No announcement available or all announcement expired.
 

Online Bheta

 
Sarai Booking
 
 

ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੋ / Follow us on Facebook

 

ਵਿਸ਼ਵ ਵਿਆਪੀ ਵਿਚਾਰਧਾਰਾ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ

-ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
ਇਸ ਪ੍ਰਿਥਵੀ ‘ਤੇ ਜਦੋਂ ਵੀ ਧਰਮ ਅਤੇ ਸਮਾਜਿਕ ਢਾਂਚੇ ਵਿਚ ਗਿਰਾਵਟ ਆਈ ਹੈ ਉਦੋਂ ਹੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਇਨਕਲਾਬ ਆਉਂਦੇ ਰਹੇ ਹਨ। ਜਿੰਨੇ ਵੀ ਪਰਿਵਰਤਨ ਪ੍ਰਿਥਵੀ ‘ਤੇ ਹੁੰਦੇ ਰਹੇ ਹਨ ਇਹ ਕਿਸੇ ਇਕ ਪੱਖ ਤੋਂ ਅਤੇ ਸੀਮਤ ਖੇਤਰ ਵਿਚ ਹੀ ਹੋਏ ਹਨ। ਕਿਸੇ ਪੀਰ ਪੈਗ਼ੰਬਰ ਨੇ ਸਮੁੱਚੀ ਮਨੁੱਖਤਾ ਤੇ ਜੀਵਨ ਦੇ ਸਾਰੇ ਪੱਖਾਂ ਨੂੰ ਆਪਣੇ ਘੇਰੇ ਵਿਚ ਨਹੀਂ ਲਿਆਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਹੀ ਇਕ ਅਜਿਹੇ ਮਹਾਨ ਕ੍ਰਾਂਤੀਕਾਰੀ ਧਾਰਮਿਕ ਆਗੂ ਸਨ ਜਿਨ੍ਹਾਂ ਦੀ ਵਿਚਾਰਧਾਰਾ ਸਮੇਂ, ਸਥਾਨ ਅਤੇ ਵਿਸ਼ੇ ਵਸਤੂ ਦੇ ਪੱਖ ਤੋਂ ਬਹੁਤ ਵਿਸ਼ਾਲ ਤੇ ਵਿਸ਼ਵ-ਵਿਆਪੀ ਘੇਰੇ ਵਾਲੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਮਨੁੱਖਾਂ ਨੂੰ ਇਕ ਮੁਕੰਮਲ ਫ਼ਲਸਫ਼ਾ ਦਿੱਤਾ ਜਿਸ ਦਾ ਉਦੇਸ਼ ਮਨੁੱਖ ਦੀ ਸੰਪੂਰਨ ਕਾਇਆ ਕਲਪ ਕਰਨਾ ਅਤੇ ਸਰਬਪੱਖੀ ਇਨਕਲਾਬ ਲਿਆਉਣਾ ਸੀ। ਸਮੇਂ ਦੇ ਸਾਧਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੇਖੀਏ ਤਾਂ ਉਨ੍ਹਾਂ ਨੇ ਬਹੁਤ ਦੂਰ-ਦੂਰ ਤਕ ਜਾ ਕੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਵਿਚਾਰਧਾਰਾ ਇੰਨੀ ਸ਼ਕਤੀਸ਼ਾਲੀ ਸੀ ਕਿ ਇਹ ਨਿਰੰਤਰ ਵਿਕਾਸਸ਼ੀਲ ਤੇ ਸੰਘਰਸ਼ਸ਼ੀਲ ਰਹੀ ਹੈ। ਸਮੇਂ ਤੇ ਸਥਾਨ ਕਰਕੇ ਕਿਸੇ ਵੀ ਹੋਰ ਗੁਰੂ, ਪੀਰ ਪੈਗ਼ੰਬਰ ਦਾ ਇਤਿਹਾਸ ਇੰਨਾ ਵਿਸ਼ਾਲ ਅਤੇ ਸੰਘਰਸ਼ਪੂਰਨ ਨਹੀਂ ਹੈ। ਭਾਈ ਗੁਰਦਾਸ ਜੀ ਜਦੋਂ ਗੁਰੂ ਜੀ ਦੇ ਮਹਾਨ ਕਾਰਜਾਂ ਦਾ ਵਰਣਨ ਕਰਦੇ ਹਨ ਤਾਂ ਉਹ ਠੀਕ ਲਿਖਦੇ ਹਨ:
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ ੧:੨੪)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਸ੍ਰੀ ਕਲਿਆਣ ਚੰਦ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਜਗਤ ਦੇ ਉਧਾਰ ਵਾਸਤੇ ਇਕ ਵਿਸ਼ਵ-ਵਿਆਪੀ ਤੇ ਕ੍ਰਾਂਤੀਕਾਰੀ ਨਵੀਂ ਵਿਚਾਰਧਾਰਾ ਦਿੱਤੀ। ਇਸ ਵਿਚਾਰਧਾਰਾ ਦੀ ਬੁਨਿਆਦ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਦੇ ਤਿੰਨ ਨੁਕਤਿਆਂ ਵਾਲੇ ਸੁਨਹਿਰੀ ਸਿਧਾਂਤ ‘ਤੇ ਆਧਾਰਿਤ ਹੈ। ਅਨੇਕ ਪ੍ਰਕਾਰ ਦੀ ਸਾਧਨਾ, ਭੇਖਾਂ ਅਤੇ ਸਿਧਾਂਤਕ ਵਾਦ-ਵਿਵਾਦ ਨੇ ਧਰਮ ਦੀ ਗੁੱਥੀ ਇੰਨੀ ਗੁੰਝਲਦਾਰ ਕਰ ਦਿੱਤੀ ਸੀ ਕਿ ਸਾਧਾਰਨ ਮਨੁੱਖ ਲਈ ਧਰਮ ਨੂੰ ਸਮਝਣਾ ਅਸੰਭਵ ਹੋ ਗਿਆ ਸੀ। ਇਕ ਸਾਧਾਰਨ ਵਿਅਕਤੀ ਲਈ ਧਰਮ ਸਿਰਫ ਕਰਮਕਾਂਡ ਤਕ ਹੀ ਸੀਮਤ ਹੋ ਕੇ ਰਹਿ ਗਿਆ ਸੀ। ਸਮਾਜਿਕ ਤੌਰ ‘ਤੇ ਹਿੰਦੁਸਤਾਨ ਦੇ ਲੋਕ ਜਾਤ-ਪਾਤ, ਊਚ-ਨੀਚ ਅਤੇ ਭੇਦ-ਭਾਵ ਦੇ ਵਿਚਾਰਾਂ ਵਿਚ ਗ੍ਰਸੇ ਹੋਏ ਸਨ। ਇਸ ਤੋਂ ਇਲਾਵਾ ਇਸਲਾਮੀ ਰਾਜ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਸਨ। ਸਾਰੇ ਸਮਾਜ ਵਿਚ ਪਾਖੰਡੀ ਤੇ ਦੰਭੀ ਲੋਕਾਂ ਦਾ ਬੋਲ-ਬਾਲਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਆਪਣੀ ਬਾਣੀ ਵਿਚ ਵੀ ਉਸ ਵੇਲੇ ਦੇ ਹਾਲਾਤ ਦਾ ਵਰਣਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਾਜ਼ੀ, ਬ੍ਰਾਹਮਣ ਤੇ ਜੋਗੀ ਤਿੰਨੇ ਵਰਗ ਸਮਾਜ ‘ਤੇ ਹਾਵੀ ਸਨ ਅਤੇ ਲੋਕਾਂ ਨੂੰ ਭਰਮ-ਜਾਲ ਵਿਚ ਫਸਾ ਕੇ ਲੁੱਟ-ਖਸੁੱਟ ਕਰ ਰਹੇ ਸਨ। ਇਸ ਦੇ ਨਾਲ ਹੀ ਹਾਕਮ ਸ਼੍ਰੇਣੀ ਵੀ ਲੋਕ ਹਿੱਤਾਂ ਦਾ ਖਿਆਲ ਰੱਖਣ ਦੀ ਬਜਾਏ ਜ਼ੁਲਮ ਅਤੇ ਤਸ਼ੱਦਦ ਕਰ ਰਹੀ ਸੀ:
– ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ ੬੬੨)

– ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਪੰਨਾ ੧੪੫)
ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀ ਮਹਾਨ ਸ਼ਖ਼ਸੀਅਤ ਦਾ ਪ੍ਰਗਟ ਹੋਣਾ ਪ੍ਰਿਥਵੀ ਉੱਤੇ ਸੂਰਜ ਦੇ ਪ੍ਰਕਾਸ਼ ਹੋਣ ਸਮਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੰਨੀ ਵਿਸ਼ਾਲਤਾ, ਡੂੰਘਾਈ ਤੇ ਦਲੇਰੀ ਨਾਲ ਮਨੁੱਖਤਾ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਹੈ ਉਸ ਤੋਂ ਨਿਰੰਕਾਰ ਨਾਲ ਉਨ੍ਹਾਂ ਦੀ ਅਭੇਦਤਾ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ। ਉਹ ਮੋਹ-ਮਾਇਆ ਤੋਂ ਨਿਰਲੇਪ ਨਿਰੰਕਾਰ ਦਾ ਰੂਪ ਹੋ ਕੇ ਜਗਤ ਵਿਚ ਵਿਚਰੇ ਹਨ:
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥       (ਪੰਨਾ ੧੩੯੫)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਖਾਸ ਖਿੱਤੇ ਦੇ ਲੋਕਾਂ ਲਈ ਨਹੀਂ ਸਗੋਂ ਸਰਬ ਮਨੁੱਖਤਾ ਨੂੰ ਉਨ੍ਹਾਂ ਨੇ ਸਾਹਮਣੇ ਰੱਖਿਆ ਹੈ। ਉਨ੍ਹਾਂ ਨੇ ਅਧਿਆਤਮ ਤੋਂ ਇਲਾਵਾ ਸਮਾਜਿਕ, ਰਾਜਨੀਤੀ, ਆਰਥਿਕਤਾ, ਪ੍ਰਕਿਰਤੀ ਆਦਿਕ ਹੋਰ ਬਹੁਤ ਸਾਰੇ ਪੱਖਾਂ ਤੋਂ ਵੀ ਨਵੀਂ ਸੇਧ ਦਿੱਤੀ ਹੈ। ਉਸ ਵੇਲੇ ਦੇ ਸਮਾਜ ਅਤੇ ਧਰਮ ਵਿਚ ਵਿਖਾਵੇ ਤੇ ਫਿਰਕਾਪ੍ਰਸਤੀ ਦਾ ਜ਼ੋਰ ਸੀ। ਮਨੁੱਖ ਜਾਤੀ ਵਿੱਚੋਂ ਮਨੁੱਖਤਾ ਦਾ ਅੰਸ਼ ਅਲੋਪ ਹੋ ਗਿਆ ਸੀ। ਗੁਰੂ ਜੀ ਨੇ ਉੱਚੀ ਅਵਾਜ਼ ਵਿਚ ਇਹ ਐਲਾਨ ਕੀਤਾ:
ਨਾ ਕੋ ਹਿੰਦੂ ਨਾ ਕੋ ਮੁਸਲਮਾਨ।
ਉਨ੍ਹਾਂ ਨੇ ਪਰਮਾਤਮਾ ਦੇ ਵੱਖਰੇ-ਵੱਖਰੇ ਸਰੂਪਾਂ ਤੇ ਸੰਕਲਪ ਦੇ ਟਾਕਰੇ ‘ਤੇ ਇੱਕੋ ਅਕਾਲ ਪੁਰਖ ਤੇ ਜੂਨੀ ਰਹਿਤ ਨਿਰਾਕਾਰ ਪਰਮਾਤਮਾ ਦੀ ਹੋਂਦ ਦਾ ਗਿਆਨ ਦਿੱਤਾ। ਵੱਖ-ਵੱਖ ਪੂਜਾ-ਅਸਥਾਨਾਂ ਨੂੰ ਮਹੱਤਵ ਦੇਣ ਦੀ ਥਾਂ ਸਾਰੇ ਜਗਤ ਨੂੰ ਪਰਮਾਤਮਾ ਦੀ ਕੋਠੜੀ ਕਿਹਾ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ ੬੬੩)
ਪਰਮਾਤਮਾ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਪਹਿਲੀ ਵਾਰ ਸ਼ਬਦ- ਗੁਰੂ ਦਾ ਸਿਧਾਂਤ ਦਿੱਤਾ ਹੈ। ਗੁਰਮਤਿ ਅਨੁਸਾਰ ਸ਼ਬਦ ਦੀ ਅਗਵਾਈ ਤੇ ਸਾਧਨਾ ਨਾਲ ਹੀ ਸੁਰਤ ਪਰਮਾਤਮਾ ਦੇ ਮੰਡਲ ਤਕ ਪਹੁੰਚ ਸਕਦੀ ਹੈ। ਸਿੱਧਾਂ ਨਾਲ ਗੋਸ਼ਟ ਕਰਦਿਆਂ ਗੁਰੂ ਜੀ ਨੇ ਸ਼ਬਦ ਨੂੰ ਗੁਰੂ ਕਿਹਾ ਹੈ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ ੯੪੩)
