No announcement available or all announcement expired.

ਵਿਸ਼ਵ-ਮਾਨਵ ਜੀਵਨ-ਮਾਰਗ ਦਾ ਪ੍ਰੇਰਨਾ-ਸ੍ਰੋਤ : ਸ੍ਰੀ ਗੁਰੂ ਗ੍ਰੰਥ ਸਾਹਿਬ

– ਡਾ. ਜਸਬੀਰ ਸਿੰਘ ਸਾਬਰ *

ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ੧੦ ਦਸੰਬਰ, ੧੯੪੮ ਨੂੰ ਮਾਨਵ ਅਧਿਕਾਰਾਂ (Human Rights)ਦੇ ਸੰਦਰਭ ਵਿਚ ਇਕ ਮਤਾ (ਮਤਾ ਨੰ: ੨੧੭- ਅ) ਪਾਸ ਕਰਦਿਆਂ ਸਾਰੇ ਮੈਂਬਰ ਦੇਸ਼ਾਂ ਨੂੰ ਆਖਿਆ ਸੀ ਕਿ ਉਹ ਆਪੋ-ਆਪਣੇ ਦੇਸ਼ਾਂ ਅਤੇ ਪ੍ਰਭਾਵ-ਅਧੀਨ ਖੇਤਰਾਂ ਵਿਚ ਉਥੋਂ ਦੀਆਂ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਵਿਚ ਬਿਨਾਂ ਭੇਦ-ਭਾਵ ਇਹ ਸੰਦੇਸ਼ ਸੰਚਾਰਨ ਕਿ:

All human beings are born free and equal in dignity and rights. They are endowed with reason and conscience and should act towards one another in a spirit of brotherhood.

ਜੇਕਰ ਮੈਂਬਰ ਦੇਸ਼ਾਂ ਵੱਲੋਂ ਇਸ ਮਤੇ ਦੀ ਮੂਲ ਭਾਵਨਾ ਅਨੁਸਾਰ ਅਮਲ ਕੀਤਾ ਗਿਆ ਹੁੰਦਾ ਤਾਂ ਅੱਜ ਮਾਨਵ-ਸੰਸਾਰ ਦਾ ਨਕਸ਼ਾ ਕੁਝ ਹੋਰ ਹੀ ਹੋਣਾ ਸੀ। ਪਰ ਇਸ ਮਤੇ ਦੀ ਘੋਰ ਉਲੰਘਣਾ ਹੀ ਉਨ੍ਹਾਂ ਵੱਡੇ ਦੇਸ਼ਾਂ ਵੱਲੋਂ ਕੀਤੀ ਗਈ ਜੋ ਇਸ ਦੇ ਅਲੰਬਰਦਾਰ ਸਨ। ਨਤੀਜਾ ਸਾਡੇ ਸਾਹਮਣੇ ਹੈ ਕਿ ਅੱਜ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰਨ ਦੇ ਬਾਵਜੂਦ ਮਾਨਵ-ਸੰਸਾਰ, ਵਿਸ਼ਵ-ਪੱਧਰ ‘ਤੇ ਜਾਨ ਲੇਵਾ ਬਿਮਾਰੀਆਂ, ਨਸ਼ਿਆਂ, ਪ੍ਰਦੂਸ਼ਣ, ਆਤੰਕਵਾਦ, ਵੱਖਵਾਦ, ਧੜਾਵਾਦ, ਖਿੱਤਾਵਾਦ, ਸੰਪਰਦਾਇਕਤਾ, ਨਿੱਜਵਾਦ, ਭੁੱਖਮਰੀ, ਬੇਰੁਜ਼ਗਾਰੀ ਆਦਿ ਸਮੱਸਿਆਵਾਂ ਦਾ ਸ਼ਿਕਾਰ ਹੋਇਆ ਪਿਆ ਹੈ। ਚਿੰਤਾਜਨਕ ਮੁੱਦਾ ਜੋ ਸਾਡੇ ਸਨਮੁਖ ਹੈ ਉਹ ਇਹ ਹੈ ਕਿ ਇਹ ਸਮੱਸਿਆਵਾਂ ਮੁੱਖ ਤੌਰ ‘ਤੇ ਮਾਨਵ-ਬਿਰਤੀ ਦੀ ਉਪਜ ਹਨ ਅਤੇ ਮਾਨਵ-ਸੰਸਾਰ ਦੀ ਸਲਾਮਤੀ ਲਈ ਹੀ ਖ਼ਤਰੇ ਦੀ ਘੰਟੀ ਹਨ।

ਯੂ.ਐਨ.ਓ. ਦੇ ਇਸ ਮਤੇ ਦੇ ਸੰਦਰਭ ਵਿਚ ਜੋ ਨੁਕਤਾ ਸਾਡੇ ਧਿਆਨ ਦੀ ਵਿਸ਼ੇਸ਼ ਤੌਰ ‘ਤੇ ਮੰਗ ਕਰਦਾ ਹੈ ਉਹ ਇਹ ਹੈ ਕਿ ਜਿਸ ਮਾਨਵ-ਸੁਤੰਤਰਤਾ, ਬਰਾਬਰੀ ਦੇ ਹੱਕ ਅਤੇ ਭ੍ਰਾਤਰੀਭਾਵ ਦੀ ਗੱਲ ਇਸ ਮਤੇ ਵਿਚ ਕੀਤੀ ਗਈ ਹੈ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੪੦੦ ਸਾਲ ਪਹਿਲਾਂ ਹੀ ਅੰਕਤ ਕਰ ਦਿੱਤੀ ਗਈ ਸੀ ਜਦੋਂ ਕਿ ਯੂ.ਐਨ.ਓ. ਦੇ ਮਤੇ ਨੂੰ ਅੱਧੀ ਸਦੀ ਦਾ ਸਮਾਂ ਹੀ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਿਲਤ ਮਾਨਵ-ਹਿਤੂ ਸੰਦੇਸ਼ਾਂ ਉੱਤ ਵੀ ਯੂ.ਐਨ.ਓ. ਦੇ ਮੈਂਬਰ ਦੇਸ਼ਾਂ ਵਾਂਗ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਾਅਵੇਦਾਰ ਪੈਰੋਕਾਰਾਂ ਵੱਲੋਂ ਵੀ ਇਨ੍ਹਾਂ ਦੀ ਮੂਲ ਭਾਵਨਾ ਅਨੁਸਾਰ ਅਮਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਫਲਸਰੂਪ ਸਿੱਖੀ-ਸੰਸਾਰ ਦੀ ਸੂਰਤਹਾਲ ਵੀ ਚਿੰਤਾਮੁਕਤ ਨਹੀਂ ਆਖੀ ਜਾ ਸਕਦੀ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹਾ ‘ਸੁਰਤਰੁ’ ਹੈ ਜਿਸ ਤੋਂ ਮਨਬਾਂਛਤ ਫਲ ਪ੍ਰਾਪਤ ਕੀਤੇ ਜਾ ਸਕਦੇ ਹਨ। ਪਰ ਇਸ ਪ੍ਰਾਪਤੀ ਲਈ ਲੋੜੀਂਦੀ ਜੁਗਤ ਦਾ ਗਿਆਨ ਹਾਸਲ ਕਰਨਾ ਜ਼ਰੂਰੀ ਹੈ ਜਿਸ ਬਾਰੇ ਉਚੇਚਾ ਧਿਆਨ ਦਿੱਤਾ ਜਾਣਾ ਸਮੇਂ ਦੀ ਲੋੜ ਹੈ।
ਮੇਰੇ ਵਿਚਾਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚ ਦੇ (Totality) ਆਧਾਰ ਨੂੰ, ਆਧਾਰ ਬਣਾਏ ਬਿਨਾਂ ਇਸ ਦੇ ਕਿਸੇ ਵੀ ਪੱਖ ਨੂੰ ਠੀਕ ਪ੍ਰਸੰਗ ਵਿਚ ਸਮਝਿਆ ਤੇ ਸਮਝਾਇਆ ਨਹੀਂ ਜਾ ਸਕਦਾ। ਜਦੋਂ ਵੀ ਜਿਸ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਪਾਵਨ ਬਾਣੀਆਂ ਦੇ ਕੁਝ ਪੱਖਾਂ ਨੂੰ ਆਧਾਰ ਬਣਾ ਕੇ ਇਸ ਦੇ ਸਮੁੱਚ ਵਾਲੇ ਆਧਾਰ ਨੂੰ ਅਣਡਿੱਠ ਕੀਤਾ ਹੈ ਤਾਂ ਉਨ੍ਹਾਂ ਦੇ ਅਧਿਐਨ ਨੇ ਸਾਰਥਕ ਸਿੱਟੇ ਕੱਢਣ ਦੀ ਥਾਂ ਅਨਰਥ ਵਧੇਰੇ ਕੀਤਾ ਹੈ। ਇਸ ਲਈ ਇਸ ਪਾਵਨ ਗ੍ਰੰਥ ਨੂੰ ਸਮਝਣ ਲਈ ਕੇਵਲ ਰਸਮੀ ਸ਼ਰਧਾ ਅਤੇ ਵਿਗਿਆਨਕ ਖੋਜ ਦੀ ਆੜ ਹੇਠ ਕੇਵਲ ਪੱਛਮੀ ਪੱਧਰ ਦੀਆਂ ਜੁਗਤਾਂ ਦੇ ਅੰਤਰਗਤ ਕੀਤਾ ਅਧਿਐਨ ਉਤਨੀ ਦੇਰ ਤਕ ਸਾਰਥਕ ਨਹੀਂ ਹੋ ਸਕਦਾ ਜਦੋਂ ਤਕ ਇਸ ਦੇ ਪਾਠ(Text) ਨੂੰ ਅੰਦਰੋਂ ਪੜ੍ਹਨ ਅਤੇ ਉਸੇ ਸੰਦਰਭ ਵਿਚ ਸਮਝਣ ਦਾ ਯਤਨ ਨਹੀਂ ਕੀਤਾ ਜਾਂਦਾ। ਇਸ ਪ੍ਰਕਿਰਿਆ ਲਈ ਵੀ ਜ਼ਰੂਰੀ ਹੈ ਕਿ ਅਜਿਹਾ ਕਰਦੇ ਸਮੇਂ ਇਸ ਦੀਆਂ ਅੰਦਰਲੀਆਂ ਸ੍ਰੋਤ-ਜੁਗਤਾਂ ਨੂੰ ਬਾਹਰਲੀਆਂ ਸ੍ਰੋਤ-ਜੁਗਤਾਂ ਨਾਲੋਂ ਪ੍ਰਮੁੱਖਤਾ ਦਿੱਤੀ ਜਾਵੇ। ਅਜਿਹਾ ਉਪਰਾਲਾ ਹੀ ਇਸ ਦੇ ਸਮੁੱਚ-ਗਿਆਨ ਨੂੰ ਪ੍ਰਸਤੁਤ ਕਰਨ ਵਿਚ ਸਹਾਈ ਹੋ ਸਕਦਾ ਹੈ। ਇਸ ਲੇਖ ਵਿਚ ਇਸੇ ਜੁਗਤ ਦੇ ਅੰਤਰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਜੋਕੇ ਮਾਨਵ-ਜੀਵਨ ਦੇ ਸ੍ਰੋਤ ਵਜੋਂ ਸਮਝਣ ਦਾ ਜਤਨ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚ ਨੂੰ ਆਧਾਰ ਬਣਾ ਕੇ ਅੰਦਰਵਰਤੀ ਤੇ ਬਾਹਰਵਰਤੀ ਅਧਿਐਨ ਇਸ ਤੱਥ ਨੂੰ ਉਭਾਰਦਾ ਹੈ ਕਿ ਇਸ ਪਾਵਨ ਗ੍ਰੰਥ ਦਾ ਸਰੋਕਾਰ ਕੇਵਲ ਅਧਿਆਤਮਿਕ ਖੇਤਰ ਨਾਲ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਤਾਂ ਇਕ ਵਡਮੁੱਲਾ ਖਜ਼ਾਨਾ ਹੈ— ਸੁਚੱਜੇ ਲੋਕ ਜੀਵਨ-ਮਾਰਗ ਦਾ। ਅੱਜ ਇੱਕੀਵੀਂ ਸਦੀ ਵਿਚ ਵਿਸ਼ਵ-ਪੱਧਰ ‘ਤੇ ਜਿਸ ਤਰ੍ਹਾਂ ਦਾ ਸਮਾਜਿਕ ਵਾਤਾਵਰਣ ਪਲੀਤ ਹੋਇਆ ਪਿਆ ਹੈ ਉਸ ਨੂੰ ਨਿਖਾਰਨ ਤੇ ਸਗਲੀ ਧਰਤ ਲੋਕਾਈ ਵਿਚ ਫੈਲੇ ਪ੍ਰਕਿਰਤਕ ਪ੍ਰਦੂਸ਼ਣ ਨੂੰ ਸੁਧਾਰਨ ਲਈ ਇਸ ਪਾਵਨ ਗ੍ਰੰਥ ਵਿਚਲੀ ੩੬ ਮਹਾਂਪੁਰਸ਼ਾਂ ਦੀ ਧੁਰ ਕੀ ਬਾਣੀ/ਖਸਮ ਕੀ ਬਾਣੀ/ਗੋਵਿੰਦ ਕੀ ਬਾਣੀ/ਪ੍ਰਭੂ-ਬਾਣੀ ਨੂੰ ਠੀਕ ਪ੍ਰਸੰਗ ਵਿਚ ਸਮਝਣ ਤੇ ਸਮਝਾਉਣ ਨਾਲ ਵਿਸ਼ਵ ਮਾਨਵ-ਸਮਾਜ ਦੀਆਂ ਸਮੱਸਿਆਵਾਂ ਦ ਵਾਜਬ ਹੱਲ ਦਰਸਾ ਕੇ ਉਸ ਦੇ ਅਸੰਤੁਲਤ (Unbalanced) ਵਾਤਾਵਰਣ ਨੂੰ ਸੰਤੁਲਤ (balanced) ਕਰਦਿਆਂ ਵਿਸ਼ਵ-ਸ਼ਾਂਤੀ ਦੀ ਸੰਭਾਵਨਾ ਪੈਦਾ ਕੀਤੀ ਜਾ ਸਕਦੀ ਹੈ। ਨਿਰਸੰਦੇਹ ਇਸ ਪਾਵਨ ਗ੍ਰੰਥ ਦਾ ਕੇਵਲ ਕਰਮਕਾਂਡੀ ਜੁਗਤ ਅਧੀਨ ਪੂਜਾ- ਪਾਠ, ਰਸਮੀ ਸ਼ਰਧਾ ਅਤੇ ਦਿਖਾਵੇ ਮਾਤਰ ਦੀ ਆਨ-ਸ਼ਾਨ ਵਕਤੀ ਤੌਰ ‘ਤੇ ਚੰਗੇ ਤਾਂ ਲੱਗ ਸਕਦੇ ਹਨ ਪਰ ਇਸ ਦੇ ਬਾਣੀਕਾਰਾਂ ਦਾ ਮਨੋਰਥ ਸਿੱਧ ਕਰਨ ਲਈ ਅੱਜ ਦੇ ਪ੍ਰਸੰਗ ਵਿਚ ਸਾਰਥਕ ਭੂਮਿਕਾ ਨਹੀਂ ਨਿਭਾ ਸਕਦੇ। ਕਿਉਂਕਿ ਇਹ ਪਰੰਪਰਾਗਤ ਜੁਗਤ, ਮਾਨਵ-ਸਮਾਜ ਨੂੰ ਉਸੇ ਬਿੰਦੂ ਵੱਲ ਲਿਜਾਂਦੀ ਹੈ ਜਿੱਥੇ ਉਹ ਪੂਰਵ-ਨਾਨਕ ਕਾਲ ਵਿਚ ਖੜੋਤਾ ਸੀ। ਵੈਸੇ ਵੀ ਅਜਿਹੀ ਕਰਮਕਾਂਡੀ ਜੁਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਮੂਲ ਭਾਵਨਾ ਦੇ ਉਲਟ ਹੈ ਜਿਸ ਨੂੰ ਸਪੱਸ਼ਟ ਰੂਪ ਵਿਚ ਨਕਾਰਿਆ ਗਿਆ ਹੈ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥         (ਪੰਨਾ ੭੪੭)

ਦਰਅਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਖੇਤਰ ਦੇ ਨਾਲ-ਨਾਲ ਵਡਮੁੱਲਾ ਖ਼ਜ਼ਾਨਾ ਹੈ— ਲੋਕ ਜੀਵਨ-ਮਾਰਗ ਦਾ। ਵਿਸ਼ਵ-ਪੱਧਰ ‘ਤੇ ਜਿਸ ਤਰ੍ਹਾਂ ਦਾ ਧਾਰਮਕ, ਸਮਾਜਕ, ਆਰਥਕ ਤੇ ਰਾਜਨੀਤਿਕ ਵਾਤਾਵਰਣ ਪਲੀਤ ਹੋਇਆ ਪਿਆ ਹੈ ਉਸ ਨੂੰ ਨਿਖਾਰਨ ਅਤੇ ਸਗਲੀ ਧਰਤ ਲੋਕਾਈ ਵਿਚ ਫੈਲੇ ਪ੍ਰਕਿਰਤਕ ਪ੍ਰਦੂਸ਼ਣ ਨੂੰ ਸੁਧਾਰਨ ਲਈ ਇਸ ਪਾਵਨ ਗ੍ਰੰਥ ਵਿਚਲੀ ੩੬ ਮਹਾਂਪੁਰਸ਼ਾਂ ਦੀ ਧੁਰ ਕੀ ਬਾਣੀ/ਪ੍ਰਭੂ ਕੀ ਬਾਣੀ/ਖਸਮ ਕੀ ਬਾਣੀ/ਗੋਵਿੰਦ ਕੀ ਬਾਣੀ ਨੂੰ ਠੀਕ ਪ੍ਰਸੰਗ ਵਿਚ ਸਮਝਣ ਅਤੇ ਸਮਝਾਉਣ ਨਾਲ ਵਿਸ਼ਵ-ਮਾਨਵ-ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਵਾਜਬ ਹੱਲ ਦਰਸਾਉਣ ਤੇ ਸੁਲਝਾਉਣ ਹਿਤ ਨਿੱਗਰ ਭੂਮਿਕਾ ਨਿਭਾਈ ਜਾ ਸਕਦੀ ਹੈ।

ਨਿਰਸੰਦੇਹ ਅਜੋਕੇ ਸਮੇਂ ਮਨੁੱਖ ਨੇ ਆਪਣੀ ਹਿੰਮਤ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਵਿਸ਼ਵ-ਪੱਧਰ ਉੱਤੇ ਹੈਰਾਨੀਜਨਕ ਵਿਕਾਸ ਕੀਤਾ ਹੈ। ਨੀਲ ਗਗਨ ਦੀ ਛੱਤ ਹੇਠ ਖੁੱਲ੍ਹੇ ਮੈਦਾਨਾਂ ਵਿਚ ਰਹਿਣ ਵਾਲਾ ਅਤੇ ਕੰਦ ਮੂਲ ਖਾ ਕੇ ਜੀਵਨ-ਨਿਰਬਾਹ ਕਰਨ ਵਾਲਾ ਮਨੁੱਖ, ਅੱਜ ਏਅਰ ਕੰਡੀਸ਼ਨਡ ਘਰਾਂ ਵਿਚ ਰਹਿਣ ਅਤੇ ੩੬ ਪ੍ਰਕਾਰ ਦੇ ਭੋਜਨ ਖਾਣ ਦੇ ਸਮਰੱਥ ਹੋ ਗਿਆ ਹੈ। ਵਿਸ਼ਵੀਕਰਨ ਦੀ ਲਹਿਰ ਅਧੀਨ ਨਿਤ-ਨਵੀਆਂ ਵਿਗਿਆਨਕ ਖੋਜਾਂ ਅਤੇ ਪਦਾਰਥਕ ਸੁਖਾਂ ਨੇ ਮਾਨਵ-ਸੰਸਾਰ ਦਾ ਦ੍ਰਿਸ਼ ਹੀ ਬਦਲ ਦਿੱਤਾ ਹੈ। ਆਵਾਜਾਈ ਦੇ ਨਵੀਨ ਢੰਗ, ਕੰਪਿਊਟਰ ਅਤੇ ਸੰਚਾਰ-ਸਾਧਨਾਂ ਨੇ ਹਜ਼ਾਰਾਂ ਮੀਲਾਂ ਦੀ ਦੂਰੀ ਅਤੇ ਜਾਣਕਾਰੀ ਮਿੰਟਾਂ-ਸਕਿੰਟਾਂ ਵਿਚ ਦੇਣੀ ਅਰੰਭ ਕਰ ਦਿੱਤੀ ਹੈ। ਵਿਕਾਸ-ਗਤੀ ਦੇ ਇਸ ਦੌਰ ਵਿਚ ਸਮੁੱਚਾ ਵਿਸ਼ਵ ਇਕ ਘਰ ਵਾਂਗ ਬਣ ਗਿਆ ਹੈ ਅਤੇ ਮਨੁੱਖ ਧਰਤੀ ਦਾ ਜੀਵੜਾ ਹੁੰਦਿਆਂ ਹੋਇਆਂ ਸਪੇਸ ਯੁੱਗ ਵਿਚ ਦਾਖ਼ਲ ਹੋ ਗਿਆ ਹੈ। ਪਰ ਵਿਸ਼ਵੀਕਰਨ ਦੀ ਇਸ ਵਿਕਾਸ-ਲਹਿਰ ਦਾ ਦੁਖਦਾਈ ਪਹਿਲੂ ਵੀ ਵਿਰਾਟ ਹੈ, ਕਿਉਂਕਿ ਪਦਾਰਥਵਾਦ ਦੇ ਇਸ ਦੌਰ ਵਿਚ ਨਿੱਜਵਾਦ ਤੇ ਨਿੱਜ ਲਾਭ ਵੀ ਵੱਡੀ ਪੱਧਰ ‘ਤੇ ਫੈਲਿਆ ਹੈ ਜਿਸ ਨਾਲ ਮਾਨਵੀ ਰਿਸ਼ਤੇ ਤਿੜਕ ਰਹੇ ਹਨ। ਮਾਰੂ ਹਥਿਆਰਾਂ ਨੂੰ ਭੰਡਾਰ ਕਰਨ ਦੀ ਹੋੜ ਸੰਸਾਰ-ਅਮਨ ਲਈ ਵੱਡਾ ਖ਼ਤਰਾ ਬਣ ਗਈ ਹੈ। ਦੂਜੇ ਦੀ ਜ਼ਰ, ਜ਼ੋਰੂ, ਜ਼ਮੀਨ ‘ਤੇ ਕਬਜ਼ੇ ਦੀ ਭਾਵਨਾ ਪ੍ਰਚੰਡ ਹੋ ਰਹੀ ਹੈ। ਆਪਾ-ਧਾਪੀ, ਰਿਸ਼ਵਤਖੋਰੀ, ਲੋਭ-ਲਾਲਚ, ਬੇਇਨਸਾਫ਼ੀ, ਫ਼ਿਰਕੂ-ਦੰਗੇ, ਆਤੰਕਵਾਦ, ਹਿੰਸਾ, ਜਬਰਜਨਾਹ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ ਜਿਸ ਦੇ ਫਲਸਰੂਪ ਮਾਨਵ-ਸਾਂਝ, ਮਾਨਵ-ਰਿਸ਼ਤੇ, ਮਾਨਵ-ਪ੍ਰੇਮ ਅਤੇ ਇਕ ਦੂਜੇ ਦਾ ਦੁੱਖ-ਦਰਦ ਸਮਝਣ ਤੇ ਵੰਡਣ ਦੀ ਭਾਵਨਾ ਸਮਾਪਤ ਹੁੰਦੀ ਜਾ ਰਹੀ ਹੈ। ਅਜਿਹੀ ਸਥਿਤੀ ਦੇ ਸਨਮੁਖ ਹੀ ਅੱਜ ਵਿਸ਼ਵ ਦੀ ਹਰ ਸੰਸਥਾ ਤੇ ਸਿਸਟਮ ਚਿੰਤਾਤੁਰ ਹੈ ਕਿ ਮਾਨਵ-ਸੰਸਾਰ ਵਿਚ ਕਿਸ ਜੁਗਤ ਨਾਲ ਸ਼ਾਂਤੀ ਸਥਾਪਤ ਕੀਤੀ ਜਾਵੇ, ਮਨੁੱਖ ਦੀ ਮਨੁੱਖ ਨਾਲ ਸਾਂਝ ਬਣਾਈ ਜਾਵੇ ਅਤੇ ‘ਜੀਓ ਤੇ ਜੀਣ ਦਿਓ’ ਦੀ ਭਾਵਨਾ ਮਾਨਵ-ਚੇਤਨਾ ਵਿਚ ਦ੍ਰਿੜ੍ਹ ਕੀਤੀ ਜਾਵੇ।

