No announcement available or all announcement expired.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੈਤਿਕਤਾ

-ਪ੍ਰੋ. ਸੀਤਲ ਸਿੰਘ*

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮੁੱਚੇ ਵਿਸ਼ਵ ਤੇ ਸਿੱਖ ਧਰਮ ਦਾ ਮਹਾਨਤਮ ਗ੍ਰੰਥ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ੧੬੬੧ ਬਿ./ਸੰਨ ੧੬੦੪ ਈ. ਵਿਚ ਕੀਤੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹਾਨ ਪਵਿੱਤਰ ਗ੍ਰੰਥ ਨੂੰ ‘ਗੁਰੂ’ ਦੀ ਪਦਵੀ ਪ੍ਰਦਾਨ ਕੀਤੀ। ਇਸ ਵਿਚ ੬ ਗੁਰੂ ਸਾਹਿਬਾਨ, ਗੁਰੂ ਘਰ ਦੇ ੪ ਨਿਕਟਵਰਤੀ ਗੁਰਸਿੱਖਾਂ, ੧੧ ਭੱਟਾਂ ਤੇ ੧੫ ਭਗਤਾਂ ਦੀ ਬਾਣੀ ਦਰਜ ਹੈ। ਇਹ ਸਾਰੇ ਸੰਤ, ਭਗਤ ਤੇ ਭੱਟ ਵੱਖ-ਵੱਖ ਧਰਮਾਂ, ਜਾਤਾਂ, ਫ਼ਿਰਕਿਆਂ ਅਤੇ ਇਲਾਕਿਆਂ ਨਾਲ ਸੰਬੰਧਤ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਮੂਲ ਆਧਾਰ ਅਧਿਆਤਮਿਕਤਾ ਹੈ ਜਿਸ ਵਿਚ ਪਰਮਾਤਮਾ, ਜੀਵਾਤਮਾ, ਸ੍ਰਿਸ਼ਟੀ, ਮਾਇਆ ਅਤੇ ਮੁਕਤੀ ਉੱਤੇ ਬਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਨੁੱਖ ਦੇ ਜੀਵਨ ਵਿਚ ਨੈਤਿਕ ਮੁੱਲਾਂ ਦੀ ਸਥਾਪਨਾ ਕਰਦੇ ਹੋਏ ਸਦਗੁਣਾਂ ਨੂੰ ਅਪਣਾਉਣ ਤੇ ਔਗੁਣਾਂ ਨੂੰ ਤਿਆਗਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਨੈਤਿਕਤਾ ਅਧਿਆਤਮਿਕਤਾ ਦੀ ਮੂਲ ਚੂਲ ਹੈ।

