No announcement available or all announcement expired.

ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਦਿਵਸ ਤੇ ਵਿਸ਼ੇਸ

52348761ਮਾਖੋਵਾਲ ਸੁਹਾਵਣਾ ਸਤਿਗੁਰੂ ਕੋ ਅਸਥਾਨ

-ਦਿਲਜੀਤ ਸਿੰਘ ‘ਬੇਦੀ’
ਐਡੀ. ਸਕੱਤਰ,
ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ।

ਸ਼੍ਰੋਮਣੀ ਕਮੇਟੀ ਵਲੋਂ ਉਲੀਕੇ ਸਮਾਗਮ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਮੁਲਾਜਮਾਂ ਦੀ ਸਖਤ ਮੇਹਨਤ ਰੰਗ ਲਿਆਏਗੀ।
ਪੰਜਾਬ ਸਰਕਾਰ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ।

ਸਿੱਖ ਕੌਮ ਅਨੰਦਪੁਰ ਸਾਹਿਬ ਦਾ ੩੫੦ ਵਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਇਸ ਸਥਾਪਨਾ ਦਿਵਸ ਦੀਆਂ ਤਿਆਰੀਆ ਤੇ ਇਸ ਦਿਵਸ ਨਾਲ ਜੁੜੇ ਸਮਾਗਮ ਸਿੱਖ ਸੰਗਤਾਂ ਵੱਲੋਂ ਬੜੇ ਹੁਲਾਸ ਤੇ ਜੋਸ਼ ਨਾਲ ਨਿਭਾਹੇ ਜਾ ਰਹੇ ਹਨ। ਅਨੰਦਪੁਰ ਸਾਹਿਬ ਨਗਰ ਦਾ ਲੰਮੇਰਾ ਤੇ ਲਾਸਾਨੀ ਇਤਿਹਾਸ ਆਪਣੀ ਅਘੋਸ਼ ਵਿਚ ਸਮੋਈ ਬੈਠਾ ਹੈ। ਇਸ ਪਵਿੱਤਰ ਨਗਰ ਨੇ ਕਈ ਉਤਰਾਅ-ਚੜਾਅ ਵੇਖੇ ਹਨ। ਲੋਕਾਈ ਦੇ ਵਸੇਬੇ ਲਈ ਧਰਮ ਦੇ ਇਤਿਹਾਸ ਵਿਚ ਸਿੱਖ ਧਰਮ ਦੀ ਇਹ ਖਾਸੀਅਤ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਦਸਮ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਨੇ ਕਈ ਨਗਰ ਵਸਾਏ ਅਤੇ ਕਈ ਨਿੱਕੇ ਵੱਡੇ ਪਿੰਡਾਂ ਨੂੰ ਆਬਾਦ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਇਤਿਹਾਸ ਦਾ ਪਹਿਲਾ ਨਗਰ ਕਰਤਾਰਪੁਰ ਵਸਾ ਕੇ ਨਿਵੇਕਲਾ ਇਤਿਹਾਸ ਸਿਰਜਿਆ। ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਦੀ ਕਿਰਤ ਕਮਾਈ ਦੀ ਭੇਟਾ ਨਾਲ ਵੱਡੇ ਨਗਰ ਵਸਾ ਕੇ ਉਨ੍ਹਾਂ ਵਿਚ ਕਿਰਤੀ ਲੋਕਾਂ ਨੂੰ ਵਸਾਇਆ ਤੇ ਉਨ੍ਹਾਂ ਲੋਕਾਂ ਨੂੰ ਲੋੜੀਂਦੀ ਹਰ ਵਸਤੂ ਵੀ ਮੁਹੱਈਆ ਕਰਵਾਈ। ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਗੋਬਿੰਦਪੁਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਦਿ ਸਿੱਖ ਗੁਰੂ ਸਾਹਿਬਾਨ ਵੱਲੋਂ ਵਸਾਏ ਹੋਏ ਨਗਰ ਹਨ।