ਵਿਕਾਸ-ਗਤੀ ਦਾ ਦਮ ਭਰਨ ਵਾਲੀ ਇੱਕੀਵੀਂ ਸਦੀ ਦਾ ਜੇਕਰ ਲੇਖਾ-ਜੋਖਾ ਕੀਤਾ ਜਾਵੇ ਤਾਂ ਇਹ ਤੱਥ ਸਪੱਸ਼ਟ ਰੂਪ ਵਿਚ ਉੱਭਰ ਕੇ ਸਾਡੇ ਸਾਹਮਣੇ ਆ ਜਾਂਦੇ ਹਨ ਕਿ ਅਜੋਕੇ ਸਮੇਂ ਵੀ ਮਾਨਵ-ਸਮਾਜ ਦਾ ਦੋ-ਤਿਹਾਈ ਹਿੱਸਾ ਢਿੱਡੋਂ ਭੁੱਖਾ ਸੌਂਦਾ ਹੈ ਜਦੋਂ ਕਿ ਸੰਸਾਰ ਦੀਆਂ ਵੱਡੀਆਂ ਤਾਕਤਾਂ, ਲੱਗਭਗ ੧੫੦੦ ਮਿਲੀਅਨ ਡਾਲਰ ਹਰ ਸਾਲ ਹਥਿਆਰ ਬਣਾਉਣ ਅਤੇ ਇਕ ਦੂਜੇ ਨੂੰ ਲੜਾਉਣ ਉੱਤੇ ਖਰਚ ਰਹੀਆਂ ਹਨ। ਇਥੇ ਹੀ ਬਸ ਨਹੀਂ, ਹਜ਼ਾਰਾਂ ਮਿਲੀਅਨ ਡਾਲਰ, ਸ਼ਿੰਗਾਰ (Cosmetics) ਦੀਆਂ ਵਸਤਾਂ ‘ਤੇ ਰੋਜ਼ਾਨਾ ਬਰਬਾਦ ਕੀਤੇ ਜਾਂਦੇ ਹਨ। ਵਿਕਸਿਤ ਹੋ ਰਹੇ ਦੇਸ਼ਾਂ ਦਾ ਅਮਨ ਤਬਾਹ ਕਰਨ ਲਈ ਲੱਖਾਂ ਮਿਲੀਅਨ ਡਾਲਰ ਆਤੰਕਵਾਦ ਫੈਲਾਉਣ ਲਈ ਖਰਚੇ ਜਾ ਰਹੇ ਹਨ। ਸਿੱਟੇ ਵਜੋਂ ਅਮੀਰ ਦੇਸ਼ ਤਾਂ ਹੋਰ ਅਮੀਰ ਹੋ ਰਹੇ ਹਨ ਪਰ ਵਿਕਾਸਸ਼ੀਲ ਦੇਸ਼ ਗ਼ਰੀਬੀ ਦਾ ਸੰਤਾਪ ਭੋਗ ਰਹੇ ਹਨ। ਸ਼ਰਤਾਂ ਸਹਿਤ ਪ੍ਰਾਪਤ ਹੁੰਦੀ ਸਹਾਇਤਾ ਨੇ ਵਿਕਾਸਸ਼ੀਲ ਦੇਸ਼ਾਂ ਦੀ ਸੁਤੰਤਰ ਸੋਚ ‘ਤੇ ਰੋਕ ਲਾਈ ਹੋਈ ਹੈ। ਕੁਦਰਤੀ ਸੋਮਿਆਂ ਦੀ ਅਸੀਮ ਵਰਤੋਂ ਨੇ ਵਾਤਾਵਰਣ ਦੂਸ਼ਿਤ ਕਰ ਰੱਖਿਆ ਹੈ ਅਤੇ ਐਟਮੀ ਹਥਿਆਰਾਂ ਦੀ ਬਹੁਤਾਤ, ਇਸ ਧਰਤ-ਲੋਕਾਈ ਨੂੰ ਕਿਸੇ ਵੇਲੇ ਵੀ ਤਬਾਹ ਕਰ ਸਕਦੀ ਹੈ। ਇਸ ਲਈ ਅਜਿਹੀ ਵਿਸਫੋਟਕ ਸਥਿਤੀ ਤੋਂ ਮਾਨਵ-ਸਮਾਜ ਨੂੰ ਬਚਾਉਣ ਲਈ ਲੋੜ ਹੈ। ਅਜਿਹੇ ਸਿਧਾਂਤਾਂ ਨੂੰ ਰੋਲ-ਮਾਡਲ ਬਣਾਉਣ ਦੀ, ਜੋ ਜਨਮਾਨਸ ਨੂੰ ਵਿਸ਼ਵ-ਪੱਧਰ ‘ਤੇ ਸਾਵਾਂ-ਪੱਧਰਾ (Balanced) ਅਤੇ ਹਰ ਪੱਖੋਂ ਸੰਤੁਲਤ ਜੀਵਨ-ਜਿਊਣ ਦੀ ਪ੍ਰੇਰਨਾ ਦੇਣ ਵਾਲੇ ਹੋਣ। ਤੁਲਨਾਤਮਕ ਧਰਮ-ਅਧਿਐਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਅਜੋਕੇ ਸਮੇਂ ਸੰਸਾਰ ਦੇ ਮਾਨਵ ਦਾ ਬੇਸ਼ੱਕ ਕੋਈ ਵੀ ਧਾਰਮਕ ਅਕੀਦਾ ਹੋਵੇ ਪਰ ਉਸ ਨੂੰ ਆਪਣੀਆਂ ਸਮੱਸਿਆਵਾਂ ਦੇ ਠੀਕ ਹੱਲ ਲੱਭਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਚੰਗੀ ਤਰ੍ਹਾਂ ਪੜ੍ਹਨਾ ਤੇ ਸਮਝਣਾ ਪਵੇਗਾ। ਮਿਹਨਤ ਕਰਨੀ, ਇਮਾਨਦਾਰੀ ਵਰਤਣੀ, ਬਿਨਾਂ ਕਿਸੇ ਭੇਦਭਾਵ ਦੇ ਨਾਮ ਜਪਣਾ, ਵੰਡ ਛਕਣਾ ਅਤੇ ਸਾਥੀਆਂ ਦੇ ਦੁੱਖ-ਸੁਖ ਵਿਚ ਪਰਉਪਕਾਰੀ ਭਾਵਨਾ ਨਾਲ ਸ਼ਰੀਕ ਹੋਣਾ ਅਤੇ ਨਿੱਜਵਾਦ, ਨਿੱਜ ਲਾਭ, ਹਉਂਵਾਦ, ਕੂੜਵਾਦ, ਭੰਡੀਵਾਦ ਨੂੰ ਜੀਵਨ ਵਿੱਚੋਂ ਮਨਫ਼ੀ ਕਰਨ ਵਾਲੇ ਮਾਨਵ-ਹਿਤੂ ਸਿਧਾਂਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਮੋਲਕ ਰਤਨ ਹਨ।

ਮੇਰੀ ਇਹ ਧਾਰਨਾ ਅਤਿਕਥਨੀ ਨਹੀਂ ਸਗੋਂ ਸੱਚ-ਅਧਾਰਤ ਤੱਥ ਹੈ ਕਿ ਸਗਲੀ ਚਿੰਤ ਮਿਟਾਉਣ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਕ-ਇਕ ਸ਼ਬਦ ਮਨੁੱਖ ਨੂੰ ਬਦੀ ਨਾਲੋਂ ਤੋੜ ਕੇ ਨੇਕੀ ਨਾਲ ਜੋੜਨ ਦਾ ਕਾਰਜ ਕਰਦਾ ਸਿੱਧ ਹੁੰਦਾ ਹੈ ਕਿਉਂਕਿ ਇਸ ਬਾਣੀ ਦੇ ਮੂਲ ਸਰੋਕਾਰ ਬੁਨਿਆਦੀ ਤੌਰ ‘ਤੇ ਮਨੁੱਖ ਕੇਂਦਰਤ ਹਨ। ਇਸ ਵਿਚ ਅਤੀਤ ਨਾਲੋਂ ਵਰਤਮਾਨ ਜੀਵਨ-ਉਸਾਰੀ ਲਈ ਵਧੇਰੇ ਚਿੰਤਾ ਪ੍ਰਗਟਾਈ ਗਈ ਹੈ। ਸ਼ਾਇਦ ਇਸੇ ਲਈ ਕੇਵਲ ਭੌਤਿਕ ਸੁਖ ਅਤੇ ਅਧਿਆਤਮਵਾਦੀ ਉਲਾਰ ਦੀ ਥਾਂ ਮਾਨਵ-ਜੀਵਨ ਦੇ ਹਰ ਖੇਤਰ ਵਿਚ ਸਹਿਜ ਤੇ ਸੰਤੁਲਨ ਲਿਆਉਣ ਦੀ ਪ੍ਰੇਰਨਾ-ਸੁਰ, ਇਸ ਬਾਣੀ ਵਿਚ ਵਧੇਰੇ ਬਲਵਾਨ ਹੈ।

ਕੀ ਇਹ ਹੈਰਾਨੀਜਨਕ ਇਤਿਹਾਸਕ ਸੱਚ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪਾਵਨ ਪੂਜਯ ਧਰਮ-ਗ੍ਰੰਥ ਹੈ ਹਾਲਾਂਕਿ ਇਸ ਵਿਚ ਦਰਜ ੩੬ ਬਾਣੀਕਾਰਾਂ ਵਿੱਚੋਂ ਕੇਵਲ ੬ ਸਿੱਖ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਦੀ ਬਾਣੀ ਹੀ ਦਰਜ ਹੈ ਜਦੋਂ ਕਿ ੨੬ ਬਾਣੀਕਾਰ ਅਜਿਹੇ ਹਨ ਜਿਨ੍ਹਾਂ ਦਾ ਮੁੱਢਲੇ ਰੂਪ ‘ਚ ਸਿੱਖ ਧਰਮ ਨਾਲ ਕੋਈ ਸਿੱਧਾ ਨਾਤਾ ਨਹੀਂ ਜੁੜਦਾ ਅਤੇ ੪ ਬਾਣੀਕਾਰ (ਭਾਈ ਮਰਦਾਨਾ ਜੀ, ਰਾਏ ਬਲਵੰਡ ਜੀ, ਭਾਈ ਸੱਤਾ ਜੀ ਅਤੇ ਬਾਬਾ ਸੁੰਦਰ ਜੀ) ਗੁਰੂ-ਦਰਬਾਰ ਦੇ ਸੇਵਕ ਸਿੱਖ ਹਨ। ਪਰ ਇਕ ਗੱਲ ਸਪੱਸ਼ਟ ਹੈ ਕਿ ਇਹ ਸਾਰੇ ਬਾਣੀਕਾਰ ਨਿਸ਼ਠਾਵਾਨ ਅਤੇ ਆਸਤਕ ਭਾਵਨਾ ਵਾਲੀ ਵਿਚਾਰਧਾਰਾ ਦੇ ਧਾਰਨੀ ਮਹਾਂਪੁਰਸ਼ ਸਨ। ਨਿਰਸੰਦੇਹ ਇਨ੍ਹਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ, ਪੂਜਾ-ਪੱਧਤੀਆਂ ਅਤੇ ਸਾਧਨਾਵਾਂ ਵਿਚ ਆਪੋ-ਆਪਣਾ ਰੰਗ ਹੈ। ਇਸ ਦੇ ਬਾਵਜੂਦ ਇਸ ਚਿੰਤਨਧਾਰਾ ਵਿਚ, ਜਨ-ਜਨ ਦੇ ਕਲਿਆਣ ਦੇ ਲੋਕਇਤਿਹਾਸ ਦੀ ਆਭਾ ਚਮਕਦੀ ਸਾਫ਼ ਦਿਖਾਈ ਦਿੰਦੀ ਹੈ। ਵਿਸ਼ੇਸ਼ਤਾ ਇਹ ਕਿ ਇਸ ਚਿੰਤਨਧਾਰਾ ਵਿਚ ਗੁਰ-ਆਸ਼ੇ ਦੀ ਸੰਸ਼ੋਧਨ ਧਾਰਾ ਵੀ ਨਾਲੋ-ਨਾਲ ਚੱਲਦੀ ਹੈ ਜੋ ਗੁਰੂ-ਆਸ਼ੇ ਦੀ ਉਦੇਸ਼-ਪੂਰਤੀ ਲਈ ਗਤੀਸ਼ੀਲ ਰਹਿੰਦੀ ਹੈ।

