No announcement available or all announcement expired.

ਮੰਤਰੀ ਰੰਧਾਵਾ ਦਾ ਸ਼੍ਰੋਮਣੀ ਕਮੇਟੀ ਪ੍ਰਤੀ ਬਿਆਨ ਸਿਆਸਤ ਤੋਂ ਪ੍ਰੇਰਤ- ਮਹਿਤਾ

ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪ੍ਰਵਾਨ ਕੀਤੇ ਜਾਂਦੇ ਹਨ ਟੈਂਡਰ

ਅੰਮ੍ਰਿਤਸਰ ੯ ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਲਈ ਦੇਸੀ ਘਿਉ ਤੇ ਸੁੱਕੇ ਦੁੱਧ ਬਾਰੇ ਪੈਦਾ ਕੀਤਾ ਜਾ ਰਿਹਾ ਵਿਵਾਦ ਬੇਲੋੜਾ ਹੈ। ਜਿਸ ਦੁਆਰਾ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਮਿਲਣੀ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਖਰੀਦ ਲਈ ਅਖ਼ਬਾਰਾਂ ਵਿਚ ਬਕਾਇਦਾ ਇਸ਼ਤਿਹਾਰ ਦੇ ਕੇ ਟੈਂਡਰਾਂ ਦੀ ਮੰਗ ਕਰਦੀ ਹੈ। ਉਪਰੰਤ ਸਬੰਧਤ ਫਰਮਾਂ ਨੂੰ ਬੁਲਾ ਕੇ ਨੀਯਤ ਸਬ-ਕਮੇਟੀ ਗੱਲਬਾਤ ਕਰਦੀ ਹੈ ਅਤੇ ਮੰਗ ਮੁਤਾਬਿਕ ਐੱਗਮਾਰਕ ਪੈਮਾਨੇ ਅਨੁਸਾਰ ਘੱਟ ਰੇਟ ਵਾਲੀ ਫਰਮ ਦਾ ਟੈਂਡਰ ਪ੍ਰਵਾਨ ਕੀਤਾ ਜਾਂਦਾ ਹੈ। ਇਸੇ ਲੜੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮਹੀਨੇ ਭਾਵ ੧ ਜੁਲਾਈ ੨੦੨੦ ਤੋਂ ੩੦ ਸਤੰਬਰ ੨੦੨੦ ਤੱਕ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ਲਈ ਦੇਸੀ ਘਿਉ ਤੇ ਸੁੱਕਾ ਦੁੱਧ ਦੇ ੨੬ ਜੂਨ ੨੦੨੦ ਨੂੰ ਟੈਂਡਰ ਮੰਗੇ ਸਨ। ਟੈਂਡਰ ਵਿਚ ਸਭ ਤੋਂ ਘੱਟ ਰੇਟ ਸੋਨਾਈ ਕੋਅਪਰੇਟਿਵ ਸੁਸਾਇਟੀ ਪੂਨੇ ਦਾ ੩੧੫ ਰੁਪਏ ਪ੍ਰਤੀ ਕਿਲੋ ਦੇਸੀ ਘਿਉ ਅਤੇ ੨੨੫ ਰੁਪਏ ਪ੍ਰਤੀ ਕਿਲੋ ਸੁੱਕਾ ਦੁੱਧ (ਜੀ.ਐਸ.ਟੀ. ਵੱਖਰਾ) ਸੀ। ਦੂਸਰੇ ਨੰਬਰ ‘ਤੇ ਰਾਜਸਥਾਨ ਕੋਅਪਰੇਟਿਵ ਸੁਸਾਇਟੀ ਭੀਲਪੁਰ ਦਾ ਰੇਟ ੪੦੦ ਰੁਪਏ ਸਮੇਤ ਜੀ.ਐਸ.ਟੀ. ਸੀ ਅਤੇ ਤੀਸਰੇ ਨੰਬਰ ‘ਤੇ ਪੰਜਾਬ ਸਹਿਕਾਰੀ ਦੁੱਧ ਉਤਪਾਦਕ ਸੰਘ, ਚੰਡੀਗੜ੍ਹ (ਵੇਰਕਾ) ਦਾ ਦੇਸੀ ਘਿਉ ਦਾ ਰੇਟ ੩੯੯ ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਅਤੇ ਸੁੱਕੇ ਦੁੱਧ ਦਾ ਰੇਟ ੨੫੦ ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਸੀ। ਟੈਂਡਰ ਦੀਆਂ ਸ਼ਰਤਾਂ ਤੇ ਨਿਯਮਾਂ ਅਨੁਸਾਰ ਸਭ ਤੋਂ ਘੱਟ ਰੇਟ ਵਾਲੀ ਸੋਨਾਈ ਕੋਅਪਰੇਟਿਵ ਡੇਅਰੀ ਪੂਨੇ ਦਾ ਰੇਟ ਪ੍ਰਵਾਨ ਕਰ ਲਿਆ ਗਿਆ। ਤਿੰਨ ਮਹੀਨੇ ਦੀ ਖ਼ਪਤ ਉਪਰ ਵੇਰਕੇ ਦੇ ਸੋਨਾਈ ਡੇਅਰੀ ਨਾਲੋਂ ਕੁੱਲ ੫ ਕਰੋੜ ੨੦ ਲੱਖ ੫੬ ਹਜ਼ਾਰ ੯੦੦ ਰੁਪਏ ਵੱਧ ਭਾਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਲਈ ਵੇਰਕਾ ਡੇਅਰੀ ਦਾ ੩੧ ਮਾਰਚ ੨੦੨੦ ਨੂੰ ਤਾਜੇ ਦੁੱਧ ਦਾ ੩੮ ਰੁਪਏ ਪ੍ਰਤੀ ਲੀਟਰ ਅਨੁਸਾਰ ਟੈਂਡਰ ਸਮਾਪਤ ਹੋ ਚੁੱਕਾ ਸੀ। ਤਾਲਾਬੰਦੀ ਦੌਰਾਨ ਵੇਰਕੇ ਨੂੰ ਇਸੇ ਰੇਟ ‘ਤੇ ਸਪਲਾਈ ਜਾਰੀ ਰੱਖਣ ਲਈ ਕਿਹਾ ਗਿਆ ਸੀ। ਪਰੰਤੂ ਉਨ੍ਹਾਂ ਵੱਲੋਂ ਘੱਟੋ-ਘੱਟ ੪੨ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਦੀ ਸਪਲਾਈ ਦਿੱਤੀ ਗਈ। ਜਦੋਂ ਕਿ ਪੂਰੇ ਪੰਜਾਬ ਵਿਚ ਲਾਕਡਾਊਨ ਹੋਣ ਕਰਕੇ ਦੁੱਧ ਦਾ ਰੇਟ ਬਹੁਤ ਘੱਟ ਚੁੱਕਾ ਸੀ। ਜੋ ਗੱਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਵੇਰਕਾ ਤੋਂ ਖਰੀਦ ਨਾ ਕਰਕੇ ੩.੫ ਲੱਖ ਦੁੱਧ ਉਤਪਾਦਕਾਂ ਦੇ ਢਿੱਡ ‘ਤੇ ਲੱਤ ਵੱਜੀ ਹੈ, ਤਾਂ ਸ. ਰੰਧਾਵਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਵਿੱਚੋਂ ਵੇਰਕਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਵੀ ਕਿਸਾਨਾਂ ਤੋਂ ਦੁੱਧ ਦੀ ਖਰੀਦ ਕਰਦੀਆਂ ਹਨ ਜੋ ਵੇਰਕਾ ਤੋਂ ਵੀ ਚੰਗੇ ਰੇਟ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਲ ੨੦੧੦ ਤੋਂ ਲੈ ਕੇ ਹੁਣ ਤੱਕ ਵੇਰਕਾ ਡੇਅਰੀ ਦਾ ਕੇਵਲ ਤਿੰਨ ਵਾਰ ਹੀ ਟੈਂਡਰ ਪ੍ਰਵਾਨ ਹੋਇਆ ਹੈ, ਜਿਸ ਵਿਚ ੦੧-੧੦-੨੦੧੩ ਤੋਂ ੩੧-੦੩-੨੦੧੪ ਤੱਕ (ਛੇ ਮਹੀਨੇ) ਫਿਰ ੦੧-੦੪-੨੦੧੮ ਤੋਂ ੩੧-੦੩-੨੦੨੦ ਤੱਕ (ਦੋ ਸਾਲ) ਸਪਲਾਈ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਪ੍ਰੀਮੀਅਰ ਐਗਰੀ ਫੂਡ, ਕਵਾਲਿਟੀ ਡੇਅਰੀ (ਇ.) ਦਿੱਲੀ, ਨੈਸ਼ਲੇ ਇੰਡੀਆ, ਪ੍ਰੀਮੀਅਰ ਐਗਰੀ ਫੂਡਜ ਯੂ.