No announcement available or all announcement expired.

ਵਿਸਾਖੀ: ਖ਼ਾਲਸਾ ਪੰਥ ਦੀ ਸਾਜਣਾ ਦਾ ਇਤਿਹਾਸਕ ਪੁਰਬ

ਵਿਸਾਖੀ: ਖ਼ਾਲਸਾ ਪੰਥ ਦੀ ਸਾਜਣਾ ਦਾ ਇਤਿਹਾਸਕ ਪੁਰਬ

ਜਥੇ: ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

                        ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਤਾਂ ਵਿਸਾਖੀ ਦਿਵਸ ਨੂੰ ਨਵ-ਜਾਗਰਤੀ ਦਾ ਦਿਵਸ ਵੀ ਸਵੀਕਾਰ ਕੀਤਾ ਗਿਆ ਹੈ। ਇਸ ਪਾਵਨ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਚਰਨੁ ਪਾਹੁਲ ਦੀ ਜਗ੍ਹਾ ਖੰਡੇ ਬਾਟੇ ਦੇ ਅੰਮ੍ਰਿਤ ਦਾ ਪ੍ਰਵਾਹ ਸ਼ੁਰੂ ਹੋਇਆ। ਇਸ ਅੰਮ੍ਰਿਤ ਦੇ ਛਕਣ ਨਾਲ ਇਕ ਨਵੀਂ ਕੌਮ ਖਾਲਸਾ ਪੰਥ ਦਾ ਜਨਮ ਹੋਇਆ। ਸੰਸਾਰ ਦੇ ਇਤਿਹਾਸ ਵਿਚ ਕਿਸੇ ਕੌਮ ਦਾ ਜਨਮ ਦਿਨ ਨਹੀਂ ਮਿਥਿਆ ਨਹੀਂ ਜਾ ਸਕਦਾ। ਸਮਾਂ ਪਾ ਕੇ ਉਨ੍ਹਾਂ ਦੀ ਰੂਪ-ਰੇਖਾ ਬਣੀ ਉਨ੍ਹਾਂ ਨੂੰ ਬਣਾਉਣ ਵਾਲੇ ਉਨ੍ਹਾਂ ਦੇ ਰਹਿਬਰ ਆਪ ਨਹੀਂ ਸਨ, ਸਗੋਂ ਮਗਰੋਂ ਜਾ ਕੇ ਉਨ੍ਹਾਂ ਨੇ ਕੌਮ ਦਾ ਰੂਪ ਧਾਰਣ ਕੀਤਾ। ਵਿਸਾਖੀ ਦਾ ਦਿਨ ਸਿੱਖ ਕੌਮ ਦੇ ਸਿਰਜਨਾ ਦਿਵਸ ਦੇ ਸਰੂਪ ਵਿਚ ਨਿਯਤ ਹੈ। ਇਸ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਆਪ ਆਖਰੀ ਛੋਹ ਦੇ ਕੇ ਨਿਆਰਾ ਰੂਪ ਸਥਾਪਿਤ ਕੀਤਾ। ਸਿਰ ਧਰਿ ਤਲੀ ਗਲੀ ਮੇਰੀ ਆਉ ਅਤੇ ਸਿਰ ਦੀਜੈ ਕਾਣ ਨ ਕੀਜੇ ਦਾ ਜਾਪ ਕਰਦੇ ਆ ਰਹੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਹਾੜੇ ਇਕ ਕਠਿਨ ਇਤਿਹਾਸਕ ਪ੍ਰੀਖਿਆ ਰਾਹੀਂ ਖਾਲਸੇ ਦੇ ਰੂਪ ਵਿਚ ਪੂਰਨ ਮਨੁੱਖ ਬਣਾ ਦਿੱਤਾ।

 