ਮੇਰੇ ਵਿਚਾਰ ਅਨੁਸਾਰ ਸੰਸਾਰ ਦੇ ਧਰਮ-ਖੇਤਰ ਵਿਚ ਇਹ ਪਹਿਲਾ ਧਰਮ ਗ੍ਰੰਥ ਹੈ ਜਿਸ ਵਿਚ ਬਾਰ੍ਹਵੀਂ ਤੋਂ ਸਤਾਰ੍ਹਵੀਂ ਸਦੀ ਤਕ ਦੇ ੩੬ ਬਾਣੀਕਾਰਾਂ ਦੀ ਬਾਣੀ ਦਰਜ ਕੀਤੀ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇਸ ਦੇ ਸੰਕਲਨ ਤੇ ਸੰਪਾਦਨ ਕਾਰਜ ਦੀ, ਮਾਨਵ-ਸਮਾਜ ਨੂੰ ਇਹ ਇਕ ਅਜਿਹੀ ਇਤਿਹਾਸਕ ਸੌਗਾਤ ਹੈ ਜੋ ਉਸ ਨੂੰ ਜੀਵਨ ਦੇ ਹਰ ਕਾਰਜ ਵਿਚ ਅੱਜ ਵੀ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੈ। ਇਸ ਪਾਵਨ ਗ੍ਰੰਥ ਦਾ ਗਹਿਰ-ਗੰਭੀਰ ਅਧਿਐਨ ਕਰਨ ਵਾਲੀ ਮਾਨਵ-ਸੋਚ, ਇਹ ਜਾਣ ਕੇ ਦੰਗ ਰਹਿ ਜਾਂਦੀ ਹੈ ਕਿ ਇਸ ਵਿਚ ਸਮਸਤ ਮਾਨਵ-ਸੰਸਾਰ ਦੀ ਸੰਸਕ੍ਰਿਤੀ, ਭਾਰਤ ਦੀਆਂ ਚਹੁੰ ਦਿਸ਼ਾਵਾਂ ਨਾਲ ਸੰਬੰਧਤ ਅਤੇ ਊਚ-ਨੀਚ ਸਮਝੇ ਜਾਂਦੇ ਬਾਣੀਕਾਰਾਂ ਦੇ ਰੱਬੀ ਬੋਲ, ਵੱਖ-ਵੱਖ ਬੋਲੀਆਂ ਵਿਚ ਪ੍ਰਾਪਤ ਹੁੰਦੇ ਹਨ। ਇਸ ਤੋਂ ਪਹਿਲਾਂ ਭਾਰਤੀ ਧਰਮਗ੍ਰੰਥ, ਕੇਵਲ ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਵਿਚ ਪ੍ਰਾਪਤ ਹੁੰਦੇ ਸਨ ਜਿਨ੍ਹਾਂ ਨੂੰ ਪੜ੍ਹਨਾ ਤੇ ਸਮਝਣਾ ਜਨ-ਸਾਧਾਰਨ ਦੇ ਵੱਸ ਦਾ ਰੋਗ ਨਹੀਂ ਸੀ। ਇਨ੍ਹਾਂ ਗ੍ਰੰਥਾਂ ਦੀ ਵਿਆਖਿਆ ਮੌਲਵੀ ਤੇ ਪੰਡਤ ਇਸ ਢੰਗ ਨਾਲ ਕਰਦੇ ਸਨ ਜੋ ਉਨ੍ਹਾਂ ਦਾ ਆਪਣਾ ਅਤੇ ਵਿਸ਼ੇਸ਼ ਵਰਗ ਦਾ ਹਿੱਤ ਤਾਂ ਪਾਲਦੀ ਸੀ ਪਰ ਜਨ-ਸਾਧਾਰਨ ਦਾ ਸ਼ੋਸ਼ਣ ਹੀ ਕਰਦੀ ਸੀ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਗਈ ਭਾਸ਼ਾ ਅਜਿਹੀ ਕਿਸਮ ਦੀ ਹੈ ਜੋ ਜਨ-ਸਾਧਾਰਨ ਥੋੜ੍ਹੀ ਜਿਹੀ ਮਿਹਨਤ ਕਰਨ ਉਪਰੰਤ ਸੌਖੀ ਤਰ੍ਹਾਂ ਸਮਝ ਸਕਦਾ ਹੈ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਹਿਤਕ ਪੱਧਰ ‘ਤੇ ਇਹ ਭਾਸ਼ਾ ਗੌਣ ਰੂਪ ਵਾਲੀ ਹੈ। ਬਲਕਿ ਇਸ ਬਾਣੀ ਵਿਚ ਫ਼ਾਰਸੀ, ਅਰਬੀ, ਸੰਸਕ੍ਰਿਤ, ਭੋਜਪੁਰੀ, ਰਾਜਸਥਾਨੀ, ਹਿੰਦੀ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਆਮ ਮਿਲ ਜਾਂਦੀ ਹੈ ਪਰ ਇਹ ਸ਼ਬਦਾਵਲੀ ਅਜਿਹੀ ਹੈ ਜੋ ਲੋਕ-ਮਾਨਸ ਜੀਵਨ ਵਿਚ ਰਚੀ-ਮਿਚੀ ਸੀ ਅਤੇ ਉਨ੍ਹਾਂ ਦੀ ਨਿੱਤਵਿਵਹਾਰ ਦੀ ਬੋਲ-ਚਾਲ ਦਾ ਹਿੱਸਾ ਬਣ ਚੁੱਕੀ ਸੀ। ਸੰਖੇਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕ-ਭਾਸ਼ਾ ਦਾ ਵਡਮੁੱਲਾ ਖਜ਼ਾਨਾ ਆਖਿਆ ਜਾ ਸਕਦਾ ਹੈ। ਇਕ ਗੱਲ ਹੋਰ ਜੋ ਵਿਸ਼ੇਸ਼ ਰੂਪ ਵਿਚ ਸਾਡੇ ਧਿਆਨ ਦੀ ਮੰਗ ਕਰਦੀ ਹੈ ਉਹ ਇਹ ਹੈ ਕਿ ਬੇਸ਼ੱਕ ਇਨ੍ਹਾਂ ਬਾਣੀਕਾਰਾਂ ਦਾ ਇੱਕੋ-ਇੱਕ ਉਦੇਸ਼ ਜਨ-ਕਲਿਆਣ ਸੀ। ਇਸੇ ਲਈ ‘ਸਰਬੇ ਏਕੁ ਅਨੇਕੈ ਸੁਆਮੀ’ ਦੇ ਸਨਮੁਖ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਨ ੧੬੦੪ ਵਿਚ ਸੰਪਾਦਨ-ਕਾਰਜ ਸੰਪੰਨ ਕਰਨ ਸਮੇਂ ਇਨ੍ਹਾਂ ਦੇ ਬਾਣੀਕਾਰਾਂ ਨੂੰ ਇਕ-ਸਮਾਨ ਸਤਿਕਾਰ ਤੇ ਅਧਿਕਾਰ ਪ੍ਰਦਾਨ ਕੀਤਾ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸੰਨ ੧੭੦੬ ਵਿਚ ਇਸ ਪਾਵਨ ਗ੍ਰੰਥ ਦਾ ਪੁਨਰ-ਸੰਪਾਦਨ ਕਰਦਿਆਂ ‘ਧਰਮ ਹੇਤ ਸਾਕਾ’ ਕਰਨ ਵਾਲੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਅਤੇ ਸਲੋਕ ਸ਼ਾਮਲ ਕਰਨ ਉਪਰੰਤ ੧੭੦੮ ਈ. ਨੂੰ ਇਨ੍ਹਾਂ ਬਾਣੀਕਾਰਾਂ ਦੀ ਸਮੁੱਚੀ ਬਾਣੀ ਨੂੰ ਸ਼ਬਦ-ਗੁਰੂ ਦੇ ਰੂਪ ਵਿਚ ਗੁਰੂ-ਜੋਤਿ ਵਜੋਂ ਸਥਾਪਤ ਕਰਦਿਆਂ ਗੁਰਿਆਈ ਦੇ ਕੇ ਹਰ ਪ੍ਰਕਾਰ ਦੇ ਦਵੰਦ ਨੂੰ ਸਮਾਪਤ ਕਰ ਦਿੱਤਾ। ਇਸ ਤਰ੍ਹਾਂ ੩੬ ਬਾਣੀਕਾਰਾਂ ਵਿੱਚੋਂ ੬ ਸਿੱਖ ਗੁਰੂ ਸਾਹਿਬਾਨ, ੧੫ ਭਗਤ, ੧੧ ਭੱਟ ਅਤੇ ੪ ਗੁਰੂਦਰਬਾਰ ਦੇ ਸੇਵਕ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ-ਗੁਰੂ ਵਜੋਂ ਇਕ-ਸਮਾਨ ਗੁਰ-ਜੋਤਿ ਦੇ ਅਧਿਕਾਰੀ ਹੋ ਗਏ।

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਨੂੰ ਛੱਡ ਕੇ ਬਾਕੀ ੧੩ ਭਗਤਾਂ ਦੇ ਕੁੱਲ ੧੨੨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੨੧ ਮੁੱਖ ਰਾਗਾਂ ਅਤੇ ੪ ਉਪ ਰਾਗਾਂ ਵਿਚ ਅੰਕਤ ਪ੍ਰਾਪਤ ਹੁੰਦੇ ਹਨ। ਭਗਤ ਨਾਮਦੇਵ ਜੀ ਦੇ ੬੧ ਸ਼ਬਦ ੧੯ ਰਾਗਾਂ ਵਿਚ, ਭਗਤ ਰਵਿਦਾਸ ਜੀ ਦੇ ੪੦ ਸ਼ਬਦ ੧੮ ਰਾਗਾਂ ਵਿਚ, ਭਗਤ ਤ੍ਰਿਲੋਚਨ ਜੀ ਦੇ ੪ ਸ਼ਬਦ ੩ ਰਾਗਾਂ ਵਿਚ, ਭਗਤ ਬੇਣੀ ਜੀ ਦੇ ੩ ਸ਼ਬਦ ੩ ਰਾਗਾਂ ਵਿਚ, ਭਗਤ ਧੰਨਾ ਜੀ ਦੇ ੩ ਸ਼ਬਦ ੨ ਰਾਗਾਂ ਵਿਚ, ਭਗਤ ਜੈ ਦੇਵ ਜੀ ਦੇ ੨ ਸ਼ਬਦ ੨ ਰਾਗਾਂ ਵਿਚ, ਭਗਤ ਭੀਖਨ ਜੀ ਦੇ ੨ ਸ਼ਬਦ ਇੱਕੋ ਰਾਗ ਵਿਚ, ਭਗਤ ਸੂਰਦਾਸ ਜੀ ਦਾ ਇੱਕੋ ਸ਼ਬਦ ਇੱਕੋ ਰਾਗ ਵਿਚ, ਭਗਤ ਰਾਮਾਨੰਦ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ ਅਤੇ ਭਗਤ ਪਰਮਾਨੰਦ ਜੀ ਦਾ ਇਕ-ਇਕ ਸ਼ਬਦ ਇਕ-ਇਕ ਰਾਗ ਵਿਚ ਦਰਜ ਹੈ। ਮਾਨਵ-ਸੋਚ ਵਿਚ ਇਹ ਪ੍ਰਸ਼ਨ ਉੱਠਣਾ ਸੁਭਾਵਕ ਲੱਗਦਾ ਹੈ ਕਿ ਵੱਖ-ਵੱਖ ਇਲਾਕਿਆਂ ਵਿਚ, ਵੱਖ-ਵੱਖ ਸਮਿਆਂ ਦੇ ਜੰਮਪਲ ਅਤੇ ਵੱਖ-ਵੱਖ ਜਾਤੀਆਂ ਤੇ ਪੇਸ਼ਿਆਂ ਨਾਲ ਜੁੜੇ ਇਨ੍ਹਾਂ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਜਾਣ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਦੇਸ਼ ਕੀ ਹੋ ਸਕਦਾ ਹੈ ਅਤੇ ਇਹ ਭਗਤ ਉਸ ਉਦੇਸ਼-ਪੂਰਤੀ ਲਈ ਕਿਸ ਪ੍ਰਕਾਰ ਦੀ ਭੂਮਿਕਾ ਨਿਭਾਉਂਦੇ ਹਨ, ਇਹ ਮੁੱਦਾ ਵੀ ਵਿਚਾਰਨਾ ਬਣਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨ-ਕਾਰਜ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ (ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ) ੩੦ ਭਗਤ ਸਾਹਿਬਾਨ ਦੀ ਬਾਣੀ ਸ਼ਾਮਲ ਕਰਨ ਦਾ ਮੁੱਖ, ਸਾਫ਼ ਤੇ ਸਪੱਸ਼ਟ ਕਾਰਨ ਇਹੋ ਹੈ ਕਿ ਉਹ ਸਮਕਾਲੀ ਸਮਾਜ ਵਿਚ ਧਰਮ, ਵਰਣ, ਸ਼੍ਰੇਣੀ ਅਤੇ ਭੂ-ਖੰਡ ਦੇ ਆਧਾਰ ‘ਤੇ ਪਰਸਪਰ ਵਿਰੋਧੀ ਰੁਚੀਆਂ, ਨਫ਼ਰਤ ਅਤੇ ਫਲਹੀਨ ਰਸਮੀ ਪੂਜਾ-ਵਿਧੀਆਂ ਤੇ ਕਰਮ-ਕਾਂਡਾਂ ਦੇ ਕਾਰਨ ਹਉਮੈ-ਗ੍ਰਸਤ ਸ਼ਕਤੀਆਂ ਨੂੰ ਵੰਗਾਰਨ ਵਾਲੇ ਤੇ ਸੱਚੇ-ਸੁੱਚੇ ਮਾਰਗ ਦੇ ਪਾਂਧੀ ਬਣੇ ਤੇ ਬਣਾਉਣ ਵਾਲੇ ਧਾਰਮਕ-ਸਮਾਜਕ ਆਗੂਆਂ ਨੂੰ, ਹਰ ਪੱਧਰ ‘ਤੇ ਹਰੇਕ ਪੱਖੋਂ ਇਕਮੁੱਠ ਕਰਨਾ ਚਾਹੁੰਦੇ ਸਨ ਤਾਂ ਜੋ ਹਉਮੈ-ਮੁਕਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਇਸ ਉਦੇਸ਼-ਪੂਰਤੀ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਸੰਪਾਦਕੀ ਅਧਿਕਾਰ ਵਰਤਦਿਆਂ ਇਨ੍ਹਾਂ ਭਗਤ ਸਾਹਿਬਾਨ ਦੀ ਉਹੋ ਬਾਣੀ ਸ਼ਾਮਲ ਕੀਤੀ ਜੋ ਉਨ੍ਹਾਂ ਦੇ ਉਦੇਸ਼ ਦੀ ਪੂਰਤੀ ਹਿਤ ਨਿੱਗਰ ਭੂਮਿਕਾ ਨਿਭਾਅ ਸਕਦੀ ਸੀ। ਸ਼ਾਇਦ ਇਸੇ ਲਈ ਬਾਬਾ ਫ਼ਰੀਦ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਬਾਕੀ ਸੰਤਾਂ-ਭਗਤਾਂ ਦੀ ਪ੍ਰਾਪਤ ਹੁੰਦੀ ਸਾਰੀ ਹੋਰ ਰਚਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿੱਸਾ ਨਹੀਂ ਬਣ ਸਕੀ। ਗੌਰ ਤਲਬ ਹੈ ਕਿ ਇਨ੍ਹਾਂ ਸੰਤਾਂ-ਭਗਤਾਂ ਦੇ ਪੈਰੋਕਾਰ ਵੀ ਆਪੋ-ਆਪਣੇ ਫ਼ਿਰਕੇ ਨਾਲ ਇਨ੍ਹਾਂ ਸੰਤਾਂ-ਭਗਤਾਂ ਦੀ ਉਸੇ ਬਾਣੀ ਨੂੰ ਵਧੇਰੇ ਪ੍ਰਮਾਣਿਕ ਸਵੀਕਾਰ ਕਰਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੋਈ ਹੈ। ਇਸ ਸੰਦਰਭ ਵਿਚ ਇਕ ਹੋਰ ਤੱਥ ਸਾਡੇ ਧਿਆਨ ਦੀ ਵਿਸ਼ੇਸ਼ ਤੌਰ ‘ਤੇ ਮੰਗ ਕਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਾਣੀਕਾਰਾਂ ਵਿੱਚੋਂ ਕਿਸੇ ਇਕ ਨੇ ਵੀ ਇਸ ਗੱਲ ‘ਤੇ ਜ਼ੋਰ ਨਹੀਂ ਦਿੱਤਾ ਕਿ ਮਨੁੱਖ ਦਾ ਕਲਿਆਣ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਆਪਣਾ ਧਿਆਨ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਰਮ-ਗ੍ਰੰਥ ਮੰਨਣ ਵਿਚ ਕੇਂਦਰਤ ਕਰੇ ਜਦੋਂ ਕਿ ਹੋਰ ਧਰਮ ਇਸ ਗੱਲ ਨੂੰ ਵਾਰ-ਵਾਰ ਕਹਿੰਦੇ ਹਨ। ਇਨ੍ਹਾਂ ਬਾਣੀਕਾਰਾਂ ਦਾ ਤਾਂ ਮੁੱਖ ਉਦੇਸ਼ ਜਨ-ਕਲਿਆਣ ਹੈ। ਮਨੁੱਖ ਨੂੰ ਆਪਣਾ ਜੀਵਨ ਉਚੇਰਾ, ਚੰਗੇਰਾ, ਸੁਚੇਰਾ ਅਤੇ ਸੋਧੇਰਾ ਬਣਾਉਣ ਲਈ ਪੂਰਨ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ ਕਿ ਉਹ ਜਿਹੜੇ ਮਰਜ਼ੀ ਰੂਹਾਨੀਅਤ ਦੇ ਮਾਰਗ ਦੀ ਪੌੜੀ ਦੇ ਡੰਡਿਆਂ ‘ਤੇ ਚੜ੍ਹ ਕੇ ਆਪਣੇ ਜੀਵਨ ਨੂੰ ਸਫ਼ਲ ਕਰੇ ਕਿਉਂਕਿ ਇਹ ਮਾਨਸ ਜਨਮ ਦੁਰਲਭ ਹੈ ਜਿਸ ਦੀ ਪ੍ਰਾਪਤੀ ਹਿਤ ਦੇਵਤੇ ਵੀ ਤਰਸਦੇ ਹਨ।