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੬੨੬ ਈ. ਵਿਚ ਸ੍ਰੀ ਕੀਰਤਪੁਰ ਸਾਹਿਬ ਦੇ ਸਥਾਨ ਦੀ ਚੋਣ ਕੀਤੀ ਸੀ। ਇਹ ਸਥਾਨ ਛੇਵੇਂ ਪਾਤਸ਼ਾਹ ਨੇ ਕਹਿਲੂਰ ਦੇ ਰਾਜਾ ਤਾਰਾ ਚੰਦ ਪਾਸੋਂ ਜ਼ਮੀਨ ਮੁੱਲ ਲੈ ਕੇ ਬਾਬਾ ਗੁਰਦਿੱਤਾ ਜੀ ਦੀ ਮਾਰਫ਼ਤ ਆਬਾਦ ਕਰਵਾਇਆ। ਇੱਥੇ ਸੂਫ਼ੀ ਫਕੀਰ ਸਾਂਈ ਬੁੱਢਣ ਸ਼ਾਹ ਜੀ ਦਾ ਡੇਰਾ ਸੀ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ।

੩੦ ਮਾਰਚ, ੧੬੬੪ ਈ. ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰਿਆਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਰਤ ਦੇ ਉੱਤਰ-ਪੂਰਬੀ ਸਥਾਨਾਂ ਉੱਪਰ ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ੧੬੩੫ ਈ. ਦੇ ਲਗਭਗ ਕੀਰਤਪੁਰ ਸਾਹਿਬ ਆ ਗਏ। ਆਪ ਬਾਂਗਰ ਦੇ ਇਲਾਕੇ ਵਿਚ ਪ੍ਰਚਾਰ ਕਰ ਰਹੇ ਸਨ, ਜਦ ਆਪ ਨੂੰ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ। ਬਿਲਾਸਪੁਰ ਦੀ ਰਾਣੀ ਚੰਪਾ ਨੇ ਗੁਰੂ ਜੀ ਨੂੰ ਰਾਜੇ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਗੁਰੂ ਜੀ ਮਾਤਾ ਨਾਨਕੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਤੇ ਹੋਰ ਸੰਗਤ ਸਮੇਤ ੧੦ ਮਈ, ੧੬੬੫ ਈ. ਨੂੰ ਬਿਲਾਸਪੁਰ ਪੁੱਜ ਗਏ।

ਰਾਜੇ ਦੀ ਅੰਤਿਮ ਅਰਦਾਸ ਤੋਂ ਬਾਅਦ ਜਦ ਗੁਰੂ ਜੀ ਕੀਰਤਪੁਰ ਸਾਹਿਬ ਨੂੰ ਤੁਰਨ ਲੱਗੇ ਤਾਂ ਰਾਣੀ ਚੰਪਾ ਨੇ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਜੀ ਬਿਲਾਸਪੁਰ ਰਿਆਸਤ ਛੱਡ ਕੇ ਬਾਂਗਰ ਦੇਸ਼ ਨੂੰ ਆਪਣਾ ਟਿਕਾਣਾ ਬਣਾਉਣਾ ਚਾਹੁੰਦੇ ਹਨ। ਰਾਣੀ ਵਿਆਕੁਲ ਹੋ ਕੇ ਬੇਨਤੀ ਕਰਨ ਲੱਗੀ, ਕਿ ਜੇ ਗੁਰੂ ਜੀ ਕੀਰਤਪੁਰ ਨੂੰ ਛੱਡ ਕੇ ਚਲੇ ਗਏ ਤਾਂ ਇਹ ਇਲਾਕਾ ਬੇਰੌਣਕਾ ਹੋ ਜਾਵੇਗਾ। ਅਗਰ ਗੁਰੂ ਜੀ ਚਾਹੁਣ ਤਾਂ ਮੈਂ ਨਵਾਂ ਨਗਰ ਵਸਾਉਣ ਲਈ ਜਗੀਰ ਭੇਟ ਕਰ ਦਿੰਦੀ ਹਾਂ। ਮਾਤਾ ਨਾਨਕੀ ਜੀ ਨੇ ਸਾਰੀ ਗੱਲ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਾਂਝੀ ਕੀਤੀ। ਗੁਰੂ ਜੀ ਨੇ ਰਾਣੀ ਦੀ ਤਜਵੀਜ ਨੂੰ ਇਸ ਸ਼ਰਤ ਉੱਪਰ ਪ੍ਰਵਾਨ ਕੀਤਾ ਕਿ ਉਹ ਭੇਂਟ ਕੀਤੇ ਗਏ ਪਿੰਡਾਂ ਦੀ ਜ਼ਮੀਨਾਂ ਮੁੱਲ ਦੇ ਕੇ ਖਰੀਦਣਗੇ।

ਗੁਰੂ ਸਾਹਿਬ ਨੇ ਨਵਾਂ ਨਗਰ ਵਸਾਉਣ ਲਈ ਲੋਦੀਪੁਰ, ਮੀਆਪੁਰ ਅਤੇ ਸੋਹਟਾ ਪਿੰਡ ਦੀ ਜ਼ਮੀਨ ਦਾ ਇਕ ਰਮਣੀਕ ਹਿੱਸਾ ਚੁਣਿਆ ਅਤੇ ਜ਼ਮੀਨ ਦੀ ਹਰ ਪੱਖੋਂ ਦੇਖ-ਰੇਖ ਕਰਕੇ ੧੯ ਜੂਨ, ੧੬੬੫ ਈ. (ਮੁਤਾਬਕ ੨੧, ਹਾੜ੍ਹ, ੧੭੨੨ ਬਿ.) ਨੂੰ ਬਾਬਾ ਬੁੱਢਾ ਜੀ ਦੇ ਪੜਪੋਤੇ ਬਾਬਾ ਗੁਰਦਿੱਤਾ ਜੀ ਪਾਸੋਂ (ਨਵੇਂ ਨਗਰ) ਦੀ ਮੋਹੜੀ ਪਿੰਡ ਸੋਹਟੇ ਦੀ ਹੱਦ ਵਿਚ ਮਾਖੋਵਾਲ ਥੇਹ ਉੱਤੇ ਗਡਵਾਈ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਵੇਂ ਨਗਰ ਦਾ ਨਾਮ ਆਪਣੇ ਮਾਤਾ ਦੇ ਨਾਮ ‘ਤੇ ‘ਚੱਕ ਨਾਨਕੀ’ ਰੱਖਿਆ:
ਉਨ ਬਾਕਨ ਪਰਮਾਨ ਕਰ ਮਾਤਾ ਆਇਸ ਪਾਇ॥
ਆਨ ਬਸਾਯੋ ਚਕ ਤਬ ਆਨੰਦ ਪੁਰ ਕੀ ਜਾਇ॥
ਜਰ ਖਰੀਦ ਜਾਗਾ ਲੈ ਆਨਾ॥ ਨਗਰ ਰਚਿਓ ਆਛੋ ਸੁਖਦਾਨਾ॥
ਮਾਤਾ ਜੀ ਕੇ ਇਸ ਮਨਿ ਨਿਧਾਨ॥ ਸਬ ਕਾਰਜ ਕੀਨ ਨਿਜ ਜਾਨ॥
ਦੇਸ਼-ਪ੍ਰਦੇਸ਼ ਤੋਂ ਲੋਕ ਆ ਕੇ ਇਸ ਸੁਹਾਵਣੇ ਤੇ ਰਮਣੀਕ ਨਗਰ ਵਿਚ ਵੱਸਣ ਲੱਗੇ। ਗੁਰੂ ਜੀ ਨੇ ਨਗਰ ਦੀ ਉਸਾਰੀ ਲਈ ਸੁੱਘੜ ਕਾਰੀਗਰ ਬੁਲਵਾਏ ਸੰਗਤਾਂ ਹੱਥੀਂ ਸੇਵਾ ਕਰਕੇ ਗੁਰੂ ਜੀ ਦੀਆਂ ਬੇਅੰਤ ਅਸੀਸਾਂ ਪ੍ਰਾਪਤ ਕਰਦੀਆਂ ਸਨ। ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਭਾਈ ਝੰਡਾ ਜੀ ਸਮੇਤ ਬਹੁਤ ਸਾਰੇ ਗੁਰਸਿੱਖਾਂ ਨੇ ਅਨੰਦਪੁਰ ਦੀ ਉਸਾਰੀ ਵਿਚ ਭਰਵਾਂ ਯੋਗਦਾਨ ਪਾਇਆ। ਲਗਭਗ ਤਿੰਨ ਮਹੀਨੇ ਦਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਨਗਰ ਵਿਚ ਰਹੇ। ਨਵੇਂ ਵੱਸੇ ਨਗਰ ਦੀ ਜਿੰਮੇਵਾਰੀ ਸੁਹਿਰਦ ਸਿੱਖਾਂ ਦੇ ਹੱਥ ਵਿਚ ਦੇ ਕੇ ਗੁਰੂ ਜੀ (ਪਰਿਵਾਰ) ਸਮੇਤ ਪੂਰਬ ਦੇ ਪ੍ਰਚਾਰ ਦੌਰੇ ਤੇ ਚੱਲ ਪਏ।
ਅਨੰਦਪੁਰ ਪਹਾੜੀਆਂ ਨਾਲ ਘਿਰਿਆ ਹੋਇਆ, ਆਲੇ-ਦੁਆਲੇ ਜੰਗਲ, ਬਰਸਾਤੀ ਨਾਲੇ, ਚਰਨ ਗੰਗਾ ਨਾਲਾ, ਦਰਿਆ ਸਤਲੁਜ ਦੀਆਂ ਛੱਲਾ ਆਦਿ ਕੁਦਰਤੀ ਨਜ਼ਾਰਿਆ ਨਾਲ ਸ਼ੋਭਨੀਕ ਮਨਮੋਹਕ ਸਥਾਨ ਹੈ। ਇਹ ਪੂਰਨ ਸ਼ਾਂਤ ਤੇ ਰੂਹਾਨੀਅਤ ਦੇ ਰੰਗ ਵਿਚ ਲਬਰੇਜ਼ ਸ਼ੋਭਨੀਕ ਧਰਤ ਹੈ। ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਦਾ ਕਰਤਾ ਇਸ ਨਗਰ ਦੀ ਮਹਿਮਾ ਇਸ ਤਰ੍ਹਾਂ ਕਰਦਾ ਹੈ:
ਕਰਨੀ ਭਵਿਖਯਤ ਜਾਨੀ॥
ਅਵਿਨੀ ਰਵਨੀ ਪਿਖਿਯ ਮਹਾਨੀ॥
ਤਿਸ ਥਲ ਮਹਿ ਕੀਨਸਿ ਗੁਰ ਡੇਰਾ॥
ਸ੍ਰੀ ਗੁਰੂ ਤੇਗ ਬਹਾਦਰ ਜੀ ਉੱਤਰ-ਪੂਰਬੀ ਖੇਤਰਾਂ ਦੇ ਪ੍ਰਚਾਰ ਦੌਰਿਆਂ ਤੋਂ ਮਾਰਚ, ੧੬੭੨ ਈ: ਵਿਚ ਵਾਪਸ ‘ਚੱਕ ਨਾਨਕੀ’ ਪਰਤੇ ਅਤੇ ਬਾਅਦ ਵਿਚ ਗੁਰੂ ਜੀ ਦੇ ਸਾਹਿਬਜ਼ਾਦੇ (ਗੁਰੂ) ਗੋਬਿੰਦ ਰਾਏ ਜੀ ਵੀ ਆਪਣੇ ਦਾਦੀ ਤੇ ਮਾਤਾ ਜੀ ਸਮੇਤ ਇਸ ਨਵੇਂ ਵਸੇ ਨਗਰ ਵਿਚ ਆ ਕੇ ਵੱਸ ਗਏ। ਦਸਮ ਪਾਤਸ਼ਾਹ ਨੇ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ਉੱਪਰ ਪੈਰ ਇਸ ਪਾਵਨ ਨਗਰ ਦੇ ਵਿਚ ਹੀ ਰੱਖਿਆ।
ਅਨੰਦਪੁਰ ਸਾਹਿਬ ਦੀ ਧਰਤੀ ਇਕ ਵਿਸ਼ਾਲ ਅਤੇ ਗੌਰਵਮਈ ਇਤਿਹਾਸ ਦੀ ਸਿਰਜਨਾਤਮਿਕ ਹੈ। ਇਸ ਧਰਤੀ ਨੂੰ ਸਿਜਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ੧੭, ੧੮, ੧੯ ਜੂਨ, ੨੦੧੫ ਨੂੰ ਮਨਾਇਆ ਜਾ ਰਿਹਾ ਹੈ। ਇਸ ਸਥਾਪਨਾ ਦਿਵਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਜਿਨ੍ਹਾਂ ਰਾਹੀਂ ਸਿੱਖ ਸੰਗਤਾਂ ਨੂੰ ਆਪਣੇ ਅਮੀਰ ਤੋਂ ਅਮੀਰ ਵਿਰਸੇ ਤੋਂ ਜਾਣੂ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਰੋਸ਼ਨੀ ਵਿੱਚ ੧੫ ਜੂਨ ਤੋਂ ੨੦ ਜੂਨ ਤੱਕ ਸਮੁੱਚੇ ਸ਼ਹਿਰ ਨੂੰ ਮਨਮੋਹਕ ਰੰਗਦਾਰ ਲੜੀਆਂ ਨਾਲ ਜਗਮਗਾਇਆ ਜਾਵੇਗਾ। ਗੁਰਧਾਮਾਂ, ਮੁੱਖ ਮਾਰਗਾਂ, ਬਜ਼ਾਰਾਂ, ਗਲੀਆਂ ਅਤੇ ਵਿਸ਼ੇਸ ਇਮਾਰਤਾਂ ਤੇ ਇਸ ਰੋਸ਼ਨੀ ਦਾ ਵੱਖਰਾ ਪਹਿਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗਾ। ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਦੇ ਪਹੁੰਚ ਮਾਰਗਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਨਦਾਰ ਸਵਾਗਤੀ ਗੇਟ ਅਤੇ ਸੁੰਦਰ ਰੰਗਬਰੰਗੀਆਂ ਝਾਲਰਾਂ ਨਾਲ ਸਜਾਇਆ ਜਾਵੇਗਾ।