                        ਵਿਸਾਖੀ ਪੁਰਬ ਨੂੰ ਸਿੱਖ ਸਿਮ੍ਰਤੀ ਦਾ ਵਿਸ਼ੇਸ਼ ਅੰਗ ਬਣਾਉਣ ਦੇ ਮਕਸਦ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699 ਦੀ ਵਿਸਾਖੀ ਪੁਰਬ ਤੇ ਸੰਗਤਾਂ ਨੂੰ ਵੱਡੀ ਤਾਦਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਹੁੰਮ ਹੁੰਮਾ ਕੇ ਪੁੱਜਣ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ:

 

ਬੈਸਾਖੀ ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ।

ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ। (ਸ੍ਰੀ ਗੁਰ ਸੋਭਾ)

 

1699 ਈ: ਦੀ ਵਿਸਾਖੀ ਨੂੰ ਕੇਸਗੜ੍ਹ ਵਿਖੇ ਇਕ ਭਾਰੀ ਦੀਵਾਨ ਸਜ ਗਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ਤੋਂ ਕੱਢ ਕੇ ਗਰਜ ਕੇ ਕਿਹਾ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆ, ਨਿਸ਼ਾਨਿਆ ਲਈ ਜਾਨ ਵਾਰਨ ਲਈ ਤਿਆਰ ਹੋਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ। ਤੀਜੀ ਵਾਰ ਅਵਾਜ ਦੇਣ ਤੇ ਲਾਹੌਰ ਦੇ ਭਾਈ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੂ ਜੀ ਉਸਨੂੰ ਨਾਲ ਲੱਗੇ ਛੋਟੇ ਤੰਬੂ ਵਿਚ ਲੈ ਗਏ। ਦੀਵਾਨ ਵਿਚ ਬੈਠੀ ਸੰਗਤ ਨੇ ਕੋਈ ਚੀਜ਼ ਜਮੀਨ ਤੇ ਡਿੱਗਣ ਦੀ ਅਵਾਜ ਸੁਣੀ। ਸੰਗਤ ਵਿਚ ਆ ਕੇ ਖੁੂਨ ਨਾਲ ਭਰੀ ਕ੍ਰਿਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਇਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਦਾਸ ਜੀ ਆਏ। ਤੀਜੀ ਵਾਰ ਜਗਨਨਾਥ ਪੁਰੀ (ਉੜੀਸਾ) ਦੇ ਇਕ ਰਸੋਈਏ ਸਿੱਖ ਹਿੰਮਤ ਰਾਇ, ਚੌਥੀ ਵਾਰ ਦੁਵਾਰਕਾ (ਗੁਜਰਾਤ) ਦੇ ਇਕ ਛੀਬੇ ਮੋਹਕਮ ਚੰਦ ਤੇ ਪੰਜਵੀਂ ਵਾਰ ਬਿਦਰ (ਕਰਨਾਟਕ) ਦੇ ਇਕ ਨਾਈ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ।

                        ਗੁਰੂ ਜੀ ਉਹਨਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਸੰਗਤਾਂ ਸਾਹਮਣੇ ਲੈ ਆਏ। ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਸਿੱਖਾਂ ਨੂੰ ਛਕਾ ਕੇ ਸਿੰਘ ਦਾ ਲਕਬ ਦਿੱਤਾ ਅਤੇ ਪੰਜਾ ਪਿਆਰਿਆਂ ਦੀ ਪਦਵੀਂ ਦਿੱਤੀ। ਫਿਰ ਆਪ ਉਹਨਾਂ ਪਾਸੋਂ ਅੰਮ੍ਰਿਤ ਛਕਿਆ ਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਇਨਕਲਾਬੀ ਕਦਮ ਚੁੱਕਿਆ ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਸ ਅਲੌਕਿਕ ਵਰਤਾਰੇ ਨੂੰ ਭਾਵ ਪੂਰਕ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਕਿਹਾ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਣ ਤੋਂ ਹੇਠਾਂ ਉੱਤਰ ਆਏ ਤੇ ਸਭਨਾਂ ਦੇ ਵੇਖਦੇ-ਵੇਖਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸੋ। ਹੁਣ ਜੱਟ, ਗੈਰ ਜੱਟ, ਉੱਚੇ-ਨੀਵੇਂ ਗੁਰੂ ਚੇਲੇ ਦਾ ਕੋਈ ਅੰਤਰ ਨਹੀਂ ਰਹਿਆ:

 

ਉਤਰ ਸਿੰਘਾਸਨ ਜੁਗ ਕਰ ਜੋਰੀ। ਅੰਮ੍ਰਿਤ ਲੇਤ ਆਪ ਸੁਖ ਗੋਰੀ।

ਬੈਸ ਸੂਦਰ ਏ ਜਾਟ ਅਪਾਰਾ। ਤਾ ਕੋ ਪੰਥ ਮਾਹ ਮੈ ਧਾਰਾ।

ਸਭ ਜਗ ਰਾਜ ਤੋਹਿ ਕੋ ਦੀਨਾ। ਪੁੰਨ ਬਿਧਿ ਸੋ ਤੁਮ ਦੋ ਗੁਰ ਕੀਨਾ। (ਗੁਰ ਸੋਭਾ)

 

                        ਇਹ ਨਿਮਰਤਾ ਭਰੇ ਬਚਨ ਸੁਣ ਕੇ ਪੰਜ ਪਿਆਰੇ ਚੁੱਪ ਹੋ ਗਏ। ਬਾਅਦ ਵਿਚ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਤੁਹਾਡੇ ਚਰਨਾਂ ਕਰਕੇ ਅਸੀਂ ਇਹ ਮਰਤਬਾ ਪ੍ਰਾਪਤ ਕੀਤਾ ਹੈ। ਇਹ ਅਸੀਂ ਕਿਵੇਂ ਕਰੀਏ ਗੁਰ ਚੇਲੇ ਦੀ ਵਿੱਥ ਮਿਟਾਉਣ ਵਾਲੇ ਪਾਤਸ਼ਾਹ ਨੇ ਕਿਹਾ: ਸਾਵਧਾਨ ਹੋ ਕੇ ਅੰਮ੍ਰਿਤ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ ਸੰਸਾ ਨਾ ਕਰਉ ਇਹ ਪੰਥ ਵਾਹਿਗੁਰੂ ਨੇ ਸਾਜਿਆ ਹੈ। ਮੈਂ ਵੀ ਉਸਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਸਾਵਧਾਨ ਹੋ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ। ਮੈਨੂੰ ਵੀ ਅੰਮ੍ਰਿਤ ਉਸੇ ਤਰ੍ਹਾਂ ਪਾਣ ਕਰਾਉ ਜਿਵੇਂ ਤੁਸੀਂ ਛਕਿਆ ਹੈ। ਆਪਣੇ ਨਾਲ ਰਲਾ ਕੇ ਮੇਰੇ ਤੇ ਵੀ ਖਾਲਸਾ ਹੋਣ ਦੀ ਮੋਹਰ ਲਗਾਉ। ਜਿਵੇਂ ਗੁਰੂ ਤੇਗ ਬਹਾਦਰ ਜੀ ਤੇ ਮੇਰੇ ਵਿਚ ਅੰਤਰ ਨਹੀਂ ਤੁਹਾਡੇ ਅਤੇ ਮੇਰੇ ਵਿਚ ਵੀ ਕੋਈ ਫਰਕ ਨਹੀਂ ਹੈ:

 

ਜਾ ਵਿਧਿ ਅੰਮ੍ਰਿਤ ਤੁਮ ਗੁਰ ਪਾਯੋ। ਤੈਸੇ ਮੋਹਿ ਮਿਲਾਯੋ ਭਾਯੋ।

ਓਤ ਪੋਤ ਗੁਰ ਸਿਖ ਜਦ ਜਾਨੋ। ਜੈਸੇ ਨੋਮ ਗੁਰ ਸੰਗ ਸੋ ਮਾਨੋ।

(ਗੁਰ ਬਿਲਾਸ ਪਾਤਸ਼ਾਹੀ ਦਸਵੀਂ)