ਇਸ ਪ੍ਰਸੰਗ ਵਿਚ ਇਹ ਗੱਲ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧੁਰ ਕੀ ਬਾਣੀ, ਅਜੋਕੇ ਯੁੱਗ ਦੀ ਵਿਨਾਸ਼ਕਾਰੀ ਟੈਕਨਾਲੋਜੀ ਅਤੇ ਪੂੰਜੀਵਾਦੀ ਪ੍ਰਬੰਧ ਨਾਲ ਜੁੜੀ ਵਿਚਾਰਧਾਰਾ ਨੂੰ ਤਾਂ ਮੁੱਢੋਂ-ਸੁੱਢੋਂ ਨਕਾਰਦੀ ਹੈ। ਹੋਲਿਸਟਿਕ ਤੇ ਈਕੋਲੋਜੀਕਲ ਰੁਖ਼ ਵਾਲੀ ਵਿਚਾਰਧਾਰਾ ਨੂੰ ਪਿਆਰਦੀ ਤੇ ਪ੍ਰਚਾਰਦੀ ਹੈ ਪਰ ਅਜਿਹੇ ਵਿਗਿਆਨ ਨਾਲ ਜੋ ਮਾਨਵ-ਹਿਤੈਸ਼ੀ ਕਾਰਜ ਕਰਨ ਦੇ ਸਮਰੱਥ ਹੈ ਉਸ ਨਾਲ ਕੋਈ ਵਿਰੋਧ ਨਹੀਂ ਪ੍ਰਗਟਾਉਂਦੀ। ਇਹੋ ਕਾਰਨ ਹੈ ਕਿ ਇਸ ਅਦੁੱਤੀ ਪਾਵਨ ਗ੍ਰੰਥ ਦੇ ਬਾਣੀਕਾਰ ਨਾ ਤਾਂ ਕੁਦਰਤ ਨੂੰ ਬੇਜਾਨ ਮਸ਼ੀਨੀ ਢਾਂਚਾ ਪ੍ਰਵਾਨ ਕਰਦੇ ਹਨ ਅਤੇ ਨਾ ਹੀ ਇਸ ਦੇ ਸ਼ੋਸ਼ਣ ਕਰਨ ਦੀ ਆਗਿਆ ਦਿੰਦੇ ਹਨ, ਕਿਉਂਕਿ ਕੁਦਰਤ ਤਾਂ ਸੱਚੇ ਪਾਤਸ਼ਾਹ ਦੀ ਰਚਨਾ ਹੈ ‘ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ।’ ਇਸ ਕੁਦਰਤ ਨੂੰ ਸਾਧਾਰਨ ਕਿਸਮ ਦੇ ਨਿਊਟਨਵਾਦੀ ਨਿਯਮਾਂ ਅਧੀਨ ਚੱਲਣ ਵਾਲਾ ਮਸ਼ੀਨੀ ਪੁਰਜਾ ਮੰਨਣਾ ਬੜੀ ਵੱਡੀ ਭੁੱਲ ਹੈ। ਸੱਚੀ ਗੱਲ ਤਾਂ ਇਹ ਹੈ ਕਿ ਉਹ ਕਰਤਾ ਇਸ ਕੁਦਰਤ ਦੇ ਕਣ-ਕਣ ਵਿਚ ਆਪ ਵਾਸਾ ਕਰਦਾ ਹੈ:
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥       (ਪੰਨਾ ੪੬੪)

ਇਸ ਦ੍ਰਿਸ਼ਟੀ ਤੋਂ ਕੁਦਰਤ ਨਾਲ ਜੁੜੀ ਹਰ ਵਸਤ ਪ੍ਰਭੂ-ਕਿਰਤ ਹੋਣ ਕਾਰਨ ਪਿਆਰਨ ਤੇ ਸਤਿਕਾਰਨ ਯੋਗ ਹੈ। ਅਸੀਂ ਵੇਖਦੇ ਹਾਂ ਕਿ ਅਜੋਕਾ ਮਾਨਵ ਵਿਸ਼ਵ ਪੱਧਰ ‘ਤੇ ਆਪਣੀ ਗੱਲ ਕਹਿਣ ਦਾ ਇੱਛਕ ਹੀ ਨਹੀਂ ਸਗੋਂ ਹਰ ਜੁਗਤ ਨਾਲ ਉਸਨੂੰ ਮਨਵਾਉਣ ਦਾ ਆਦੀ ਬਣਦਾ ਜਾ ਰਿਹਾ ਹੈ ਭਾਵੇਂ ਉਸ ਦੀ ਗੱਲ ਜਾਇਜ਼ ਹੈ ਜਾਂ ਨਾਜਾਇਜ਼। ਉਹ ਦੂਸਰੇ ਦੀ ਗੱਲ ਨਾ ਤਾਂ ਸੁਣਨ ਲਈ ਹੀ ਤਿਆਰ ਹੈ ਤੇ ਨਾ ਆਪਣੀ ਗੱਲ ਨੂੰ ਲਾਗੂ ਕਰਵਾਉਣ ਸਮੇਂ ਦੂਸਰੇ ਦੇ ਜਜ਼ਬਾਤਾਂ ਤੇ ਹਾਲਾਤ ਦੀ ਪਰਵਾਹ ਹੀ ਕਰਦਾ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਜਿਹੀ ਰੁਚੀ ਨੂੰ ਸਵੀਕਾਰ ਨਹੀਂ ਕਰਦੇ। ਇਨ੍ਹਾਂ ਬਾਣੀਕਾਰਾਂ ਦਾ ਵਿਸ਼ਵਾਸ ਅਤੇ ਕਾਰਜ-ਸ਼ੈਲੀ ਤਾਨਾਸ਼ਾਹੀ ਜਾਂ ਸ਼ਾਸਤਰਾਰਥ ਵਾਲੀ ਨਹੀਂ ਸਗੋਂ ਇਸ ਦੀ ਬੁਨਿਆਦ ਸੰਵਾਦ ਹੈ। ਬਿਨਾਂ ਸੋਚ-ਸਮਝ ਦੇ ਨਸਲੀ, ਮਜ਼ਹਬੀ ਜਾਂ ਰਾਜਨੀਤਿਕ ਤੁਅੱਸਬ ਕਰਕੇ ਕਿਸੇ ਨਾਲ ਨਫ਼ਰਤ ਕਰਨੀ ਪਾਪ ਮੰਨਦਿਆਂ ਇਹ ਬਾਣੀਕਾਰ ‘ਹਮ ਸਭਨਾ ਕੇ ਸਾਜਨ’ ਅਤੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦਾ ਸੁਰ-ਸੰਗੀਤ ਛੇੜਦੇ ਹਨ। ਇਸੇ ਲਈ ਇਸ ਗ੍ਰੰਥ ਦੇ ਪ੍ਰਮੁੱਖ ਬਾਣੀਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕਸੁਰਤਾ, ਸਹਿਨਸ਼ੀਲਤਾ ਅਤੇ ਅਮਨ-ਸਥਾਪਤੀ ਲਈ ਵਿਸ਼ਵ-ਮਾਨਵ ਨੂੰ ਸੰਦੇਸ਼ ਦਿੱਤਾ ਕਿ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥          (ਪੰਨਾ ੬੬੧)

ਇਥੇ ਸੰਦੇਸ਼ ਹੈ ਕਿ ਪਹਿਲਾਂ ਦੂਸਰੇ ਦੀ ਗੱਲ ਸੁਣੋ ਅਤੇ ਉਸ ਦੇ ਜਜ਼ਬਾਤਾਂ ਨੂੰ ਬਿਨਾਂ ਠੇਸ ਪਹੁੰਚਾਏ ਮਾਨਵ-ਭਲਾਈ ਹਿੱਤ ਆਪਣੀ ਗੱਲ ਕਹੋ। ਸੱਚੀ ਗੱਲ ਹੈ ਵੀ ਇਹੋ ਕਿ ਗਿਆਨ ਉਦੋਂ ਹੀ ਗਤੀਮਾਨ ਹੁੰਦਾ ਹੈ ਜਦੋਂ ਦੋ ਵਿਚਾਰਧਾਰਾਵਾਂ ਸੰਵਾਦ ਵਿਚ ਆਉਣ। ਇਸੇ ਲਈ ਬਾਬਾ ਫਰੀਦ ਜੀ ਵੀ ਸਪੱਸ਼ਟ ਰੂਪ ਵਿਚ ਮਨੁੱਖ ਨੂੰ ਸਾਵਧਾਨ ਕਰਦੇ ਹਨ:
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥     (ਪੰਨਾ ੧੩੮੪)

ਇਹ ਜੀਵਨ-ਜੁਗਤ ਇਕ ਅਜਿਹੀ ਮਾਨਸਿਕ ਅਵਸਥਾ ਹੈ ਜੋ ਵੱਖ-ਵੱਖ ਸੱਭਿਆਚਾਰਾਂ ਦੇ ਮਨੁੱਖਾਂ ਅੰਦਰ ਆਪਸੀ ਸਾਂਝ ਪੈਦਾ ਕਰਦੀ ਹੈ ਅਤੇ ਉਹ ਇਸ ਜੁਗਤ ਅਧੀਨ ਸਾਂਝੀ ਕਿਸਮਤ ਅਤੇ ਸਾਂਝੇ ਵਿਸ਼ਵਾਸ ਦੇ ਭਾਈਵਾਲ ਬਣ ਜਾਂਦੇ ਹਨ। ਦਰਅਸਲ ਆਦਿ-ਮਾਨਵ ਇਸੇ ਬਿਰਤੀ ਦਾ ਅਨੁਸਾਰੀ ਸੀ। ਪਰ ਸਮਾਂ ਪਾ ਕੇ ਇਹ ਭਾਵਨਾ ਹੌਲੀ-ਹੌਲੀ ਮੱਧਮ ਪੈਂਦੀ ਗਈ ਅਤੇ ਅੱਜ ਇਹ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਫਿਰਕੂ ਦੰਗਿਆਂ ਅਤੇ ਨਸਲੀ ਵਿਤਕਰਿਆਂ ਦੀ ਭਾਵਨਾ ਨੂੰ ਭਾਂਪਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ-ਸੰਸਾਰ ਨੂੰ ਜੋ ਪ੍ਰਥਮ ਸੰਦੇਸ਼ ਦਿੱਤਾ, ਉਸ ਦਾ ਅਨੁਸਰਣ ਕਰਨਾ ਅਜੋਕੇ ਸਮੇਂ ਦੇ ਮਨੁੱਖ ਦੀ ਵੱਡੀ ਲੋੜ ਹੈ। ਸੁਲਤਾਨਪੁਰ ਵਿਚ ਆਪ ਜੀ ਦਾ ਪਰਮ ਸੰਦੇਸ਼ ਸੀ:
ਨਾ ਕੋ ਹਿੰਦੂ ਨ ਮੁਸਲਮਾਨ॥

ਇਹੋ ਗੱਲ ਆਪ ਜੀ ਨੇ ਮੱਕੇ ਵਿਚ ਹਾਜ਼ੀਆਂ ਨੂੰ ਉਨ੍ਹਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਸਮੇਂ ਆਖੀ ਕਿ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
(ਭਾਈ ਗੁਰਦਾਸ ਜੀ, ਵਾਰ ੧:੩੩)