ਪੀ, ਸਮਰਿਤੀ ਪ੍ਰੋਡਕਟਸ ਲੁਧਿਆਣਾ, ਕਿਸਾਨ ਦੁੱਧ ਉਦਯੋਗ ਬਟਾਲਾ ਤੇ ਹੈਲਥਏਡ ਫੂਡਜ, ਪ੍ਰ. ਲਿਮ., ਮਹਿਤਾ, ਅੰਮ੍ਰਿਤਸਰ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਨਿਯਮਾਂ ਅਨੁਸਾਰ ਸਪਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਨਾਈ ਕੰਪਨੀ ਨੇ ਇਸ ਤੋਂ ਪਹਿਲਾਂ ੦੧-੦੪-੨੦੧੫ ਤੋਂ ੩੦-੦੯-੨੦੧੫ ਤੀਕ ਵੀ ਸ਼੍ਰੋਮਣੀ ਕਮੇਟੀ ਨੂੰ ਹੋਏ ਟੈਂਡਰਾਂ ਮੁਤਾਬਿਕ ਦੁੱਧ ਪਦਾਰਥਾਂ ਦੀ ਸਪਲਾਈ ਕੀਤੀ ਸੀ। ਜਿਸ ਦੀ ਦਫ਼ਤਰੀ ਰਿਪੋਰਟਾਂ ਅਨੁਸਾਰ ਕੋਈ ਸ਼ਕਾਇਤ ਨਹੀਂ ਸੀ।
ਉਨ੍ਹਾਂ ਕਿਹਾ ਕਿ ਸ. ਰੰਧਾਵਾ ਨੂੰ ਆਪਣੇ ਮਹਿਕਮੇ ਦੀਆਂ ਨਕਾਮੀਆਂ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ‘ਤੇ ਸੁੱਟਣ ਦੀ ਬਜਾਏ ਮਹਿਕਮੇ ਵਿਚ ਸੁਧਾਰ ਕਰਕੇ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਅਦਾਰੇ ਦੇ ਪੈਕ ੩੭ ਟੀਨਾਂ ਵਿੱਚੋਂ ੪੧ ਕਿਲੋ ੩੩੦ ਗ੍ਰਾਮ ਦੇਸੀ ਘਿਉ ਘੱਟ ਨਿਕਲਿਆ, ਜਿਸ ਸਬੰਧੀ ਮਿਲਕਫੈੱਡ ਦੇ ਐਮ.ਡੀ. ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਸੀ, ਜਿਸ ‘ਤੇ ਐਮ.ਡੀ. ਨੇ ਕੰਡੇ ਵਿਚ ਮੈਕੇਨੀਕਲ ਨੁਕਸ ਹੋਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ‘ਤੇ ਦੋਸ਼ ਲਗਾਉਣ ਦੀ ਬਜਾਏ ਆਪਣਾ ਮਹਿਕਮਾ ਠੀਕ ਕਰਨ ਦੀ ਬਣਦੀ ਜ਼ੁੰਮੇਵਾਰੀ ਨੂੰ ਸਮਝਣ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸ. ਰੰਧਾਵਾ ਦਾ ਬਿਆਨ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਤ ਹੈ ਇਸ ਵੱਲ ਧਿਆਨ ਨਾ ਦੇਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸ. ਗੁਰਮੀਤ ਸਿੰਘ ਬੂਹ, ਸ. ਗੁਰਤੇਜ ਸਿੰਘ ਢੱਡੇ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਲਖਬੀਰ ਸਿੰਘ ਡੋਗਰ ਵੀ ਹਾਜ਼ਰ ਸਨ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।