ਪਰਮਾਤਮਾ ਦੇ ਸਬੰਧ ਵਿਚ ਗੁਰੂ ਜੀ ਨੇ ਅਵਤਾਰਵਾਦ, ਮੂਰਤੀ ਪੂਜਾ ਤੇ ਕਰਮਕਾਂਡ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਪਰਮਾਤਮਾ ਨੂੰ ਸਰਬਵਿਆਪੀ ਮੰਨਿਆ ਹੈ ਤੇ ਫੁਰਮਾਇਆ ਹੈ ਕਿ ਉਸ ਦੀ ਪੂਜਾ ਮਨ ਵਿਚ ਹੀ ਹੋ ਸਕਦੀ ਹੈ, ਬਾਹਰੀ ਸਾਧਨਾਂ ਨਾਲ ਨਹੀਂ:
ਤੇਰੀ ਮੂਰਤਿ ਏਕਾ ਬਹੁਤੁ ਰੂਪ॥
ਕਿਸੁ ਪੂਜ ਚੜਾਵਉ ਦੇਉ ਧੂਪ॥ (ਪੰਨਾ ੧੧੬੮)
ਭਾਰਤੀ ਸਮਾਜ ਉਸ ਵੇਲੇ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ। ਵਰਣ- ਵੰਡ ਕਰਕੇ ਹੀ ਲੋਕਾਂ ਵਿਚ ਊਚ-ਨੀਚ ਅਤੇ ਛੂਤ-ਛਾਤ ਦੀ ਭਾਵਨਾ ਭਰੀ ਹੋਈ ਸੀ। ਬ੍ਰਾਹਮਣ ਤੇ ਖੱਤਰੀ ਆਪਣੇ-ਆਪ ਨੂੰ ਉੱਚ ਜਾਤੀ ਦੇ ਅਤੇ ਪਵਿੱਤਰ ਸਮਝਦੇ ਸਨ। ਸ਼ੂਦਰਾਂ ਨੂੰ ਨੀਵਾਂ ਵਰਗ ਅਤੇ ਅਛੂਤ ਸਮਝਿਆ ਜਾਂਦਾ ਸੀ। ਉਨ੍ਹਾਂ ਨੂੰ ਰੱਬੀ ਗਿਆਨ ਦੇ ਯੋਗ ਨਹੀਂ ਸੀ ਸਮਝਿਆ ਜਾਂਦਾ। ਗੁਰੂ ਜੀ ਨੇ ਦੱਸਿਆ ਕਿ ਸਭਨਾਂ ਜੀਵਾਂ ਦੀ ਓਟ ਤੇ ਆਸਰਾ ਇੱਕੋ ਪਰਮਾਤਮਾ ਹੈ:
ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥ (ਪੰਨਾ ੮੩)
ਗੁਰੂ ਜੀ ਨੇ ਮਨੁੱਖਤਾ ਨੂੰ ਮੁਕਤੀ ਦਾ ਸਰਲ ਅਤੇ ਸੌਖਾ ਰਾਹ ਦੱਸਿਆ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਉਨ੍ਹਾਂ ਸਮੂਹ ਪ੍ਰਚਲਤ ਕਰਮਕਾਂਡਾਂ ਨੂੰ ਰੱਦ ਕਰਕੇ ਹੁਕਮ/ਰਜ਼ਾ ਵਿਚ ਰਹਿੰਦਿਆਂ, ਗ੍ਰਿਹਸਤੀ ਜੀਵਨ ਜੀਂਦਿਆਂ ਸ਼ਬਦ-ਸੁਰਤਿ ਦੁਆਰਾ ਜੀਵਨ-ਮੁਕਤਿ ਹੋ ਕੇ ਸਚਿਆਰ ਬਣਨ ਦਾ ਸੰਦੇਸ਼ ਦਿੱਤਾ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ ੧)
ਆਤਮਿਕ ਵਿਕਾਸ ਦੇ ਸਫਰ ਵਿਚ ਉਨ੍ਹਾਂ ਨੇ ਮਨੁੱਖੀ ਗਿਆਨ ਮਹੱਤਵਹੀਣ ਗੱਲਾਂ ਦੇ ਤੰਗ ਦਾਇਰੇ ਵਿੱਚੋਂ ਕੱਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵੱਲ ਧਿਆਨ ਦਿਵਾਇਆ। ਅੱਜ ਦੁਨੀਆਂ ਦੇ ਵਿਗਿਆਨੀ ਪ੍ਰਕਿਰਤੀ ਦੀ ਅਨੰਤਤਾ ਨੂੰ ਜਾਣਨ ਲਈ ਤੇ ਕੁਦਰਤ ਦੇ ਭੇਦ ਲੱਭਣ ਲਈ ਪੂਰੀ ਵਾਹ ਲਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਹੀ ਲੱਖਾਂ ਪਾਤਾਲਾਂ, ਆਕਾਸਾਂ ਅਤੇ ਬੇਅੰਤ ਸੂਰਜਾਂ, ਚੰਦਾਂ ਤੇ ਮੰਡਲਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ:
– ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (ਪੰਨਾ ੫)

– ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ (ਪੰਨਾ ੭)
ਗੁਰੂ ਜੀ ਨੇ ਅਖੌਤੀ ਨੀਚ ਜਾਤ ਕਿਰਤੀ ਵਰਗ ਦੇ ਲੋਕਾਂ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ। ਉਨ੍ਹਾਂ ਨੇ ਮਲਕ ਭਾਗੋ ਦੇ ਪੂੜਿਆਂ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਉਤਮ ਸਮਝਿਆ ਸੀ। ਨੀਚ ਸਮਝੀ ਜਾਂਦੀ ਜਾਤੀ ਨਾਲ ਸੰਬੰਧਿਤ ਭਾਈ ਮਰਦਾਨੇ ਨੂੰ ਆਪਣਾ ਪੱਕਾ ਸਾਥੀ ‘ਭਾਈ’ ਬਣਾ ਲਿਆ ਸੀ। ਗੁਰੂ ਜੀ ਨੇ ਜਾਤ ਦੀ ਥਾਂ ਜੋਤ ਨੂੰ ਮਾਨਤਾ ਤੇ ਮਹਾਨਤਾ ਪ੍ਰਦਾਨ ਕੀਤੀ ਤੇ ਫੁਰਮਾਇਆ:
– ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥   (ਪੰਨਾ ੧੫)

– ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ ੩੪੯)
ਉਸ ਵੇਲੇ ਸਾਰੇ ਪੂਰਵ ਪ੍ਰਚਲਤ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵਿਚ ਫੋਕਟ ਕਰਮਕਾਂਡ ਅਤੇ ਦਿਖਾਵਾ ਛਾਇਆ ਹੋਇਆ ਸੀ ਅਤੇ ਅਨੇਕ ਕੁਰੀਤੀਆਂ ਤੇ ਗਲਤ ਵਿਸ਼ਵਾਸ ਪੈਦਾ ਹੋ ਚੁੱਕੇ ਸਨ। ਗੁਰੂ ਜੀ ਨੇ ਸਭ ਕੁਰੀਤੀਆਂ ਦਾ ਖੰਡਨ ਜ਼ੋਰਦਾਰ ਸ਼ਬਦਾਂ ਵਿਚ ਫੁਰਮਾਇਆ ਹੈ:
– ਪਾਂਡੇ ਐਸਾ ਬ੍ਰਹਮ ਬੀਚਾਰੁ॥
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ॥ (ਪੰਨਾ ੩੫੫)

– ਮਰਣਾ ਮੁਲਾ ਮਰਣਾ॥ ਭੀ ਕਰਤਾਰਹੁ ਡਰਣਾ॥੧॥ਰਹਾਉ॥
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ॥ (ਪੰਨਾ ੨੪)

– ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥……
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥ (ਪੰਨਾ ੭੩੦)
ਉਨ੍ਹਾਂ ਨੇ ਤੀਰਥ ਯਾਤਰਾ, ਵਰਤ, ਜਨੇਊ, ਪਿਤਰ-ਪੂਜਾ ਤੇ ਸਰਾਧ ਆਦਿ ਰਸਮਾਂ ਰਾਹੀਂ ਲੋਕਾਂ ਦੀ ਲੁੱਟ ਕਰਨ ਲਈ ਕੀਤੇ ਜਾਣ ਵਾਲੇ ਪਾਖੰਡ ਆਡੰਬਰ ਨੂੰ ਰੱਦ ਕੀਤਾ:
– ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ (ਪੰਨਾ ੪੭੧)
– ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ ੪੭੨)
ਆਰਥਿਕ ਪੱਖ ਤੋਂ ਵੀ ਉਸ ਵੇਲੇ ਦਾ ਸਮਾਜ ਡਾਵਾਂ-ਡੋਲ ਸੀ। ਇਸ ਦਾ ਵੱਡਾ ਕਾਰਨ ਉੱਚ ਸ਼੍ਰੇਣੀਆਂ ਤੇ ਹਾਕਮਾਂ ਵੱਲੋ ਂ ਕੀਤੀ ਜਾਂਦੀ ਲੁੱਟ-ਖਸੁੱਟ ਸੀ। ਲੋਕਾਂ ਵਿਚ ਕੰਮ ਕਰਨ ਦੀ ਭਾਵਨਾ ਦੀ ਅਣਹੋਂਦ ਸੀ। ਗੁਰੂ ਜੀ ਨੇ ਲੋਕਾਂ ਦੀ ਲੁੱਟ-ਖਸੁੱਟ ਦੀ ਨਿਖੇਧੀ ਕੀਤੀ ਅਤੇ ਕਿਰਤ ਕਰਨ ਤੇ ਵੰਡ ਛਕਣ ਦੀ ਪ੍ਰੇਰਨਾ ਦਿੱਤੀ ਹੈ:
– ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ@ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ@ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ ੧੨੮੮)

– ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)
ਉਨ੍ਹਾਂ ਨੇ ਆਪਣੇ ਇਲਾਕੇ ਵਿਚ ਹੀ ਪ੍ਰਚਾਰ ਨਹੀਂ ਕੀਤਾ ਸਗੋਂ ਦੂਰ-ਦੂਰ ਦੇ ਦੇਸ਼ਾਂ ਦਾ ਭ੍ਰਮਣ ਕਰ ਕੇ ਸੱਚ ਦਾ ਸੰਦੇਸ਼ ਸੁਣਾਇਆ। ਪਹਿਲੀ ਉਦਾਸੀ ਵਿਚ ਉਹ ਢਾਕਾ, ਆਸਾਮ ਤਕ ਗਏ। ਦੂਜੀ ਉਦਾਸੀ ਵਿਚ ਉਹ ਲੰਕਾ ਤਕ ਪਹੁੰਚ ਕੇ ਵਾਪਸ ਆਏ। ਤੀਜੀ ਉਦਾਸੀ ਉਨ੍ਹਾਂ ਪੱਛਮੀ ਮੁਲਕਾਂ ਦੀ ਕੀਤੀ। ਇਸ ਦੌਰਾਨ ਉਹ ਪਹਾੜੀ ਇਲਾਕਿਆਂ ਵਿਚ ਤਿੱਬਤ ਤਕ ਗਏ। ਚੌਥੀ ਉਦਾਸੀ ਵਿਚ ਉਹ ਮੱਕਾ ਮਦੀਨਾ, ਬਗਦਾਦ, ਕਾਬਲ ਆਦਿ ਸਥਾਨਾਂ ‘ਤੇ ਗਏ। ਆਪਣੀਆਂ ਉਦਾਸੀਆਂ ਦੌਰਾਨ ਉਨ੍ਹਾਂ ਨੇ ਆਪਣੇ-ਆਪਣੇ ਇਲਾਕੇ ਦੇ ਪੰਡਤਾਂ, ਕਾਜ਼ੀਆਂ, ਜੋਗੀਆਂ, ਨਾਥਾਂ, ਵਲੀਆਂ, ਪੀਰ-ਫਕੀਰਾਂ ਨਾਲ ਵਿਚਾਰ ਗੋਸ਼ਟੀਆਂ ਕਰ ਕੇ ਰੱਬ ਦੀ ਸਰਬ ਵਿਆਪਕਤਾ ਤੇ ਸਾਂਝੀਵਾਲਤਾ ਦਾ ਸਿਧਾਂਤ ਸਪਸ਼ਟ ਕੀਤਾ।
ਗੁਰੂ ਜੀ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਲੰਬਰਦਾਰ ਸਨ। ਸੰਸਾਰ ਦੇ ਇਤਿਹਾਸ ਵਿਚ ਅਜਿਹੀ ਭਾਵਨਾ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੀ ਦੇਖਣ ਨੂੰ ਮਿਲਦੀ ਹੈ। ਬਾਬਰ ਦੇ ਹਮਲੇ ਵੇਲੇ ਉਨ੍ਹਾਂ ਨੇ ਏਮਨਾਬਾਦ ਵਿਚ ਲੋਕਾਂ ‘ਤੇ ਬਹੁਤ ਜ਼ੁਲਮ ਹੁੰਦੇ ਵੇਖੇ। ਗੁਰੂ ਜੀ ਨੇ ਇਨ੍ਹਾਂ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਨੇ ਬਾਬਰ ਦੀ ਫੌਜ ਨੂੰ ‘ਪਾਪ ਕੀ ਜੰਞ’ ਕਿਹਾ ਸੀ:
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ ੭੨੨)
ਉਸ ਸਮੇਂ ਵਿਚ ਇਸਤਰੀ ਜਾਤੀ ਦਾ ਕੋਈ  ਮਹੱਤਵ ਨਹੀਂ ਸਮਝਿਆ ਜਾਂਦਾ ਸੀ। ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਧਰਮ ਦੇ ਖੇਤਰ ਵਿਚ ਵੀ ਇਸਤਰੀ ਨੂੰ ਬਰਾਬਰੀ ਦਾ ਦਰਜਾ ਪ੍ਰਾਪਤ ਨਹੀਂ ਸੀ। ਗੁਰੂ ਜੀ ਨੇ ਇਸਤਰੀ ਦੇ ਹੱਕ ਵਿਚ ਅਵਾਜ਼ ਉਠਾਈ ਤੇ ਉਸ ਨੂੰ ਮੰਦਾ ਕਹਿਣ ਦੀ ਨਿਖੇਧੀ ਕਰਦਿਆਂ ਲਿਖਿਆ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥              (ਪੰਨਾ ੪੭੩)
ਗੁਰੂ ਜੀ ਪਰਮਾਤਮਾ ਨੂੰ ਕੁਦਰਤ ਵਿਚ ਵੱਸਿਆ ਵੇਖਦੇ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਹਵਾ, ਪਾਣੀ ਤੇ ਅਗਨੀ ਵੀ ਪਰਮਾਤਮਾ ਦੇ ਹੀ ਗੁਣ ਗਾਉਂਦੇ ਹਨ। ਕੁਦਰਤ ਨੂੰ ਵੇਖ-ਵੇਖ ਕੇ ਉਹ ਕਾਦਰ ਤੋਂ ਬਲਿਹਾਰ ਜਾਂਦੇ ਹਨ। ਕੁਦਰਤ ਦੀ ਖੇਡ ਉਨ੍ਹਾਂ ਲਈ ਅਜਿਹੀ ਕਿਰਿਆ ਹੈ ਜਿਸ ਤੋਂ ਵਿਸਮਾਦ ਉਪਜਦਾ ਹੈ। ਇਸ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਦਾ ਮਨ ਨਿਰੰਕਾਰ ਨਾਲ ਤੇ ਪ੍ਰਕਿਰਤੀ ਨਾਲ ਇਕਸੁਰ ਸੀ। ਗੁਰੂ ਜੀ ਨੇ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਅਨੇਕ ਥਾਂ ਜ਼ਿਕਰ ਕੀਤਾ ਹੈ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਲੱਖਾਂ ਪਾਤਾਲ ਤੇ ਆਕਾਸ਼ ਹਨ। ਇਸ ਧਰਤੀ ਨੂੰ ਗੁਰੂ ਜੀ ਨੇ ‘ਧਰਮਸਾਲ’ ਆਖਿਆ ਹੈ।