ਇਸ ਸਮਾਗਮ ਦੀ ਲੜੀ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਤੇ ਸੰਦੇਸ਼ ਨੂੰ ਦਰਸਾਉਂਦਾ ਸੈਮੀਨਾਰ ਮਿਤੀ ੧੦ ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿਚ ਸਿੱਖ ਕੌਮ ਦੇ ਉੱਘੇ ਵਿਦਵਾਨ ਆਪੋ ਆਪਣੇ ਖੋਜ ਭਰਪੂਰ ਪਰਚਿਆਂ ਨਾਲ ਸੰਗਤਾਂ ਦੇ ਰੂ-ਬਰੂ ਹੋਣਗੇ। ਇਸ ਦਿਵਸ ਨੂੰ ਸਮਰਪਿਤ ਵਿਸ਼ੇਸ ਨਗਰ ਕੀਰਤਨ ਵੱਖ-ਵੱਖ ਸਥਾਨਾਂ ਤੋਂ ਆਰੰਭ ਹੋ ਰਹੇ ਹਨ। ੧੨ ਜੂਨ, ੨੦੧੫ ਈ: ਨੂੰ ਜੰਮੂ ਤੋਂ ਰਵਾਨਾ ਹੋਣ ਵਾਲਾ ਪਹਿਲਾ ਨਗਰ ਕੀਰਤਨ ਉਥੋਂ ਦੇ ਅਣਸੁਖਾਂਵੇਂ ਮਾਹੋਲ ਨੂੰ ਮਦੇਨਜ਼ਰ ਰਖਦਿਆਂ ਰੱਦ ਕਰ ਦਿੱਤਾ ਗਿਆ ਹੈ।

੧੪ ਜੂਨ, ੨੦੧੫ ਈ. ਨੂੰ ਦੂਜਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਲਾਲ ਕਿਲ੍ਹਾ, ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਬਾਈਪਾਸ, ਪਾਣੀਪਤ, ਕਰਨਾਲ, ਅੰਬਾਲਾ, ਰਾਜਪੁਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰਾਤ ਵਿਸ਼ਰਾਮ ਕਰੇਗਾ। ੧੫ ਜੂਨ ਨੂੰ ਇਹ ਨਗਰ ਕੀਰਤਨ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੱਲ ਕੇ ਮਰਿੰਡਾ, ਕੁਰਾਲੀ, ਰੋਪੜ, ਭਰਤਗੜ੍ਹ ਤੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗਾ।

ਇਸੇ ਤਰ੍ਹਾਂ ਤੀਸਰਾ ਨਗਰ ਕੀਰਤਨ ਹਿਮਾਚਲ ਪ੍ਰਦੇਸ਼ ਵਿਚ ਸੁਸ਼ੋਭਿਤ ਗੁਰਦੁਆਰਾ ਪਉਂਟਾ ਸਾਹਿਬ ਤੋਂ ੧੫ ਜੂਨ, ੨੦੧੫ ਨੂੰ ਚੱਲ ਕੇ ਬਹਾਦਰਪੁਰ, ਛਛਰੌਲੀ, ਬਿਲਾਸਪੁਰ, ਗੁਰਦੁਆਰਾ ਸ੍ਰੀ ਕਪਾਲਮੋਚਨ ਸਾਹਿਬ, ਗੁਰਦੁਆਰਾ ਸਾਹਿਬ ਸੰਢੌਰਾ, ਨਰਾਇਣਗੜ੍ਹ, ਰਾਏਪੁਰ ਰਾਣੀ ਤੇ ਬਰਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਪੰਚਕੂਲਾ (ਹਰਿਆਣਾ) ਵਿਖੇ ਰਾਤ ਵਿਸ਼ਰਾਮ ਕਰੇਗਾ। ਇਹ ਨਗਰ ਕੀਰਤਨ ੧੬ ਜੂਨ ਨੂੰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੋਂ ਚੱਲ ਕੇ ਪਿੰਜੌਰ, ਨਾਲਾਗੜ੍ਹ ਤੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਇਸ ਪ੍ਰਕਾਰ ਪੰਜਾਬ ਅਤੇ ਬਾਹਰਲੇ ਰਾਜਾਂ ਤੋਂ ਸਜਾਏ ਜਾਣ ਵਾਲੇ ਕਈ ਨਗਰ ਕੀਰਤਨ ਇਸ ਦਿਵਸ ਦੇ ਸਮਾਗਮਾਂ ਦੀ ਸ਼ੋਭਾ ਵਧਾਉਣਗੇ।