 

ਇਸ ਪਾਵਨ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਹਿਮਦ ਸ਼ਾਹ ਬਟਾਲਵੀ ਜੋ ਔਰੰਗਜੇਬ ਦਾ ਖਬਰ-ਨਵੀਸ ਸੀ, ਉਹ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੋਇਆ ਲਿਖਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ, “ਮੈ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ ਉੱਤੇ ਚੱਲੋ ਇਕੋ ਧਰਮ ਅਪਣਾਉ ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ ਜਿੰਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ। ਜੜ੍ਹੋ ਹੀ ਮੁਕਾ ਦਿਓ ਅਤੇ ਇਕ ਦੂਜੇ ਨਾਲ ਖੁੱਲ ਕੇ ਮਿਲੋ। ਕੋਈ ਇਕ ਦੂਜੇ ਨਾਲੋਂ ਆਪਣੇ ਆਪ ਨੂੰ ਉੱਚਾ ਜਾਂ ਵੱਡਾ ਨਾ ਸਮਝੇ ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ ਗੁਰੂ ਨਾਨਕ ਅਤੇ ਬਾਕੀ ਗੁਰੂਆ ਤੇ ਵਿਸ਼ਵਾਸ ਲਿਆਉ, ਸਾਰੇ ਇਕੋ ਖੰਡੇ ਬਾਟੇ ਵਿੱਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਨੂੰ ਪਿਆਰ ਕਰੋ।” ਫਿਰ ਆਪ ਜੀ ਨੇ ਰਹਿਤ ਮਰਿਆਦਾ ਦ੍ਰਿੜ ਕਰਵਾਈ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ:

 

ਕਰ ਅਰਦਾਸ ਰਹਤ ਕੀ ਭਲੇ। ਪੰਚਾਮ੍ਰਿਤ ਅਡਿ ਪਾਚਉ ਮਿਲੇ।

ਜਾਤ ਪਾਤ ਕੋ ਭੇਦ ਨ ਕੋਈ। ਚਾਰ ਬਰਨ ਅਚਵਹਿ ਇਕ ਹੋਈ।

ਮਤਿ ਊਚੀ ਰਾਖਹੁ ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁਖ ਸੀਵਾਂ।

ਗੌਰ ਮੜ੍ਹੀ ਅਰ ਪੰਥ ਅਨੇਕਾਂ। ਆਨ ਨ ਮਾਨਹਿ ਰਾਖ ਵਿਵੇਕਾ।

(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਤੇ ਅਨੇਕਾਂ ਬਖਸਿਸਾਂ ਕਰਦਿਆਂ ਫੁਰਮਾਇਆ ਕਿ ਖਾਲਸਾ ਅਕਾਲ ਪੁਰਖ ਦਾ ਤਸੱਵਰ ਅਤੇ ਸਰੂਪ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ:

 

ਖਾਲਸਾ ਮੇਰਾ ਮੁਖ ਹੈ ਅੰਗਾ।

ਖਾਲਸੇ ਕੋ ਹਉ ਸਦ ਸਦ ਸੰਗਾ।  (ਸਰਬ ਲੋਹ ਗ੍ਰੰਥ)

 

ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਜਿਹੜਾ ਅਲੌਕਿਕ ਚਮਤਕਾਰ ਕੀਤਾ ਉਸਨੂੰ ਸਿਰਫ ਭਾਰਤ ਵਾਸੀਆਂ ਨੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਸ ਇਤਿਹਾਸਕ ਚਮਤਕਾਰ ਦੇ ਤੌਰ ਤੇ ਬੜੀ ਅਸਚਰਜਤਾ ਨਾਲ ਮਹਿਸੂਸ ਕੀਤਾ ਗਿਆ।

