No announcement available or all announcement expired.

੧੩ ਅਪ੍ਰੈਲ ਲਈ ਵਿਸ਼ੇਸ਼: ਖ਼ਾਲਸਾ ਪੰਥ ਦੀ ਸਾਜਣਾ ਦਾ ਗੌਰਵਮਈ ਇਤਿਹਾਸ

-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸੰਨ ੧੬੯੯ ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸੇ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ। ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ‘ਤੇ ਪਹੁੰਚਾ ਦਿੱਤਾ। ਜੇਕਰ ਇਹ ਆਖ ਲਈਏ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ ੧੬੯੯ ਦੀ ਵੈਸਾਖੀ ਦਾ ਦਿਨ ਜੁਲਮ, ਬੇਇਨਸਾਫੀ, ਵਿਤਕਰੇ, ਜਬਰ, ਝੂਠ, ਪਾਖੰਡ, ਅਨਿਆਂ ਆਦਿ ਵਿਰੁਧ ਇਕ ਸੰਘਰਸ਼ ਦਾ ਬਿਗਲ ਬਣਿਆ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਕਰ ਕੇ ਡਰੇ ਅਤੇ ਸਹਿਮੇ ਹੋਏ ਲੋਕ ਮਨਾਂ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਜਾਤਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ। ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਪੰਜਾਂ ਪਿਆਰਿਆਂ ਨੂੰ ਇੱਕੋ ਹੀ ਬਾਟੇ ‘ਚੋਂ ਅੰਮ੍ਰਿਤ ਛਕਾਇਆ ਅਤੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੀ ਤੇ ਨਿਮਾਣੀ ਕੌਮ ਦੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਸਵਾ-ਸਵਾ ਲੱਖ ਅਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ। ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਵੀ ਲਈ।

ਦਸਮ ਪਾਤਸ਼ਾਹ ਨੇ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’ ਦੇ ਮਹਾਨ ਸਿਧਾਂਤ ਨੂੰ ਸਨਮੁੱਖ ਰੱਖਦਿਆਂ ਇਹੀ ਜਜ਼ਬਾ ਪੂਰੇ ਖ਼ਾਲਸਾ ਪੰਥ ਵਿਚ ਭਰਿਆ। ਆਪ ਨੇ ਖ਼ਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ, ਅੱਤਿਆਚਾਰੀ ਤੇ ਅਨਿਆਈ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇੱਥੇ ਹੀ ਬੱਸ ਨਹੀਂ ਸਗੋਂ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ।

ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ “ਸ੍ਰੀ ਗੁਰੂ ਗੋਬਿੰਦ ਸਿੰਘ ਤਾਂ ਇਸ ਲਈ ਵਾਹ-ਵਾਹ ਦੇ ਯੋਗ ਹੋਏ ਕਿਉਂਕਿ ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ ਸਿੰਘਾਸਨ ‘ਤੇ ਬਿਠਾਇਆ ਤੇ ਉਜਲੇ ਮੁੱਖ ਵਾਲੇ ਤੇ ਸਰਬੱਤ ਦੇ ਰਾਖੇ ਬਣਾਇਆ। ਮਨੁੱਖ ਦੀ ਬਾਹਰਲੀ ਜੋਤਿ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ, ਉਸ ਦੀ ਮਹਾਨ ਸ਼ਕਤੀ ਸੀ।”

ਗੁਰੂ ਸਾਹਿਬ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦੀ ਰਹਿਣੀ ਵੀ ਦੁਨੀਆ ਨਾਲੋਂ ਨਿਰਾਲੀ ਬਖਸ਼ਿਸ਼ ਕੀਤੀ। ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖਾਲਸਾ ਝੂਠ, ਬੇਈਮਾਨੀ, ਵਲ਼ ਫਰੇਬ ਤੋਂ ਦੂਰ ਮਨੁੱਖਤਾ ਦਾ ਹਮਦਰਦ ਹੈ। ਖ਼ਾਲਸਾ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਸੱਚਾ ਤੇ ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਹੈ। ਉੱਚੀ-ਸੁੱਚੀ ਜੀਵਨ-ਜਾਚ ਅਨੁਸਾਰੀ ਹੋਣਾ ਹੀ ਖ਼ਾਲਸੇ ਦਾ ਧਰਮ ਕਰਤੱਵ ਹੈ।