ਗੁਰੂ ਜੀ ਨੇ ਜੀਵ ਨੂੰ ਆਪਣਾ ਅਹਾਰ, ਲਿਬਾਸ, ਸਵਾਰੀ ਤੇ ਵਿਸ਼ਰਾਮ ਅਜਿਹਾ ਰੱਖਣ ਦਾ ਉਪਦੇਸ਼ ਕੀਤਾ ਹੈ ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਾ ਹੋਵੇ ਤੇ ਮਨ ਵਿਚ ਬੁਰੇ ਵਿਚਾਰ ਨਾ ਆਉਣ। ਉਨ੍ਹਾਂ ਨੇ ਨਸ਼ਿਆਂ ਤੋਂ ਵਿਸ਼ੇਸ਼ ਕਰਕੇ ਮਨਾਹੀ ਕੀਤੀ ਹੈ ਕਿਉਂਕਿ ਨਸ਼ੇ ਖਾਣ ਵਾਲਾ ਕਦੇ ਵੀ ਨਾਮ-ਅੰਮ੍ਰਿਤ ਦਾ ਵਪਾਰੀ ਨਹੀਂ ਹੋ ਸਕਦਾ। ਉਨ੍ਹਾਂ ਨੇ ਫੁਰਮਾਇਆ ਹੈ:
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ॥
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥          (ਪੰਨਾ ੩੬੦)
ਗੁਰੂ ਜੀ ਨੇ ਸਹਿ-ਹੋਂਦ ਦੀ ਭਾਵਨਾ ‘ਤੇ ਵੀ ਜ਼ੋਰ ਦਿੱਤਾ ਹੈ। ਧਰਤੀ ‘ਤੇ ਸਾਰਾ ਜੀਵਨ ਨਿਰੰਕਾਰ ਦੀ ਇੱਛਾ ਨਾਲ ਪੈਦਾ ਹੋਇਆ ਹੈ। ਮਨੁੱਖ ਨੇ ਆਪੋ ਵਿਚ ਅਤੇ ਹੋਰ ਜੀਵਾਂ ਵਿਚ ਮਿਲ ਕੇ ਹੀ ਇਸ ਧਰਤੀ ‘ਤੇ ਵੱਸਣਾ ਹੈ। ਉਸ ਨੂੰ ਹਿੰਸਾ, ਲੋਭ ਤੇ ਅਭਿਮਾਨ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਾਰੇ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ। ਗੁਰੂ ਜੀ ਅਨੁਸਾਰ ਅਜਿਹਾ ਸਾਧਕ ਹੀ ਬ੍ਰਹਮ ਗਿਆਨ ਪ੍ਰਾਪਤ ਕਰ ਸਕਦਾ ਹੈ:
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥       (ਪੰਨਾ ੯੪੦)
ਗੁਰੂ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ ਹੈ। ਉਨ੍ਹਾਂ ਦਾ ਗਿਆਨ ਸਾਰੀ ਮਨੁੱਖਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ ਮਨੁੱਖ ਅਜੇ ਵੀ ਇਸ ਪੱਧਰ ਤਕ ਨਹੀਂ ਪਹੁੰਚ ਸਕਿਆ ਹੈ। ਅੱਜ ਦਾ ਮਨੁੱਖ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਹੈ ਅਤੇ ਨਾ ਹੀ ਵੱਖ-ਵੱਖ ਧਰਮਾਂ ਦੀ ਸੋਚ ਤੋਂ ਉੱਪਰ ਉਠ ਸਕਿਆ ਹੈ। ਇਸ ਤੋਂ ਇਲਾਵਾ ਹਿੰਸਾ, ਨਸ਼ੇ ਅਤੇ ਹੋਰ ਬੁਰਾਈਆਂ, ਪ੍ਰਕਿਰਤੀ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰ ‘ਤੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਮਨੁੱਖਤਾ ਸੁਖੀ ਵੱਸਦੀ ਰਹੇ। ਸੋ ਆਉ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ, ਆਪਣਾ ਲੋਕ-ਪਰਲੋਕ ਸੁਹੇਲਾ ਕਰੀਏ!

 
 
 

ਮਹੱਤਵਪੂਰਨ ਲਿੰਕ / Important Links

tenders recruitments recruitments results education
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

 

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।

 

 
 
 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
error: Content is protected !!