ਇਬਸਟਨ ਨੇ ਠੀਕ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਧਰਮ ਸਿਆਸੀ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿਚ ਇਕ ਵੱਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਕਦੇ ਨਹੀਂ ਵੇਖੀ ਸੀ। ਨੀਵੀਂ ਜਾਤ ਦੇ ਲੋਕਾਂ ਜਿਨ੍ਹਾਂ ਨੇ ਕਦੇ ਸ਼ਸ਼ਤਰਾਂ ਨੂੰ ਹੱਥ ਤੱਕ ਨਹੀਂ ਸੀ ਲਗਾਇਆ ਗੁਰੂ ਜੀ ਦੀ ਅਗਵਾਈ ਹੇਠਾਂ ਉਨ੍ਹਾਂ ਨੇ ਨਿਰੀ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਦੇਸ਼ ਲਈ ਆਪਾ ਵਾਰਨ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਸਿੱਖਾਂ ਵਿੱਚੋਂ ਨਿਜਵਾਦ ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਨਿਰਾਸ਼ਾਵਾਦੀ ਸਮਾਜ ਵਿਚ ਜੁਅਰਤ ਵਾਲਾ ਵਾਤਾਵਰਣ ਪੈਦਾ ਹੋ ਗਿਆ। ਸਿੱਖਾਂ ਵਿਚ ਇਹੋ ਜਿਹੇ ਗੁਣ ਆ ਗਏ ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚਟਾਨ ਬਣ ਖੜ ਜਾਂਦੇ, ਬੰਦ-ਬੰਦ ਕਟਵਾ ਕੇ ਖੋਪਰ ਲੁਹਾ ਲੈਂਦੇ ਪਰ ਸਿੱਖੀ ਆਦਰਸ਼ ਨੂੰ ਕਦੇ ਨਾ ਛੱਡਦੇ।

ਅੱਜ ਦੇ ਇਸ ਮੁਬਾਰਕ ਅਵਸਰ ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੇ ਨਿਮਾਣੇ ਸੇਵਾਦਾਰ ਦੇ ਰੂਪ ਵਿਚ ਸੰਸਾਰ ਵਿਚ ਪਸਰੇ ਖਾਲਸਾ ਪੰਥ ਅਤੇ ਸੰਸਾਰ ਦੇ ਸਰਬੱਤ ਪ੍ਰਾਣੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਇਹ ਅਵਸਰ ਸਾਡੇ ਲਈ ਆਤਮ ਚਿੰਤਨ ਅਤੇ ਸਵੈ-ਪੜਚੋਲ ਦਾ ਵੀ ਹੈ। ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿਧਾਂਤਕ ਤੇ ਵਿਚਾਰਧਾਰਾ ਦੇ ਰੂਪ ਵਿਚ ਸਾਡੇ ਪਾਸ ਅਮੀਰ ਵਿਰਾਸਤੀ ਖਜ਼ਾਨਾ ਜਿਸਦਾ ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਕੋਈ ਸਾਨੀ ਨਹੀਂ ਅਤੇ ਫਿਰ ਸ਼ਾਨਾਮੱਤਾ ਸਾਡਾ ਇਤਿਹਾਸਕ ਪਿਛੋਕੜ ਵੀ ਹੈ। ਇਸ ਪਾਵਨ ਦਿਵਸ ਤੇ ਆਪਣੇ ਗੌਰਵਮਈ ਧਾਰਮਿਕ ਤੇ ਇਤਿਹਾਸਕ ਵਿਰਸੇ ਨੂੰ ਮਹਿਸੂਸ ਕਰਦਿਆਂ ਬਾਣੀ ਅਤੇ ਬਾਣੇ ਵਿਚ ਪ੍ਰਪੱਕ ਹੋ ਕੇ ਸਤਿਗੁਰ ਦੇ ਫੁਰਮਾਣਾ ਨੂੰ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ:

ਰਹਿਣੀ ਰਹੈ ਸੋਈ ਸਿਖ ਮੇਰਾ ਤੂ ਸਾਹਿਬ ਮੈ ਉਸਕਾ ਚੇਰਾ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।