ਨੈਤਿਕਤਾ ਵਿਚ ਦਇਆ, ਸਬਰ, ਸੰਤੋਖ, ਧੀਰਜ, ਸੰਜਮਤਾ, ਨਿਮਰਤਾ, ਸਹਿਣਸ਼ੀਲਤਾ, ਦਾਨ-ਪੁੰਨ ਤੇ ਸੇਵਾ ਆਦਿ ਦੇ ਗੁਣ ਆ ਜਾਂਦੇ ਹਨ। ਨੈਤਿਕਤਾ ਇਕ ਪਾਸੇ ਜੀਵ-ਆਤਮਾ ਨੂੰ ਮੂਲ ਸ੍ਰੋਤ ਪਰਮਾਤਮਾ ਨਾਲ ਜੋੜਨ ਵਿਚ ਸਹਾਇਕ ਹੁੰਦੀ ਹੈ ਅਤੇ ਦੂਜੇ ਪਾਸੇ ਸੰਸਾਰ ਵਿਚ ਰਹਿੰਦਿਆਂ ਨਿਮਰਤਾ, ਸਬਰ, ਸੰਤੋਖ ਦਾ ਧਾਰਨੀ ਤੇ ਪਰਉਪਕਾਰੀ ਹੋ ਕੇ ਇਕ ਆਦਰਸ਼ ਸਮਾਜ ਸਿਰਜਣ ਦਾ ਕਾਰਨ ਵੀ ਬਣਦੀ ਹੈ। ਜਿਥੋਂ ਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਨੈਤਿਕਤਾ ਦਾ ਸੰਬੰਧ ਹੈ ਇਸ ਵਿਚ ਨੈਤਿਕਤਾ ਤੇ ਧਰਮ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਡਾ. ਅਵਤਾਰ ਸਿੰਘ ਅਨੁਸਾਰ:
“ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਪਰਮਾਤਮਾ ਦੀ ਹੋਂਦ ਦਾ ਦ੍ਰਿੜ੍ਹ ਵਿਸ਼ਵਾਸੀ ਹੈ। ਮਨੁੱਖਾ-ਜੀਵਨ ਦਾ ਭਾਵ ਅਤੇ ਕੀਮਤ ਇਸ ਵਿਸ਼ਵਾਸ ਦੇ ਸੱਚ ਤੋਂ ਹੀ ਉਪਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਤੇ ਇਕ ਸਰਸਰੀ ਨਜ਼ਰ ਵੀ ਪਾਠਕ ਨੂੰ, ਬਿਨਾਂ ਕਿਸੇ ਸੰਕੋਚ ਦੇ ਇਸ ਨਿਸ਼ਚੇ ‘ਤੇ ਪਹੁੰਚਾ ਦਿੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਨਾ ਵਾਹਿਗੁਰੂ ਪ੍ਰਤੀ ਡੂੰਘੀ ਤੇ ਤੀਬਰ ਪ੍ਰੇਮਾ-ਭਗਤੀ ਅਤੇ ਉਸ ਦੇ ਹੁਕਮ ਪ੍ਰਤ ਰਜ਼ਾ ਵਿਚ ਰਹਿਣ ‘ਤੇ ਆਧਾਰਿਤ ਹੈ। ਇਸ ਤਰ੍ਹਾਂ ਨੈਤਿਕ ਸਿਧਾਂਤਾਂ ਦਾ ਢਾਂਚਾ ਵਾਹਿਗੁਰੂ ਵਿਚ ਅਟੁੱਟ ਵਿਸ਼ਵਾਸ ਅਤੇ ਉਸ ਦੇ ਹੁਕਮ ਪ੍ਰਤੀ ਪਿਆਰ ਦੀ ਮਜ਼ਬੂਤ ਨੀਂਹ ‘ਤੇ ਖੜ੍ਹਾ ਹੈ। ਇਸ ਅਨੁਸਾਰ ਕੇਵਲ ਉਹ ਕਰਮ ਹੀ ਉਚਿਤ ਹਨ ਜਿਹੜੇ ਮਨੁੱਖ ਨੂੰ ਵਾਹਿਗੁਰੂ ਪ੍ਰਾਪਤੀ ਦੇ ਰਸਤੇ ‘ਤੇ ਅੱਗੇ ਵਧਾਉਣ।…ਜਗਿਆਸੂ ਦਾ ਜੀਵਨ ਨੈਤਿਕ ਆਚਰਨ ਵਾਲਾ ਹੋਣਾ ਚਾਹੀਦਾ ਹੈ। ਅਨੈਤਿਕ ਵਿਅਕਤੀ ਨਾ ਵਾਹਿਗੁਰੂ ਪ੍ਰਤੀ ਪ੍ਰੇਮ ਦੇ ਯੋਗ ਹੁੰਦਾ ਹੈ ਅਤੇ ਨਾ ਹੀ ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਵਾਹਿਗੁਰੂ ਦੀ ਹੋਂਦ ਵਿਚ ਨਿਸ਼ਚਾ ਅਤੇ ਨੈਤਿਕ ਜੀਵਨ ਆਪਸ ਵਿਚ ਜ਼ਰੂਰੀ ਅਤੇ ਪ੍ਰਯੋਜਨਮਈ ਸੰਬੰਧ ਰੱਖਦੇ ਹਨ।”੧