ਮਿਤੀ ੧੬ ਜੂਨ ਤੋਂ ੧੯ ਜੂਨ ਤੱਕ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਹੀ ਦਿਵਸ ਨੂੰ ਸਮਰਪਿਤ ੩ ਦਸੰਬਰ, ੨੦੧੪ ਈ. ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖੀ ਸਰੂਪ ਵਿੱਚੋਂ ਪਤਿਤ ਹੋਏ ਨੌਜਵਾਨਾਂ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਇਕ ਲਹਿਰ ਸ਼ੁਰੂ ਕੀਤੀ ਗਈ। ਜਿਸ ਦਾ ਆਗਾਜ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਚਾਰਕ, ਕਵੀਸ਼ਰ ਅਤੇ ਢਾਡੀ ਜਥਿਆਂ ਨੇ ਬੜੀ ਹੀ ਲਗਨ ਤੇ ਮਿਹਨਤ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਬੱਚਿਆਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਸਿੱਖੀ ਸਰੂਪ ਮੇਰਾ ਅਸਲੀ ਰੂਪ ਨਾਲ ਜੋੜਿਆ ਹੈ। ੧੬ ਜੂਨ ਨੂੰ ਸਿੱਖੀ ਸਰੂਪ ਵਿਚ ਸੱਜੇ ਇਨ੍ਹਾਂ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸ੍ਰੀ ਕੇਸਗੜ੍ਹ ਦੇ ਸਥਾਨ ਦੇ ਖੁੱਲ੍ਹੇ ਪੰਡਾਲ ਵਿਚ ਸਨਮਾਨਿਤ ਕੀਤਾ ਜਾਵੇਗਾ।
ਸਥਾਪਨਾ ਦਿਵਸ ਦੀ ਇਸ ਲੜੀ ਵਿਚ ਵਿਸ਼ੇਸ਼ ਢਾਡੀ ਦਰਬਾਰ, ਕੀਰਤਨ ਦਰਬਾਰ, ਕਵੀਸ਼ਰੀ ਦਰਬਾਰ, ਰਾਗ ਦਰਬਾਰ, ਕਵੀ ਦਰਬਾਰ ਮਿਤੀ ੧੭, ੧੮, ੧੯ ਜੂਨ ਨੂੰ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਉੱਘੇ ਰਾਗੀ, ਢਾਡੀ, ਕਵੀਸ਼ਰ ਤੇ ਕਵੀ ਸ਼ਿਰਕਤ ਕਰ ਰਹੇ ਹਨ। ਇਸ ਦੇ ਨਾਲ ਹੀ ੧੭, ੧੮ ਤੇ ੧੯ ਜੂਨ ਨੂੰ ਅੰਮ੍ਰਿਤ-ਸੰਚਾਰ ਹੋਵੇਗਾ।
ਇਸ ਦਿਵਸ ਨੂੰ ਸਮਰਪਿਤ ਕੁਝ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿਚ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਲੇਜ਼ਰ ਸ਼ੋਅ ਤੇ ਆਤਿਸ਼ਬਾਜੀ ਹੋਵੇਗੀ। ਇਹ ਸ਼ੋਅ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਹੋਵੇਗਾ। ਸਿੱਖ ਮਾਰਸ਼ਲ ਆਰਟ ਗਤਕੇ ਦੇ ਮੁਕਾਬਲੇ ਛਾਉਣੀ ਨਿਹੰਗ ਸਿੰਘਾਂ ਵਿਚ ਕਰਵਾਏ ਜਾਣਗੇ। ਵੱਖ-ਵੱਖ ਟੀਮਾਂ ਵਿਚ ਹਾਕੀ ਦਾ ਮੈਚ ਮਿਤੀ ੧੭ ਜੂਨ ਨੂੰ ਅਤੇ ਕਬੱਡੀ ਮੈਚ ੧੮ ਜੂਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਜਾ ਰਿਹਾ ਹੈ। ਬਾਬਾ ਬਲਬੀਰ ਸਿੰਘ ਮੁੱਖੀ ਨਿਹੰਗ ਸਿੰਘਾਂ ਦੀ ਅਗਵਾਈ ਵਿਚ ਚਰਨ ਗੰਗਾ ਸਟੇਡੀਅਮ ਵਿਚ ੧੮ ਜੂਨ ਨੂੰ ਕਰਵਾਏ ਜਾ ਰਹੇ ਨਿਹੰਗ ਸਿੰਘਾਂ ਦੇ ਘੋੜ ਦੌੜ ਮੁਕਾਬਲੇ ਇਕ ਵੱਖਰਾ ਜਾਹੋ-ਜਲਾਲ ਪ੍ਰਗਟ ਕਰਨਗੇ। ਇਸੇ ਦਿਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੩੫੦ ਸਾਲਾ ਨੂੰ ਸਮਰਪਿਤ ਇੱਕ ਯਾਦਗਾਰੀ ਸੋਵੀਨਰ ਰਲੀਜ ਕਰਨਗੇ।
ਇਸ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਦਰਸ਼ਨ ਯਾਤਰਾ ਦੀ ਅਰੰਭਤਾ ੬ ਮਈ, ੨੦੧੫ ਈ: ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਤੋਂ ਕੀਤੀ ਗਈ ਸੀ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਮਿਤੀ ੧੮ ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗੀ। ਸ੍ਰੀ ਅਨੰਦਪੁਰ ਸਾਹਿਬ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਸ਼ਹਿਰ ਨੂੰ ਸਫੇਦ ਰੰਗ-ਰੋਗਣ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਕੇਸਰੀ ਤੇ ਨੀਲੇ ਨਿਸ਼ਾਨ ਸਾਹਿਬ ਇਸ ਸਫੇਦ ਰੰਗ ਵਿਚ ਰੰਗੇ ਹੋਏ ਸ਼ਹਿਰ ਦਾ ਇਕ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਸੁਸ਼ੋਭਿਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਰੰਗ-ਰੋਗਣ ਦੀ ਸੇਵਾ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਕਰ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਚ ਮੌਜੂਦ ਕਿਲ੍ਹਿਆ ਨੂੰ ਪੁਰਾਤਨ ਦਿੱਖ ਦੇਣ ਦੀ ਸੇਵਾ ਵੱਖ-ਵੱਖ ਕਾਰ ਸੇਵਾ ਵਾਲੇ ਬਾਬੇ ਕਰ ਰਹੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗੁੰਬਦਾਂ ਦੀ ਸੇਵਾ, ਨੌ-ਲੱਖਾ ਬਾਗ ਵਿਚ ਨਵੇਂ ਫੁੱਲ-ਬੂਟਿਆਂ ਦੀ ਸੇਵਾ ਵੀ ਵੱਡੇ ਪੱਧਰ ‘ਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ੩੫੦ ਸਾਲਾ ਸਮਾਗਮ ਵਿਚ ਦੂਰ-ਦੁਰੇਡੇ ਤੋਂ ਸਿਰਕਤ ਕਰਨ ਆ ਰਹੀ ਸੰਗਤ ਲਈ ਰਿਹਾਇਸ਼ ਦਾ ਪੁਖਤਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਬਾ ਕਸ਼ਮੀਰ ਸਿੰਘ ਭੂਰੀਵਾਲ ਵਾਲਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਵਿਚ ੫੦੦ ਏ. ਸੀ. ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਹ ਨਿਵਾਸ ਦਸ ਮੰਜ਼ਿਲਾ ਹੋਵੇਗੀ ਜਿਸ ਦੀਆਂ ਮੰਜ਼ਿਲਾਂ, ਪੰਜ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਈ ਬਚਿੱਤਰ ਸਿੰਘ ਨਿਵਾਸ ਦੇ ੫੦੦ ਕਮਰੇ ਰਿਹਾਇਸ਼ ਲਈ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦੂਜੇ ਫੇਸ ਵਿਚ ੩੦੦ ਕਮਰੇ ਹੋਰ ਤਿਆਰ ਹੋਣਗੇ। ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ੭੦ ਫੁੱਟ ਉੱਚਾ ਖੰਡਾ ਤਿਆਰ ਕਰਵਾਇਆ ਜਾ ਰਿਹਾ ਹੈ, ਜੋ ਇਸ ਸਮਾਗਮ ਦੀ ਯਾਦ ਨੂੰ ਤਾਜਾ ਰੱਖੇਗਾ। ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਮਾਰਗਾਂ ਤੇ ਪੰਜ ਸਵਾਗਤੀ ਗੇਟ ਉਸਾਰਨ ਦਾ ਫੈਸਲਾ ਇਆ ਗਿਆ। ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਸਮਾਗਮ ਲਈ ਸਦਾ ਦਿੱਤਾ ਗਿਆ ਹੈ।
ਇਸ ਮਹਾਨ ਨਗਰ ਤੋਂ ਉੱਠੀ ਸੱਚ ਦੀ ਅਵਾਜ਼ ਨੇ ਮਨੁੱਖਤਾ ਵਿਚ ਹੱਕ, ਸੱਚ, ਗੈਰਤ, ਅਣਖ, ਮਜ਼ਲੂਮ ਦੀ ਰੱਖਿਆ, ਜ਼ਾਬਰ ਦਾ ਮੁਕਾਬਲਾ ਕਰਨ ਜਿਹੇ ਗੁਣ ਭਰੇ ਜਿਸ ਨੇ ਨਿਰਜਿੰਦ ਤੇ ਬੇਗੈਰਤ ਹੋ ਚੁੱਕੀ ਭਾਰਤੀ ਲੋਕਾਈ ਵਿਚ ਨਵੀਂ ਰੂਹ ਫੂਕੀ। ਇਸ ਮਹਾਨ ਧਰਤੀ ਨੇ ਲੋਕਾਈ ਨੂੰ ਦੱਸਿਆ ਕਿ ਹੱਕ, ਸੱਚ ਗੈਰਤ ਤੇ ਮਜ਼ਲੂਮ ਦੀ ਰੱਖਿਆ ਕਰਦੇ ਸਮੇਂ ਭਾਵੇਂ ਸੀਸ ਕਟਵਾਉਣਾ ਪਵੇ, ਦੇਗਾਂ ਵਿਚ ਉਬਲਣਾ ਪਵੇ, ਤਨ ਆਰਿਆਂ ਨਾਲ ਚਿਰਾਉਣਾ ਪਵੇ ਭਾਵੇਂ ਸਾਰਾ ਪਰਿਵਾਰ ਵਾਰਨਾ ਪੈ ਜਾਵੇ, ਤਦ ਵੀ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟਣਾ। ਇਸ ਛੋਟੇ ਜਿਹੇ ਨਗਰ ਤੋਂ ਉੱਠੀ ਸੱਚ ਦੀ ਚਿੰਗਾਰੀ ਨੇ ਭਾਰਤੀ ਉੱਪ ਮਹਾਂਦੀਪ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਇਸ ਨਗਰ ਦੀ ਗੌਰਵਮਈ ਵਿਰਾਸਤ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀ ਗਈ ਹੈ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।