ਖਾਲਸਾ ਸਾਜਣਾ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ ੧੬੯੯ ਈ. ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਆਪ ਜੀ ਦੇ ਇਸ ਸੱਦੇ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ, ਜਿਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਪਾਤਸ਼ਾਹ ਜੀ ਨੇ ਖ਼ਾਲਸੇ ਦੀ ਸਾਜਣਾ ਕੀਤੀ। ਆਪ ਜੀ ਨੇ ਵਾਰੀ ਵਾਰੀ ਪੰਜ ਸੀਸ ਮੰਗੇ, ਜਿਸ ‘ਤੇ ਖਰਾ ਉਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਇਹ ਪੰਜ ਪਿਆਰੇ ਵੱਖ-ਵੱਖ ਇਲਾਕਿਆਂ, ਫਿਰਕਿਆਂ ਨਾਲ ਸਬੰਧਤ ਸਨ। ਗੁਰੂ ਸਾਹਿਬ ਨੇ ਇਨ੍ਹਾਂ ਦੇ ਨਾਮ ਨਾਲ ‘ਸਿੰਘ’ ਲਗਾਇਆ ਅਤੇ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ।

ਖ਼ਾਲਸੇ ਦੀ ਸਾਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਮਹਾਨ ਕਾਰਜ ਸੀ, ਜਿਸ ਨੂੰ ਵਿਦਵਾਨਾਂ ਨੇ ਵਡਿਆਇਆ ਹੈ। ਖ਼ਾਲਸੇ ਦੀ ਮਹਿਮਾ ਵੀ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿਚ ਖ਼ਾਲਸੇ ਦੀ ਮਹਿਮਾ ਕਰਦੇ ਹੋਏ ਫੁਰਮਾਨ ਕਰਦੇ ਹਨ:

ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੈ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ॥

ਸੋ ਖ਼ਾਲਸਾ ਸਿਰਜਣਾ ਦਿਵਸ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਵਜੋਂ ਹੈ। ਇਸ ਇਤਿਹਾਸਕ ਅਵਸਰ ‘ਤੇ ਮੈਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਬਣੀਏ ਅਤੇ ‘ਧਰਮ ਦਾ ਜੈਕਾਰ’ ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਅਤੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।

ਅੰਤ ਵਿਚ ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਇਸ ਵਾਰ ਖਾਲਸਾ ਪੰਥ ਦੀ ਸਿਰਜਣਾ ਦਾ ਦਿਹਾੜਾ ਮਨਾਉਣ ਸਮੇਂ ਸਾਨੂੰ ਕੁਝ ਸੰਕੋਚ ਕੇ ਚੱਲਣਾ ਪਵੇਗਾ। ਇਹ ਸਮੇਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਸਭ ਘਰਾਂ ਅੰਦਰ ਬੈਠੇ ਹੋਏ ਹਾਂ। ਇਸ ਸਮੇਂ ਖਲਾਸਾ ਸਾਜਣਾ ਸਬੰਧੀ ਹੋਣ ਵਾਲੇ ਗੁਰਮਤਿ ਸਮਾਗਮਾਂ ਦੌਰਾਨ ਕੇਵਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੀ ਪਾਏ ਜਾਣਗੇ। ਕੁਝ ਸਮਾਂ ਗੁਰਬਾਣੀ ਕੀਰਤਨ ਹੋਵੇਗਾ ਪਰੰਤੂ ਸੰਗਤਾਂ ਦੇ ਇਕੱਠ ਨਹੀਂ ਹੋਣਗੇ। ਇਸ ਸਮੇਂ ਅਸੀਂ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਆਪੋ ਆਪਣੇ ਘਰਾਂ ਅੰਦਰ ਰਹਿ ਕੇ ਹੀ ਪ੍ਰਗਟਾਉਣੀ ਹੈ। ਇਸ ਵਾਰ ਖਾਲਸਾ ਸਾਜਣਾ ਦਿਵਸ ਸਮੇਂ ਹਰ ਸਿੱਖ ਪ੍ਰਚਾਰਕ ਬਣ ਕੇ ਆਪਣੇ ਬੱਚਿਆਂ ਨੂੰ ਇਸ ਦਿਹਾੜੇ ਦੀ ਮਹਾਨਤਾ ਦੱਸਣ ਲਈ ਯਤਨ ਕਰਨ। ਗੁਰਬਾਣੀ ਪਾਠ ਘਰਾਂ ਅੰਦਰ ਹੀ ਕੀਤਾ ਜਾਵੇ ਤੇ ਅਰਦਾਸ ਕੀਤੀ ਜਾਵੇ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਾਵਧਾਨੀਆਂ ਹਰ ਇੱਕ ਲਈ ਜ਼ਰੂਰੀ ਹਨ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਤਾਂ ਜੋ ਸੰਸਾਰ ਨੂੰ ਇਸ ਮਨੁੱਖੀ ਸੰਕਟ ਤੋਂ ਛੁਟਕਾਰਾ ਮਿਲ ਸਕੇ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।