ਇਸ ਤਰ੍ਹਾਂ ਨੈਤਿਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਮਹੱਤਵਪੂਰਨ ਤੇ ਅਨਿੱਖੜਵਾਂ ਅੰਗ ਹੈ। ਗੁਰਬਾਣੀ ਵਿਚ ਆਚਰਨ-ਉੱਚਤਾ ਨੂੰ ਬਹੁਤ ਜ਼ਿਆਦਾ ਉਚੇਰਾ ਦੱਸਿਆ ਗਿਆ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥    (ਪੰਨਾ ੬੨)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ਸਾਹਿਬ’ ਦੀ ਪਹਿਲੀ ਪਉੜੀ ਵਿਚ ਹੀ ਇਹ ਪ੍ਰਸ਼ਨ ਉਠਾਇਆ ਹੈ ਕਿ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” (ਪੰਨਾ ੧) ‘ਸਚਿਆਰਾ’ ਹੋਣ ਲਈ ‘ਕੂੜ ਦੀ ਪਾਲ’ ਨੂੰ ਤੋੜਨਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਹ ਹੀ ਜੀਵਾਤਮਾ ਪਰਮਾਤਮਾ ਦੇ ਮਿਲਾਪ ਵਿਚ ਰੁਕਾਵਟ ਬਣਦੀ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਕਿ ‘ਕੂੜ ਦੀ ਪਾਲ’ ਨੂੰ ਪਰਮਾਤਮਾ ਦੇ ‘ਹੁਕਮ ਤੇ ਰਜ਼ਾ’ ਵਿਚ ਰਹਿ ਕੇ ਹੀ ਤੋੜਿਆ ਜਾ ਸਕਦਾ ਹੈ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥   (ਪੰਨਾ ੧)

ਗੁਰਬਾਣੀ ਅਨੁਸਾਰ ਜੀਵਾਤਮਾ ਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ; ਜੋ ਅੰਤਰ ਦਿੱਸਦਾ ਹੈ ਉਹ ਮਾਇਆ ਕਾਰਨ ਹੈ। ਜੀਵ ਮਾਇਆ ਕਾਰਨ ਵਿਸ਼ੇਵਿਕਾਰਾਂ—ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸ ਕੇ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਨਤੀਜੇ ਵਜੋਂ ਜਨਮ-ਮਰਨ ਦੇ ਗੇੜ ਵਿਚ ਫਸਿਆ ਰਹਿੰਦਾ ਹੈ:

– ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ ੯੩੨)

– ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥  (ਪੰਨਾ ੪੮੬)

ਜਿੱਥੇ ਗੁਰਬਾਣੀ ਵਿਚ ਜੀਵ ਨੂੰ ਇਨ੍ਹਾਂ ਵਿਸ਼ੇ-ਵਿਕਾਰਾਂ—ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਬਚਣ ਉੱਤੇ ਜ਼ੋਰ ਦਿੱਤਾ ਗਿਆ ਹੈ ਉਥੇ ਗੁਰਬਾਣੀ ਦੇ ਪ੍ਰਸਿੱਧ ਮਹਾਂਵਾਕ “ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥” (ਪੰਨਾ ੪੬੬) ਅਨੁਸਾਰ ਜੇ ਇਨ੍ਹਾਂ ‘ਤੇ ਕਾਬੂ ਪਾ ਕੇ, ਇਨ੍ਹਾਂ ਨੂੰ ਵੱਸ ਵਿਚ ਕਰ ਕੇ ਸਾਕਾਰੀ ਰੂਪ ਵਿਚ ਸਹਾਇਤਾ ਲਈ ਜਾਵੇ ਤਾਂ ਇਹ ਦੁਸ਼ਮਣ ਨਹੀਂ ਸਗੋਂ ਦੋਸਤ ਹੋ ਨਿੱਬੜਦੇ ਹਨ।
ਗੁਰਬਾਣੀ ਵਿਚ ਦਇਆ, ਸਬਰ, ਸੰਤੋਖ ਤੇ ਸੰਜਮ ਆਦਿ ਨੈਤਿਕ ਗੁਣਾਂ ਨੂੰ ਧਾਰਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥         (ਪੰਨਾ ੪੭੧)

ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਨਿਮਰਤਾ ਤੇ ਮਿੱਠੇ ਬੋਲ ਸਾਰੀਆਂ ਚੰਗਿਆਈਆਂ ਦਾ ਨਿਚੋੜ ਹਨ। ਆਪ ਸਿੰਮਲ ਰੁੱਖ ਦੇ ਦ੍ਰਿਸ਼ਟਾਂਤ ਰਾਹੀਂ ਇਕ ਉਚੇਰੇ ਸਦਾਚਾਰੀ ਜੀਵਨ ਦਾ ਉਪਦੇਸ਼ ਦਿੰਦੇ ਹਨ:

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥       (ਪੰਨਾ ੪੭੦)

ਗੁਰਬਾਣੀ ਅਨੁਸਾਰ ਫਿੱਕੇ ਬੋਲ ਬੋਲਣ ਨਾਲ ਮਨੁੱਖ ਦਾ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਇਹੋ ਜਿਹੇ ਫਿੱਕੇ ਬੋਲ ਬੋਲਣ ਵਾਲੇ ਨੂੰ ਪਰਮਾਤਮਾ ਦੀ ਦਰਗਾਹ ਵਿਚ ਵੀ ਸਥਾਨ ਨਹੀਂ ਮਿਲਦਾ:

– ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥  (ਪੰਨਾ ੪੭੩)
– ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥  (ਪੰਨਾ ੧੩੮੪)

ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਵੀ ਉਪਰੋਕਤ ਗੁਣਾਂ ਨੂੰ ਸਪੱਸ਼ਟ ਕਰਦਾ ਹੈ। ਗੁਰਬਾਣੀ ਵਿਚ ਚੰਗੇਰੇ ਮਨੁੱਖ ਲਈ ਉੱਦਮ ਤੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ‘ਤੇ ਬਲ ਦਿੱਤਾ ਗਿਆ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ (ਪੰਨਾ ੫੨੨)

ਨਾਲ ਹੀ:
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)

ਦਾ ਸੰਦੇਸ਼ ਦਿੰਦਿਆਂ ਦੂਸਰਿਆਂ ਦੇ ਹੱਕ ਮਾਰਨ ਵਾਲੇ ਨੂੰ ਭੰਡਿਆ ਗਿਆ ਹੈ। ਜਿਸ ਤਰ੍ਹਾਂ ਹਿੰਦੂਆਂ ਲਈ ਗਊ ਦਾ ਮਾਸ ਖਾਣਾ ਅਤੇ ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣਾ ਧਰਮ ਅਨੁਸਾਰ ਵਿਵਰਜਤ ਹੈ, ਉਸੇ ਤਰ੍ਹਾਂ ਗੁਰਬਾਣੀ ਅਨੁਸਾਰ ਦੂਸਰਿਆਂ ਦੇ ਹੱਕਾਂ ਨੂੰ ਖੋਹਣਾ ਵੀ ਪਾਪ ਹੈ:

– ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥  (ਪੰਨਾ ੧੪੧)
– ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥  (ਪੰਨਾ ੧੪੦)

ਗੁਰਬਾਣੀ ਵਿਚ ਹਰ ਪ੍ਰਕਾਰ ਦੇ ਰੰਗ, ਨਸਲ, ਧਰਮ, ਫ਼ਿਰਕੇ ਅਤੇ ਜਾਤ ਆਧਾਰਿਤ ਭੇਦ-ਭਾਵ ਤੇ ਈਰਖਾ ਨੂੰ ਨਕਾਰਿਆ ਗਿਆ ਹੈ ਅਤੇ ਸਰਬਸਾਂਝੀਵਾਲਤਾ ਨੂੰ ਸਵੀਕਾਰਿਆ ਤੇ ਉਭਾਰਿਆ ਗਿਆ ਹੈ:

– ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥   (ਪੰਨਾ ੧੩੪੯)
– ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥   (ਪੰਨਾ ੧੨੯੯)

ਸਦੀਆਂ ਤੋਂ ਭਾਰਤੀ ਸਮਾਜ ਵਿਚ ਇਸਤਰੀ ਦੀ ਸਮਾਜਿਕ ਹਾਲਤ ਬਹੁਤ ਹੀ ਤਰਸਯੋਗ ਤੇ ਅਪਮਾਨਜਨਕ ਰਹੀ ਹੈ। ਉਸ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ ਹੈ। ਇਥੋਂ ਤਕ ਕਿ ਉਸ ਨੂੰ ਆਦਮੀ ਦੇ ਪੈਰ ਦੀ ਜੁੱਤੀ ਤਕ ਕਿਹਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਬਰ, ਜ਼ੁਲਮ ਤੇ ਅੱਤਿਆਚਾਰ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਸਮਾਜ ਵਿਚ ਉਸ ਨੂੰ ਬਰਾਬਰੀ ਦਾ ਦਰਜਾ ਦਿੱਤਾ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥   (ਪੰਨਾ ੪੭੩)

