ਇਤਿਹਾਸਿਕ ਦਿਹਾੜੇ - ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ – 7 ਮਾਘ (20 ਜਨਵਰੀ 2021) । ਚਾਬੀਆਂ ਦਾ ਮੋਰਚਾ (ਸ੍ਰੀ ਅੰਮ੍ਰਿਤਸਰ) – 7 ਮਾਘ (20 ਜਨਵਰੀ 2021) । ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ – 14 ਮਾਘ (27 ਜਨਵਰੀ 2021) । ਵੱਡਾ ਘੱਲੂਘਾਰਾ ਕੁੱਪ-ਰੋਹੀੜਾ (ਸੰਗਰੂਰ) – 27 ਮਾਘ (9 ਫਰਵਰੀ 2021) । ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ – 29 ਮਾਘ (11 ਫਰਵਰੀ 2021) |
 
 
 
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਏ ਗਏ ਜਾਂਚ ਕਮਿਸ਼ਨ ਦੁਆਰਾ ਪੇਸ਼ ਕੀਤੀ ਮੁਕੰਮਲ ਜਾਂਚ ਰਿਪੋਰਟ
 
 
 

੨੭ ਦਸੰਬਰ ੨੦੨੦ ਲਈ ਵਿਸ਼ੇਸ਼

ਛੋਟੀਆਂ ਜਿੰਦਾਂ ਵੱਡਾ ਸਾਕਾ

-ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਇਤਿਹਾਸ ਸੇਵਾ ਤੇ ਸਿਮਰਨ ਦੇ ਨਾਲ-ਨਾਲ ਕੁਰਬਾਨੀਆਂ ਤੇ ਸ਼ਹੀਦੀਆਂ ਦਾ ਇਤਿਹਾਸ ਵੀ ਹੈ, ਜਿਸ ਦੀ ਸਿਰਜਣਾ ਹਿਤ ਦੋ ਗੁਰੂ ਸਾਹਿਬਾਨ ਤੋਂ ਇਲਾਵਾ ਅਣਗਿਣਤ ਧਰਮੀ ਯੋਧਿਆਂ, ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦਾ ਪਵਿੱਤਰ ਲਹੂ ਡੁੱਲਿ੍ਹਆ ਹੈ। ਅੰਗਰੇਜ਼ ਇਤਿਹਾਸਕਾਰ ਐਮ.ਏ. ਮੈਕਾਲਿਫ ਅਨੁਸਾਰ ਪੰਜਾਬ ਵਿਚ ਸ਼ਹੀਦਾਂ ਦਾ ਇਤਨਾ ਖੂਨ ਡੁੱਲਿ੍ਹਆ ਹੈ ਕਿ ਅੱਜ ਵੀ ਕਿਸੇ ਪੁਰਾਤਨ ਥੇਹ ਦਾ ਇੱਟ-ਪੱਥਰ ਪੁੱਟੀਏ ਤਾਂ ਹੇਠੋਂ ਧਰਤੀ ਸੁਰਖ ਨਿਕਲਦੀ ਹੈ।
ਗੌਰਵਮਈ ਸਿੱਖ ਇਤਿਹਾਸ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਵਿਸ਼ੇਸ਼ ਸਥਾਨ ਹੈ। ਜਿਸ ਸਮੇਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਜਿੰਦਾ ਨੀਹਾਂ ਵਿਚ ਖੜ੍ਹਾ ਕਰਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀਆਂ ਉਮਰਾਂ ਕ੍ਰਮਵਾਰ ੮ ਤੇ ੫ ਸਾਲ ਸਨ, ਲੇਕਿਨ ਉਨ੍ਹਾਂ ਦੇ ਕਾਰਨਾਮੇ ਵੱਡਿਆਂ-ਵੱਡਿਆਂ ਨੂੰ ਮਾਤ ਪਾਉਂਦੇ ਹਨ। ਜਿਸ ਦਲੇਰੀ, ਸਿਦਕਦਿਲੀ ਅਤੇ ਜਿੰਦਾਦਿਲੀ ਨਾਲ ਸਾਹਿਬਜ਼ਾਦਿਆਂ ਨੇ ਨਵਾਬ ਦੀ ਕਚਹਿਰੀ ਵਿਚ ਸੂਬੇ ਦੇ ਸਵਾਲਾਂ ਦਾ ਉੱਤਰ ਦਿੱਤਾ, ਉਸ ਵੱਲੋਂ ਧਰਮ ਛੱਡਣ ਖਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਅਤੇ ਮੌਤ ਲਾੜੀ ਨੂੰ ਪਰਨਾਉਣਾ ਕਬੂਲ ਕੀਤਾ, ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਇਸੇ ਲਈ ਗੁਰੂ ਸਾਹਿਬ ਦੇ ਲਾਲਾਂ ਦੀ ਇਸ ਕੁਰਬਾਨੀ ਨੂੰ ਸਿੱਖ ਅਤੇ ਗੈਰਸਿੱਖ ਇਤਿਹਾਸਕਾਰਾਂ ਨੇ ਅਨੂਠੀ, ਅਦੁੱਤੀ ਤੇ ਲਾਸਾਨੀ ਕਿਹਾ ਹੈ।
ਦਸੰਬਰ ੧੭੦੪ ਦੇ ਉਹ ਬੜੇ ਕਹਿਰ ਭਰੇ ਦਿਨ ਸਨ ਜਦੋਂ ਕਲਗੀਧਰ ਪਿਤਾ ਜੀ ਨੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਭੇਜੇ ਨੁਮਾਇੰਦਿਆਂ ਦੀਆਂ ਧਰਮ ਗ੍ਰੰਥਾਂ ਦੀਆਂ ਕਸਮਾਂ ਉਤੇ ਇਤਬਾਰ ਕਰਕੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਛੱਡਿਆ, ਸਖਤ ਸਰਦੀ ਦੇ ਮੌਸਮ ਅਤੇ ਕਕਰੀਲੀਆਂ ਰਾਤਾਂ ਵਿਚ ਲੰਬੇ ਪੰਧ ਕੀਤੇ, ਸਰਸਾ ਨਦੀ ਦੇ ਕੰਢੇ ਮੁਲਖੱਈਏ ਨਾਲ ਹੋਈ ਮੁੱਠ ਭੇੜ ਅਤੇ ਸ਼ੂਕਦੀ ਹੋਈ ਨਦੀ ਨੂੰ ਪਾਰ ਕਰਨ ਸਮੇਂ ਸਾਰਾ ਪਰਿਵਾਰ ਹੀ ਖੇਰੂੰ-ਖੇਰੂੰ ਹੋ ਗਿਆ। ਗੁਰੂ ਜੀ ਵੱਡੇ ਦੋ ਸਾਹਿਬਜ਼ਾਦੇ, ਪੰਜ ਪਿਆਰਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵੱਲ ਰਵਾਨਾ ਹੋ ਗਏ ਜਦੋਂ ਕਿ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਨਿਖੜ ਗਏ, ਜਿਨ੍ਹਾਂ ਨੂੰ ਗੰਗੂ ਰਸੋਈਆ ਆਪਣੇ ਪਿੰਡ ਸਹੇੜੀ (ਖੇੜੀ) ਲੈ ਗਿਆ। ਮਾਤਾ ਜੀ ਤੇ ਸਾਹਿਬਜ਼ਾਦੇ ਥੱਕੇ ਹੋਏ ਹੋਣ ਕਾਰਨ ਜਲਦੀ ਹੀ ਸੌਂ ਗਏ, ਉਧਰ ਗੰਗੂ ਦੀ ਬੁੱਧੀ ਮਾਤਾ ਜੀ ਪਾਸ ਕੁਝ ