਼ ਇਸ ਪੈ ਕਿ ਲਬ ਪਹਿ

ਸ਼ਿਕਾਇਤ ਹੈ ਨਾ ਗਾਲੀ ਹੈ।

            ਇਹ ਅਨੋਖੀ ਦਾਸਤਾਨ ਭੁਲਾਈ ਨਹੀਂ ਜਾ ਸਕਦੀ। ਉਸ ਵਕਤ ਅਕਾਲੀਆਂ ਨੇ ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਨੂੰ ਬਿਨਾਂ ਕਿਸੇ ਹਿੰਸਾ ਦੇ ਝੱਲਿਆ, ਇਹ ਦੁਨੀਆਂ ਵਿਚ ਇਕ ਮਿਸਾਲ ਹੈ। ਗੁਰਧਾਮਾਂ ਦੀ ਸ਼ਾਨ ਬਰਕਰਾਰ ਰੱਖਣ ਲਈ ਵਾਹਿਗੁਰੂ ਦਾ ਸਿਮਰਨ ਕਰਦਿਆਂ ਅੰਗਰੇਜ਼ ਸਰਕਾਰ ਦਾ ਵਹਿਸ਼ੀ ਤਸ਼ੱਦਦ ਜ਼ਰਨਾ ਪਰ ਆਪਣੇ ਅਕੀਦੇ ਤੋਂ ਪਿੱਛੇ ਨਾ ਹਟਨਾ ਸਿੱਖੀ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਸੀ।

            ਆਓ! ਇਸ ਗੌਰਵਮਈ ਇਤਿਹਾਸਕ ਗਾਥਾ ‘ਮੋਰਚਾ ਗੁਰੂ ਕਾ ਬਾਗ’ ਦੀ ਸਾਲਾਨਾ ਯਾਦ ਮਨਾਉਂਦੇ ਹੋਏ ਗੁਰੂ ਕੇ ਬਾਗ ਦੇ ਮਹੰਤ ਸੁੰਦਰ ਦਾਸ ਜਿਹੇ ਅਜੋਕੇ ਅਖੌਤੀ ਤੇ ਦੰਭੀ ਸਾਧਾਂ ਦੇ ਭਰਮ-ਜਾਲ ‘ਚੋਂ ਸੁਚੇਤ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਸੱਚੇ-ਸੁੱਚੇ ਅਰਥਾਂ ਵਿਚ ਗੁਰਮਤਿ ਦੇ ਧਾਰਨੀ ਬਣੀਏ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਦੇ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।