ਮੱਧਕਾਲੀਨ ਸਮਾਜ ਵਿਚ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਪ੍ਰਚੱਲਿਤ ਸਨ ਜਿਵੇਂ ਸਤੀ ਪ੍ਰਥਾ, ਕੁੜੀ ਮਾਰਨਾ ਤੇ ਪਰਦਾ ਆਦਿ। ਗੁਰਬਾਣੀ ਵਿਚ ਇਨ੍ਹਾਂ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਗਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਅਸਲ ਸਤੀ ਇਸਤਰੀਆਂ ਤਾਂ ਉਹ ਹਨ ਜਿਨ੍ਹਾਂ ਸਾਊਪੁਣਾ ਤੇ ਸੰਤੋਖ ਜਿਹੇ ਗੁਣਾਂ ਨੂੰ ਧਾਰਨ ਕੀਤਾ ਹੁੰਦਾ ਹੈ, ਜੋ ਆਪਣੇ ਪਤੀ ਦੀ ਸੇਵਾ ਕਰਦੀਆਂ ਤੇ ਉਸ ਦੀ ਯਾਦ ਨੂੰ ਮਨ ਵਿਚ ਵਸਾ ਕੇ ਰੱਖਦੀਆਂ ਹਨ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ@॥
ਨਾਨਕ ਸਤੀਆ ਜਾਣੀਅਨਿ@ ਜਿ ਬਿਰਹੇ ਚੋਟ ਮਰੰਨਿ@॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ@॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ@ਾਲੰਨਿ@॥   (ਪੰਨਾ ੭੮੭)
ਗੁਰਬਾਣੀ ਵਿਚ ਨਿੰਦਿਆ ਤੋਂ ਬਚਣ ਲਈ ਆਦਰਸ਼ ਸੇਧ ਬਖਸ਼ੀ ਗਈ ਹੈ:
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥  (ਪੰਨਾ ੩੦੮)

ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੇਵਾ, ਦਾਨ, ਸੁਕਰਮ ਤੇ ਪਰਉਪਕਾਰ ਆਦਿ ਨੈਤਿਕ ਗੁਣਾਂ ਦੀ ਵੀ ਚਰਚਾ ਕੀਤੀ ਗਈ ਹੈ।
ਉਪਰੋਕਤ ਸਮੁੱਚੀ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥” (ਪੰਨਾ ੬੨) ਕਹਿ ਕੇ ਜੀਵ ਦੇ ਜੀਵਨ ਵਿਚ ਨੈਤਿਕ ਮੁੱਲਾਂ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਇਨ੍ਹਾਂ ਨੈਤਿਕ ਗੁਣਾਂ ‘ਤੇ ਚੱਲਦਿਆਂ ਹੀ ਜੀਵ ਆਪਣੇ ਮੂਲ ਸ੍ਰੋਤ ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੈ।

ਹਵਾਲੇ ਅਤੇ ਟਿੱਪਣੀਆਂ :
੧. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੈਤਿਕ ਸਿਧਾਂਤ- ਇਕ ਦਾਰਸ਼ਨਿਕ ਸਰਵੇਖਣ,
ਨਾਨਕ ਪ੍ਰਕਾਸ਼ ਪੱਤ੍ਰਿਕਾ, ਦਸੰਬਰ ੧੯੭੬, ਸੰਪਾਦਕ ਡਾ. ਤਾਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ, ਪੰ. ਯੂ. ਪਟਿਆਲਾ, ਪੰਨਾ ੧੬੩.

ਸ੍ਰੋਤ – ਮਾਸਿਕ ਗੁਰਮਤਿ ਪ੍ਰਕਾਸ਼

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।