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਾਨਵ-ਸੰਸਾਰ ਵਿਚ ਇਕਸੁਰਤਾ, ਸਹਿਨਸ਼ੀਲਤਾ ਅਤੇ ਅਮਨ-ਸ਼ਾਂਤੀ ਦਾ ਪੈਗਾਮ ਦੇਣ ਲਈ ਚਾਰ ਉਦਾਸੀਆਂ ਕੀਤੀਆਂ ਗਈਆਂ। ਇਹ ਉਦਾਸੀਆਂ ਭਾਰਤ, ਮੱਕਾ, ਮਦੀਨਾ, ਬਗਦਾਦ, ਰੂਸ ਅਤੇ ਸ੍ਰੀ ਲੰਕਾ ਦੇ ਉਨ੍ਹਾਂ ਪ੍ਰਸਿੱਧ ਸਥਾਨਾਂ ਨਾਲ ਸੰਬੰਧਿਤ ਹਨ ਜੋ ਹਿੰਦੂ ਧਰਮ, ਇਸਲਾਮ, ਸੂਫ਼ੀਆਂ ਅਤੇ ਜੋਗੀਆਂ ਦੇ ਗੜ੍ਹ ਸਮਝੇ ਜਾਂਦੇ ਸਨ। ਆਪ ਜੀ ਆਪਣੀ ਵਿਚਾਰਧਾਰਾ ਦੇ ਸੰਚਾਰ ਲਈ ਖ਼ੁਦ ਵੱਖ-ਵੱਖ ਧਰਮਾਂ ਦੇ ਆਗੂਆਂ ਕੋਲ ਪੁੱਜੇ ਅਤੇ ਗਿਆਨ-ਚਰਚਾ ਦੀ ਜੁਗਤ ਰਾਹੀਂ ਆਪਣਾ ਮਾਨਵ-ਹਿਤੂ ਸੰਦੇਸ਼ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਸੁਣੀ ਅਤੇ ਫੇਰ ਆਪਣੀ ਸੁਣਾਈ।

ਨਿਰਸੰਦੇਹ ਮਨੁੱਖਾਂ ਵਿਚ ਖ਼ਿਆਲਾਂ, ਗੁਣਾਂ, ਧਾਰਮਕ ਵਿਚਾਰਾਂ, ਰਹੁ-ਰੀਤਾਂ ਅਤੇ ਨਸਲਾਂ ਕਰਕੇ ਭੇਦ ਹੁੰਦਾ ਹੈ। ਕੰਮ ਦੇ ਲਿਹਾਜ਼ ਨਾਲ ਸੰਸਾਰਕ ਪਦਵੀਆਂ ਅੱਡਅੱਡ ਹੁੰਦੀਆਂ ਹਨ, ਪਰ ਇਸ ਦੇ ਬਾਵਜੂਦ ਮਨੁੱਖ ਦੀ ਬਣਤਰ ਅਤੇ ਮਨੁੱਖਤਾ ਦਾ ਸਰੂਪ ਇਕ ਹੀ ਹੁੰਦਾ ਹੈ, ਉਸ ਦੇ ਸੁਭਾਵਕ ਗੁਣ ਅੱਡ-ਅੱਡ ਨਹੀਂ ਹੁੰਦੇ। ਹਰੇਕ ਮਨੁੱਖ ਵਿਚ ਪ੍ਰਭੂ ਨੇ ਗੁਣ ਭਰੇ ਹਨ ਅਤੇ ਵਿਕਾਸ ਕਰਨ ਦੀ ਸ਼ਕਤੀ ਬਖਸ਼ੀ ਹੈ। ਇਹ ਠੀਕ ਹੈ ਕਿ ਸ੍ਰਿਸ਼ਟੀ-ਰਚਨਾ ਵਿਚ ਬੜਾ ਭੇਦ ਹੈ। ਗੁਣ, ਕਰਮ ਅਤੇ ਸੁਭਾਅ ਕਰਕੇ ਸਾਰੇ ਮਨੁੱਖ ਇੱਕੋ ਜਿਹੇ ਨਹੀਂ ਹੋ ਸਕਦੇ, ਪਰ ਫਿਰ ਵੀ ਰੰਗ-ਬਿਰੰਗੀ ਇਹ ਭਿੰਨਤਾ ਮਨੁੱਖ ਨੂੰ ਮਨੁੱਖਤਾ ਦੇ ਸੂਤਰ ਵਿਚ ਇਕ-ਸਮਾਨ ਪਰੋ ਕੇ ਰੱਖਦੀ ਹੈ। ਇਸੇ ਲਈ ਤਾਂ ਨੀਵਾਂ ਕਰਮ ਕਰਨ ਵਾਲੇ ਸੇਵਾਦਾਰ/ਸੇਵਕ/ਦਾਸ ਆਪਣੇ ਗੁਣ-ਕਰਮ ਕਾਰਨ ਉੱਚ ਪਦਵੀ ਪ੍ਰਾਪਤ ਕਰ ਕੇ ਭਾਈ ਲਹਿਣਾ ਜੀ ਤੋਂ ਸਿੱਖਾਂ ਦੇ ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਬਣ ਗਏ। ਮਾਨਵ-ਸੰਸਾਰ ਦੇ ਇਤਿਹਾਸ ਵਿਚ ਇਹ ਅਜਿਹਾ ਕ੍ਰਾਂਤੀਕਾਰੀ ਮੋੜ ਸੀ ਜਿਸ ਨੇ ਸਾਧਾਰਨ ਮਾਨਵ ਨੂੰ ਬਲ ਪ੍ਰਦਾਨ ਕੀਤਾ, ਸਿਰ ਉੱਚਾ ਕਰ ਕੇ ਜੀਵਨ ਜਿਊਣ ਦਾ। ਕਿਉਂਕਿ ਇਸ ਤੋਂ ਪਹਿਲਾਂ ਤਾਂ ਮਾਨਵ-ਸਮਾਜ ਵਿਚ ਪ੍ਰਚਲਤ ਵਰਣ-ਵਿਵਸਥਾ ਅਧੀਨ ਸੇਵਾ/ਸੇਵਾਦਾਰ ਦਾ ਕੰਮ ਉੱਪਰਲੇ ਤਿੰਨ ਵਰਗਾਂ ਦੀ ਸੇਵਾ ਕਰਨ ਤਕ ਹੀ ਸੀਮਤ ਸੀ। ਦਾਸ ਹੁੰਦਿਆਂ ਗੁਰੂ-ਪਦ ਦੀ ਪ੍ਰਾਪਤੀ ਕਰਨ ਬਾਰੇ ਕਦੇ ਕੋਈ ਸੁਪਨੇ ਵਿਚ ਵੀ ਨਹੀਂ ਸੀ ਸੋਚ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਮ ਬਾਣੀਕਾਰ ਨੇ ਇਹ ਚਮਤਕਾਰ ਕਰ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ।

ਸਿੱਖ ਧਰਮ ਦੇ ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੇ ਮਨੁੱਖਾਂ ਵਿਚ ਹਰ ਪ੍ਰਕਾਰ ਦੀ ਧਰਮ-ਵੰਡ, ਵਰਣ-ਵੰਡ, ਜਾਤ-ਪਾਤ, ਊਚ-ਨੀਚ ਦੀ ਵੰਡ ਸਮਾਪਤ ਕਰਦਿਆਂ ਪੰਗਤ-ਸਿਸਟਮ ਨੂੰ ਸੰਸਥਾਈ ਰੂਪ ਦਿੱਤਾ ਜਿਸ ਦੇ ਅੰਤਰਗਤ ਹਰੇਕ ਮਾਨਵ ਨੂੰ ਪਹਿਲੋਂ ਲੰਗਰ ਵਿਚ ਇੱਕੋ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਣਾ ਪੈਂਦਾ ਸੀ। ਇਸੇ ਲਈ ਬਾਦਸ਼ਾਹ ਅਕਬਰ ਨੇ ਵੀ ਲੰਗਰ ਵਿਚ ਆਮ ਲੋਕਾਂ ਵਿਚ ਬੈਠ ਕੇ ਪਰਸ਼ਾਦਾ ਛਕਿਆ ਸੀ। ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਨੇ ਤਾਂ ਅਨੂਪ ਰਾਮਦਾਸ ਪੁਰ ਨਗਰੀ ਵਸਾਉਣ ਸਮੇਂ ਬਿਨਾਂ ਭਿੰਨ-ਭੇਦ, ਵੱਖ-ਵੱਖ ਧਰਮਾਂ, ਕਿੱਤਿਆਂ ਦੇ ੫੨ ਕਿਸਮ ਦੇ ਲੋਕ ਇਥੇ ਵਸਾਏ ਜਿਨ੍ਹਾਂ ਨੂੰ ਆਪੋ-ਆਪਣੇ ਧਰਮ-ਕਰਮ ਦੀ ਪੂਰਨ ਆਜ਼ਾਦੀ ਸੀ। ਦਰਅਸਲ ਸਿੱਖ ਧਰਮ ਵਿਚ ਫਿਰਕਾਪ੍ਰਸਤੀ, ਨਫ਼ਰਤ, ਅਤੇ ਮਾਨਵ-ਵੰਡ ਪੈਦਾ ਕਰਨ ਵਾਲੇ ਤੱਤਾਂ ਨੂੰ ਮੂਲੋਂ ਹੀ ਅਪ੍ਰਵਾਨ ਕਰਦਿਆਂ ਹਰੇਕ ਧਰਮ ਦੀ ਅਧਾਰਸ਼ਿਲਾ ਸੱਚ ਉੱਤੇ ਟਿਕਾਈ ਗਈ ਹੈ। ਸੱਚਾ ਧਰਮ ਹਮੇਸ਼ਾਂ ਮਾਨਵਤਾ ਦੀ ਸੇਵਾ ਤੇ ਭਲਾਈ ਦੀ ਚਾਹਨਾ ਕਰਿਆ ਕਰਦਾ ਹੈ:
ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥              (ਪੰਨਾ ੧੧੮੮)

ਇਹੋ ਕਾਰਨ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਸਮੁੱਚੇ ਦੁਖੀ ਸੰਸਾਰ ਦੇ ਭਲੇ ਲਈ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥           (ਪੰਨਾ ੮੫੩)

ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਸਮੇਂ ਇਸ ਦੇ ਚਹੁੰ ਪਾਸੀਂ ਦਰਵਾਜ਼ੇ ਰੱਖ ਦਿੱਤੇ। ਇਹ ਚਾਰ ਦਰਵਾਜ਼ੇ ਚਹੁੰ ਵਰਣਾਂ ਦੇ ਮਨੁੱਖਾਂ ਨੂੰ ਚਹੁੰ ਦਿਸ਼ਾਵਾਂ ਤੋਂ, ਬਿਨਾਂ ਭਿੰਨ-ਭੇਦ ਹਰ ਪ੍ਰਕਾਰ ਦੇ ਇਕ ਸਮਾਨ ਸਤਿਕਾਰ, ਅਧਿਕਾਰ ਤੇ ਪਿਆਰ ਦੇਣ ਦੇ ਸੂਚਕ ਹਨ। ਇਥੇ ਹੀ ਬਸ ਨਹੀਂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੰਸਾਰ ਦੇ ਧਾਰਮਕ ਸਾਹਿਤ-ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ-ਕਾਰਜ, ਇਕ ਇਤਿਹਾਸਕ ਕਾਰਨਾਮਾ ਹੈ। ਸਿੱਖ ਧਰਮ ਦੇ ਇਸ ਪਾਵਨ ਗ੍ਰੰਥ ਵਿਚ ਜਿੱਥੇ ਛੇ ਸਿੱਖ ਗੁਰੂ ਸਾਹਿਬਾਨ ਦੀ ਧੁਰ ਕੀ ਬਾਣੀ ਦਰਜ ਹੈ ਉਥੇ ਨਾਲ ਹੀ ੩੦ ਹੋਰ ਸੰਤ-ਭਗਤਾਂ ਦੀ ਬਾਣੀ ਵੀ ਦਰਜ ਹੈ। ਸੰਸਾਰ ਦੇ ਕਿਸੇ ਧਾਰਮਕ ਗ੍ਰੰਥ ਵਿੱਚੋਂ ਅਜਿਹੀ ਮਿਸਾਲ ਨਹੀਂ ਮਿਲਦੀ। ਇਨ੍ਹਾਂ ਵਿਚ ਹਿੰਦੂ ਅਤੇ ਇਸਲਾਮ ਧਰਮ ਦੇ ਅਜਿਹੇ ਸੰਤ ਪੁਰਸ਼ ਸ਼ਾਮਲ ਹਨ ਜਿਨ੍ਹਾਂ ਵਿਚ ਤਥਾਕਥਿਤ ਉੱਚ ਜਾਤਾਂ ਦੇ ਭਗਤ ਪੀਪਾ ਜੀ, ਭਗਤ ਜੈਦੇਵ ਜੀ ਅਤੇ ਤਥਾਕਥਿਤ ਨਿਮਨ ਜਾਤਾਂ ਦੇ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਾਈ ਮਰਦਾਨਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਰਾਏ ਜੀ ਆਦਿ ਵੀ ਸ਼ਾਮਲ ਹਨ।ਇਨ੍ਹਾਂ ੩੬ ਬਾਣੀਕਾਰਾਂ ਦੀ ਇਹ ਬਾਣੀ ੩੧ ਮੁੱਖ ਅਤੇ ੩੫ ਉਪ-ਰਾਗਾਂ ਵਿਚ ਮਾਨਵ-ਪ੍ਰੇਮ ਦਾ ਸੰਦੇਸ਼ ਸੰਚਾਰਦਿਆਂ ਆਖਦੀ ਹੈ ਕਿ:
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥           (ਪੰਨਾ ੧੭)

ਕਿਉਂਕਿ ਸੱਚੀ ਗੱਲ ਹੈ ਹੀ ਇਹ ਕਿ:

ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ॥     (ਪੰਨਾ ੯੬)

ਇਸ ਸੰਦਰਭ ਵਿਚ ਮਾਨਵ-ਸੰਸਾਰ ਦੇ ਹਰੇਕ ਮਾਨਵ ਨੂੰ ਕਬੀਰ ਸਾਹਿਬ ਦੇ ਇਹ ਬੋਲ ਪੱਲੇ ਬੰਨ੍ਹ ਲੈਣੇ ਚਾਹੀਦੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥੧॥ ਰਹਾਉ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥੨॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥੩॥
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ॥ (ਪੰਨਾ ੧੩੪੯-੫੦)

ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸੈ ਬਾਹਰਾ ਜੀਉ’ ਦੀ ਧੁਨ ਅਜਿਹਾ ਮਾਹੌਲ ਸਿਰਜਦੀ ਹੈ ਜੋ ਮਾਨਵ-ਰਿਸ਼ਤਿਆਂ ਨੂੰ ਪੱਕਿਆਂ ਕਰਨ ਵਾਲਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਬਾਣੀਕਾਰਾਂ ਦੀ ਵੱਡੀ ਵਡਿਆਈ ਤੇ ਅਚਰਜ ਸ਼ੋਭਾ ਇਸ ਤੱਥ ਵਿਚ ਵੀ ਹੈ ਕਿ ਇਹ ਸਾਰੇ ਬਾਣੀਕਾਰ ਲੋਕਾਂ ਨੂੰ ਇਕ ਦੂਜੇ ਨੂੰ ਸਮਝਣ, ਦੂਜੇ ਦੀਆਂ ਭਾਵਨਾਵਾਂ ਨੂੰ ਸਹਾਰਨ, ਪਿਆਰਨ ਅਤੇ ਅਮਨ-ਚੈਨ ਨਾਲ ਰਹਿਣ ਦੀ ਭਾਵਨਾ ਜਾਗ੍ਰਿਤ ਕਰਨ ਲਈ ਯਤਨਸ਼ੀਲ ਰਹੇ। ਮਨੁੱਖ ਨੂੰ ਮਨੁੱਖ ਨਾਲ ਜੋੜਨ ਅਤੇ ਮੈਤ੍ਰੀਭਾਵ ਦਾ ਵਾਯੂਮੰਡਲ ਸਿਰਜਣ ਵਿਚ ਇਹ ਸਾਰੇ ਬਾਣੀਕਾਰ ਪੂਰੀ ਤਰ੍ਹਾਂ ਸਰਗਰਮ ਸਨ। ਇਨ੍ਹਾਂ ਬਾਣੀਕਾਰਾਂ ਦਾ ਸਪੱਸ਼ਟ ਮੱਤ ਸੀ ਕਿ ਦੂਜਿਆਂ ਦੇ ਔਗੁਣ ਵੇਖਣ ਦੀ ਥਾਂ ਉਨਾਂ ਦੇ ਗੁਣਾਂ ਨਾਲ ਸਾਂਝ ਪਾਉਣੀ ਹੀ ਅਕਲਮੰਦੀ ਹੈ:
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ ੭੬੬)

ਇਸੇ ਲਈ ਬਾਬਾ ਫਰੀਦ ਜੀ ਨੇ ਫ਼ੁਰਮਾਨ ਕੀਤਾ ਸੀ:
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥

ਅਜਿਹਾ ਕਰਨ ਵਾਲਾ ਮਨੁੱਖ ਹੀ ਉਸ ਅਵਸਥਾ ਨੂੰ ਪੁੱਜ ਸਕਦਾ ਹੈ ਜਿੱਥੇ:
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ ੧੩੮੨)

ਇਸ ਸੰਦਰਭ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਇਥੋਂ ਤਕ ਆਖਦੇ ਹਨ ਕਿ ਹੇ ਮਾਨਵ, ਤੂੰ:
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥ (ਪੰਨਾ ੩੨੨)

ਕਿਉਂਕਿ ਲੁਕ-ਛਿਪ ਕੇ ਕੁਕਰਮ, ਰਿਸ਼ਵਤ, ਠੱਗੀ, ਚੋਰੀ ਆਦਿ ਕਰਨ ਵਾਲੇ ਪ੍ਰਾਣੀ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਕੋਈ ਨਹੀਂ ਵੇਖਦਾ, ਪਰ ਉਹ ਪਰਮਾਤਮਾ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦੇ। ਇਸੇ ਲਈ ਕਬੀਰ ਸਾਹਿਬ ਅਜਿਹੇ ਪ੍ਰਾਣੀਆਂ ਨੂੰ ਸਾਵਧਾਨ ਕਰਦੇ ਹਨ :
ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਪੰਨਾ ੬੫੬)

ਇਸ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਮਨੁੱਖ ਨੂੰ ਉਪਦੇਸ਼ ਦਿੱਤਾ:
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ ੯੧੮)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੂਸਰੇ ਦੀ ਜ਼ਰ, ਜ਼ੋਰੂ, ਜ਼ਮੀਨ ਨੂੰ ਹਥਿਆਉਣ ਦੀ ਰੁਚੀ ਨੂੰ ਮੁੱਢੋਂ ਹੀ ਨਕਾਰਦਿਆਂ ਇਸ ਨੂੰ ਮੁਸਲਮਾਨਾਂ ਲਈ ਸੂਅਰ ਦਾ ਮਾਸ ਅਤੇ ਹਿੰਦੂਆਂ ਲਈ ਗਊ ਦਾ ਮਾਸ ਖਾਣ ਦੇ ਬਰਾਬਰ ਪਾਪ-ਕਰਮ ਦੱਸਿਆ ਗਿਆ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ ੧੪੧)

ਇਸ ਲਈ ਸਿੱਖ ਧਰਮ ਵਿਚ ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨ ਤੇ ਵੰਡ ਛਕਣ ਦੀ ਪਰੰਪਰਾ ਪ੍ਰਚੱਲਤ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)

ਸਿੱਖ ਧਰਮ ਦਾ ਮਨੁੱਖਤਾ ਨੂੰ ਉਪਦੇਸ਼ ਹੀ ਇਹ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥     (ਪੰਨਾ ੫੨੨)

ਕਿਉਂਕਿ ਉੱਦਮੀ ਤੇ ਉਤਸ਼ਾਹੀ ਮਾਨਵ-ਚੇਤਨਾ ਹੀ ਇਕਸੁਰਤਾ, ਸਹਿਨਸ਼ੀਲਤਾ ਅਤੇ ਸ਼ਾਂਤੀ-ਮਾਰਗ ਦੀ ਪਾਂਧੀ ਬਣ ਸਕਦੀ ਹੈ। ਅਜਿਹੀ ਚੇਤਨਾ ਹੀ :
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥ (ਪੰਨਾ ੮੧੫)
ਦੀ ਧਾਰਨੀ ਬਣ ਕਥਨੀ ਤੇ ਕਰਨੀ ਵਿਚ ਇਕਸੁਰਤਾ ਲਿਆ ਸਕਦੀ ਹੈ। ਕਥਨੀ ਤੇ ਕਰਨੀ ਵਿਚ ਇਕਸੁਰਤਾ ਨਾ ਰੱਖਣ ਵਾਲੇ ਇਸ ਕਾਰਜ-ਖੇਤਰ ਵਿਚ ਸਫਲ ਨਹੀਂ ਹੋ ਸਕਦੇ: –

ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ॥ (ਪੰਨਾ ੯੮੧)
– ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨੁ ਗਿਰਾਵਹਿ॥ (ਪੰਨਾ ੩੩੨)
– ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ (ਪੰਨਾ ੪੭੩)

ਇਸ ਲਈ ਸੱਚਾ ਮਨੁੱਖ ਉਹੋ ਹੈ ਜਿਸ ਦੇ ਹਿਰਦੇ ਅੰਦਰ ਪਾਪ-ਕਰਮ ਦੀ ਭਾਵਨਾ ਪੈਦਾ ਹੀ ਨਾ ਹੋਵੇ:

ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ॥ (ਪੰਨਾ ੧੯੮)

ਕਹਿਣ ਨੂੰ ਤਾਂ ਸਾਰੇ ਆਗੂ ਮੁੱਦਤਾਂ ਤੋਂ ਆਖਦੇ ਆ ਰਹੇ ਹਨ ਕਿ ਸਾਰੇ ਮਨੁੱਖ ਬਰਾਬਰ ਹਨ ਪਰ ਅਮਲੀ ਤੌਰ ‘ਤੇ ਉਹ ਇਸ ਪਾਸੇ ਇੱਕ ਕਦਮ ਵੀ ਪੁੱਟਣ ਲਈ ਤਿਆਰ ਨਹੀਂ ਹੋਏ। ਉਹ ਹਾਲੇ ਤਕ ਇਹ ਸੱਚ ਪ੍ਰਵਾਨ ਕਰਨ ਨੂੰ ਰਾਜ਼ੀ ਨਹੀਂ ਹੋ ਰਹੇ ਕਿ ਕੁਦਰਤ ਦੀਆਂ ਬੇਪਨਾਹ ਦਾਤਾਂ ਉੱਤੇ ਮਾਲਕੀ ਸਾਰੇ ਮਨੁੱਖਾਂ ਦੀ ਹੈ, ਕਿਸੇ ਇੱਕ ਫਿਰਕੇ ਜਾਂ ਵਿਸ਼ੇਸ਼ ਵਿਅਕਤੀ ਦੀ ਨਹੀਂ। ਗੁਰਬਾਣੀ ਕਿਸੇ ਨੂੰ ਗ਼ੁਲਾਮ ਬਣਾਉਣ ਤੇ ਆਪੂੰ ਮਾਲਕ ਬਣ ਬੈਠਣ ਦੀ ਜੁਗਤ ਨੂੰ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਹਰੇਕ ਮਨੁੱਖ ਨੂੰ ਮਾਨਸਕ ਆਜ਼ਾਦੀ, ਸਮਾਨ ਅਧਿਕਾਰ ਤੇ ਸਤਿਕਾਰ ਦੇਣ ਦੀ ਹਾਮੀ ਭਰਦੀ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਨੇ ਕੁਦਰਤ ਦੀ ਹਰ ਸ਼ੈਅ ਬਿਨਾਂ ਭਿੰਨ-ਭੇਦ ਦੇ ਰਚੀ ਹੈ। ਫੇਰ ਇਹ ਜਮਾਤ-ਵੰਡ, ਨਸਲ-ਵੰਡ, ਕੌਮੀਅਤ-ਵੰਡ ਦਾ ਭਿੰਨ-ਭੇਦ ਕਿਸ ਆਧਾਰ ‘ਤੇ ਕੀਤਾ ਜਾਂਦਾ ਹੈ? ਕੁਦਰਤ ਦੇ ਹਰ ਸੋਮੇ ਜਦੋਂ ਬਿਨਾਂ ਭਿੰਨ-ਭੇਦ ਆਪਣੀ ਰਹਿਮਤ ਵੰਡਦੇ ਹਨ, ਸੂਰਜ ਹਰੇਕ ਵਰਣ ਤੇ ਵਸੀਲੇ ਸਭ ਲਈ ਸਮਾਨ ਹਨ ਜੋ ਮਨੁੱਖ ਨਾਲ ਸਮਾਨਤਾ ਨੂੰ ਹਰ ਪੱਧਰ ‘ਤੇ ਸਵੀਕਾਰਦੇ ਹਨ ਤਾਂ ਫਿਰ ਮਨੁੱਖ ਵੱਲੋਂ ਮਨੁੱਖਾਂ ਵਿਚ ਵੰਡੀਆਂ ਕਿਉਂ ਪਾਈਆਂ ਜਾਂਦੀਆਂ ਹਨ? ਇਹ ਇਕ ਅਜਿਹਾ ਮਸਲਾ ਹੈ ਜਿਸ ਦਾ ਅਜੋਕੇ ਮਨੁੱਖ ਕੋਲ ਕੋਈ ਜੁਆਬ ਨਹੀਂ ਭਾਵੇਂ ਉਹ ਕਿਸੇ ਵੀ ਵਰਣ ਜਾਂ ਧਰਮ ਨਾਲ ਸੰਬੰਧਤ ਹੈ। ਗੁਰਬਾਣੀ ਵਿਚ ਪੂਰੀ ਸ਼ਿੱਦਤ ਨਾਲ ਮਾਨਵ-ਬਰਾਬਰੀ ਦੀ ਪੂਰੀ ਤਰ੍ਹਾਂ ਵਕਾਲਤ ਕੀਤੀ ਗਈ ਹੈ ਪਰ ਇਹ ਮਸਲਾ ਜਿਉਂ ਦਾ ਤਿਉਂ ਕਾਇਮ ਹੈ।

ਮੇਰੇ ਵਿਚਾਰ ਅਨੁਸਾਰ ਮਾਨਵ-ਸਮਾਜ ਵਿਸ਼ਵ-ਪੱਧਰ ‘ਤੇ ਜਿਨ੍ਹਾਂ ਵਿਰਾਟ ਸਮੱਸਿਆਵਾਂ ਦਾ ਅਜੋਕੇ ਸਮੇਂ ਸੰਤਾਪ ਭੋਗ ਰਿਹਾ ਹੈ, ਉਨ੍ਹਾਂ ਦੇ ਨਿਵਾਰਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਵਿਲੱਖਣ ਕਿਸਮ ਦਾ ਪਉੜੀ-ਵਿਧਾਨ ਪ੍ਰਾਪਤ ਹੁੰਦਾ ਹੈ। ਇਹ ਪਉੜੀ-ਵਿਧਾਨ ਹੀ ਵਿਸ਼ਵ-ਵਿਆਪੀ ਇਨ੍ਹਾਂ ਵਿਰਾਟ ਸਮੱਸਿਆਵਾਂ ਦੇ ਸਮਾਧਾਨ ਲਈ ‘ਰੋਲ ਮਾਡਲ’ ਵਜੋਂ ਨਿੱਗਰ ਤੇ ਸਾਰਥਕ ਭੂਮਿਕਾ ਨਿਭਾ ਸਕਦਾ ਹੈ।

੧. ਧਾਰਮਿਕ ਸਹਿਹੋਂਦ : ਅੱਜ ਵਿਸ਼ਵ ਦੀ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਆਪੋ ਆਪਣੇ ਧਰਮ ਦੀ ਸਰਦਾਰੀ ਨੂੰ ਸਥਾਪਤ ਕਰਨ ਦੀ ਹੈ ਹਾਲਾਂਕਿ ਪਰਮਾਤਮਾ ਇੱਕ ਹੈ, ਧਰਮ ਵੀ ਇੱਕ ਹੀ ਹੁੰਦਾ ਹੈ ਅਤੇ ਪਰਮਾਤਮਾ ਘਟ-ਘਟ ਵਾਸੀ ਤੇ ਸਰਬਵਿਆਪੀ ਹੁੰਦਾ ਹੈ ਪਰ ਫੇਰ ਵੀ ਫਿਰਕੂ ਦੰਗੇ ਭੜਕਦੇ ਹਨ। ਇਸ ਸਮੱਸਿਆ ਦਾ ਸਮਾਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੜਾ ਸਾਰਥਕ ਹੈ :
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ ੮੭੫)
ਵੈਸੇ ਵੀ ‘ਧਰਮ’ ਦੀ ਅਸਲ ਪਰਿਭਾਸ਼ਾ ਦੇ ਅੰਤਰਗਤ ਇਹ ਕਿਸੇ ਇੱਕ ਫ਼ਿਰਕੇ ਜਾਂ ਵਿਅਕਤੀ ਵਿਸ਼ੇਸ਼ ਦਾ ਹੋ ਹੀ ਨਹੀਂ ਸਕਦਾ। ਧਰਮ ਤਾਂ ਉਦੋਂ ਧਰਮ ਬਣਦਾ ਹੈ ਜਦੋਂ ਬਾਬਾ ਫਰੀਦ ਜੀ ਦੇ ਅਲਾਹੀ ਬੋਲਾਂ ਅਨੁਸਾਰ ‘ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ’ ਦੀ ਸ਼ਰਤ ਪੂਰੀ ਕੀਤੀ ਜਾਵੇ। ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਪੱਸ਼ਟ ਰੂਪ ਵਿਚ ਇਸ ਦਾ ਨਿਰਣਾ ਕੀਤਾ ਕਿ ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’ ਇਸ ਪਰਿਭਾਸ਼ਾ ਦੇ ਸਨਮੁਖ ਮੰਦਰ, ਮਸਜਿਦ, ਚਰਚ, ਗੁਰਦੁਆਰੇ ਆਦਿ ਨੂੰ ਆਪੋ ਆਪਣੀ ਮਲਕੀਅਤ ਦੱਸਣ ਵਾਲੇ ਆਗੂਆਂ ਨੂੰ ਸੇਧ ਲੈਣ ਦੀ ਲੋੜ ਹੈ।

੨. ਕੁਰੱਪਸ਼ਨ ਦੇ ਖ਼ਾਤਮੇ ਲਈ : ਅੱਜ ਸਮੁੱਚਾ ਵਿਸ਼ਵ ਕੁਰੱਪਸ਼ਨ ਦੀ ਮਾਰ ਹੇਠ ਹੈ ਜਿਸ ਬਾਰੇ ਬਾਣੀ ਫ਼ਰਮਾਉਂਦੀ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ (ਪੰਨਾ ੧੪੧)

੩. ਸ੍ਵੈਮਾਨ
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ ੧੪੨)

੪. ਹੱਕ-ਹਲਾਲ ਦੀ ਕਿਰਤ-ਕਮਾਈ
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)

੫. ਸਾਂਝੀਵਾਲਤਾ –
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ ੯੭)
– ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ ੬੭੧)
– ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ ੧੨੯੯)

੬. ਮਾਨਵ-ਬਰਾਬਰੀ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ ੧੪੨੭)

੭. ਸੰਵਾਦ/ਵਿਚਾਰ-ਚਰਚਾ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (ਪੰਨਾ ੧੧੮੫)

੮. ਏਡਜ਼
ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ ੧੧੬੪-੬੫)

੯. ਨਿੰਦਾ-ਚੁਗਲੀ
– ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥ (ਪੰਨਾ ੭੫੫)
– ਹਮ ਨਹੀ ਚੰਗੇ ਬੁਰਾ ਨਹੀ ਕੋਇ॥ (ਪੰਨਾ ੭੨੮)

੧੦. ਵੈਰ-ਵਿਰੋਧ
ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ ੩੮੬)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਇਸ ਪਉੜੀ-ਵਿਧਾਨ ਦਾ ਹੀ ਪ੍ਰਤੀਫਲ ਹੈ ਕਿ ੧੯੪੭ ਵਿਚ ਪੰਜਾਬ-ਵੰਡ ਸਮੇਂ ਜਿਸ ਤਰ੍ਹਾਂ ਦੇ ਫਿਰਕੂ ਦੰਗਿਆਂ ਨੇ ਮਾਨਵਤਾ ਦੀ ਚਿੱਟੀ ਚਾਦਰ ਲਹੂ-ਲੁਹਾਨ ਕੀਤੀ ਸੀ ਉਸ ਨੂੰ ਮੁੜ ਸਫੈਦ ਕਰਨਾ ਸੰਭਵ ਨਹੀਂ ਸੀ ਲੱਗਦਾ। ਪਰ ਸਿੱਖ ਧਰਮ ਦੀ ਸਹਿਨਸ਼ੀਲਤਾ, ਇਕਸੁਰਤਾ, ਅਮਨ-ਸ਼ਾਂਤੀ ਅਤੇ ਪ੍ਰੇਮ-ਪਿਆਰ ਦੀ ਸੁਰ ਨੇ ਇਕ ਵਾਰ ਫੇਰ ਮਾਨਵ-ਪਿਆਰ ਦੀਆਂ ਗੰਢਾਂ ਪੀਡੀਆਂ ਕਰ ਦਿੱਤੀਆਂ ਅਤੇ ਸਾਰੇ ਫ਼ਿਰਕੇ ਇਨਸਾਨਾਂ ਵਾਂਗ ਮਿਲ-ਜੁਲ ਕੇ ਰਹਿੰਦਿਆਂ ਮੁੜ ਤੋਂ ਖੁਸ਼ਹਾਲ ਜੀਵਨ ਬਸਰ ਕਰਨ ਲੱਗ ਪਏ। ਪਰੰਤੂ ਅਫ਼ਸੋਸ! ੧੯੭੮ ਅਤੇ ੧੯੮੪ ਦੀਆਂ ਵਾਰਦਾਤਾਂ ਨੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਫਿਰ ਲਾਂਬੂ ਲਾ ਦਿੱਤੇ। ਇਕ ਵਾਰ ਤਾਂ ਇੰਜ ਲੱਗਣ ਲੱਗ ਪਿਆ ਸੀ ਕਿ ਪੰਜਾਬ ਦੀ ਇਕ ਹੋਰ ਫ਼ਿਰਕੂ ਵੰਡ ਹੋ ਜਾਏਗੀ ਪਰ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ’ (ਪੰਨਾ ੧੧੮੫) ਦੇ ਸਨਮੁਖ ਮੁੜ ਕੇ ਇਕਸੁਰਤਾ, ਸਮਸੁਰਤਾ, ਸਹਿਨਸ਼ੀਲਤਾ ਅਤੇ ਸ਼ਾਂਤੀ ਪਰਤ ਆਈ ਹੈ। ਪਹਿਲਾਂ ਵਾਂਗ ਹੀ ਗੁਰਦੁਆਰਿਆਂ ਵਿਚ ਕਥਾ-ਕੀਰਤਨ ਹੁੰਦਾ ਹੈ, ਲੰਗਰ ਵਿਚ ਪਰਸ਼ਾਦੇ ਛਕਾਏ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਦੀ ਹਰ ਵਰਗ ਦੇ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ। ਫ਼ਿਰਕੂ ਭਾਵਨਾ ਅਲੋਪ ਹੋ ਗਈ ਹੈ ਅਤੇ ਸਹਿਨਸ਼ੀਲਤਾ ਤੇ ਸਾਂਝੀਵਾਲਤਾ ਸੁਣਾਈ ਦੇ ਰਹੀ ਹੈ।

ਮਾਨਵ-ਸੰਸਾਰ ਦੇ ਹਰੇਕ ਮਨੁੱਖ ਨੂੰ ਖੁਸ਼ਹਾਲ ਅਤੇ ਮਾਨਵ-ਸਾਂਝ ਨੂੰ ਮਜ਼ਬੂਤ ਕਰਨ ਲਈ ਮਾਨਵ-ਚੇਤਨਾ ਵਿਚ ਸਹਿਨਸ਼ੀਲਤਾ (Tolerance), ਇਕਸੁਰਤਾ (Understanding) ਅਤੇ ਅਮਨ-ਚੈਨ (Peace) ਦੀ ਭਾਵਨਾ ਪੈਦਾ ਕਰਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰੰਤਰ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਲਈ ਲੋੜ ਹੈ ਇਨ੍ਹਾਂ ਬਾਣੀਕਾਰਾਂ ਦੀ ਉਹ ਜੁਗਤ ਅਪਣਾਉਣ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ-ਪ੍ਰਬੰਧ ਵਿਚ ਵੀ ਉੱਤਰੀ ਤੇ ਦੱਖਣੀ ਪੱਧਤੀ ਦੇ ਰਾਗਾਂ ਨੂੰ ਇਕ-ਸਮਾਨ ਸਤਿਕਾਰ ਦੇਣ ਵਾਲੀ ਹੈ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਰਾਗਪ੍ਰਬੰਧ ਵੀ ਭਾਰਤੀ ਸੰਗੀਤ ਜਗਤ ਵਿਚ ਪ੍ਰਚਲਤ ਰਾਗ, ਰਾਗਨੀ ਸੰਗੀਤ-ਪੱਧਤੀ ਨੂੰ ਅਪ੍ਰਵਾਨ ਕਰਦਿਆਂ ਹਰੇਕ ਰਾਗਨੀ ਨੂੰ ਵੀ ‘ਰਾਗ’ ਦੀ ਉਪਾਧੀ ਦਿੰਦਿਆਂ ਸੰਗੀਤ-ਜਗਤ ਵਿਚ ‘ਗੁਰਮਤਿ ਸੰਗੀਤ’ ਦੀ ਇਕ ਵਿਲੱਖਣ ਸੰਗੀਤ-ਪੱਧਤੀ ਦੀ ਆਧਾਰਸ਼ਿਲਾ ਰੱਖਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਵੱਖ-ਵੱਖ ਧਰਮਾਂ, ਸੰਸਕ੍ਰਿਤੀਆਂ, ਸੱਭਿਆਚਾਰਾਂ, ਬੋਲੀਆਂ, ਇਲਾਕਿਆਂ ਤੇ ਜਾਤਾਂ ਦੇ ਲੋਕਾਂ ਨੂੰ ਇਕ-ਸਮਾਨ ਸਤਿਕਾਰ ਤੇ ਅਧਿਕਾਰ ਦਿੰਦਿਆਂ ਇਕ-ਸਮਾਨ ਹੀ ਪੂਜਿਆ ਜਾਂਦਾ ਹੈ। ਅੱਜ ਜਦੋਂ ਕਿ ਸਮੁੱਚਾ ਵਿਸ਼ਵ ਆਪੋ ਆਪਣੇ ਦੇਸ਼ਾਂ ਤੇ ਕੌਮਾਂ ਦੀ ਖੁਸ਼ਹਾਲੀ ਦੀ ਸੋਚ ਕਾਰਨ ਆਪਸੀ ਅੰਤਰ-ਵਿਰੋਧਾਂ ਦਾ ਸ਼ਿਕਾਰ ਹੋਣ ਕਾਰਨ ਤਬਾਹੀ ਦੇ ਕੰਢੇ ‘ਤੇ ਖੜ੍ਹਾ ਹੈ ਤਾਂ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਪਿਆਰੇ ਤੇ ਸਾਂਝ ਸੁਰ ਵਾਲੇ ਸੰਦੇਸ਼ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਨੂੰ ਠੀਕ ਪ੍ਰਸੰਗ ਵਿਚ ਵਿਸ਼ਵ-ਪੱਧਰ ‘ਤੇ ਪ੍ਰਸਾਰਨ, ਸੰਚਾਰਨ ਅਤੇ ਅਪਣਾਉਣ ਦੀ ਤਾਂ ਜੋ ਮਾਨਵਚੇਤਨਾ ਵਿਚ ਸਹਿਨਸ਼ੀਲਤਾ, ਇਕਸੁਰਤਾ ਤੇ ਅਮਨ-ਸ਼ਾਂਤੀ ਦੀ ਭਾਵਨਾ ਪੈਦਾ ਹੋ ਸਕੇ। ਅਜਿਹਾ ਉਪਰਾਲਾ ਹੀ ਮਨੁੱਖਤਾ ਨੂੰ ਏਕਤਾ ਦੇ ਸੂਤਰ ਵਿਚ ਪਰੋ ਕੇ ਮਾਨਵਸਮਾਜ ਦੇ ਜੀਵਨ-ਮਾਰਗ ਦਾ ਪ੍ਰੇਰਨਾ-ਸ੍ਰੋਤ ਬਣ ਕੇ ਵਿਸ਼ਵ-ਸਮੱਸਿਆਵਾਂ ਦਾ ਸਮਾਧਾਨ ਕਰ ਸਕਦਾ ਹੈ।

ਸ੍ਰੋਤ – ਮਾਸਿਕ ਗੁਰਮਤਿ ਪ੍ਰਕਾਸ਼

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।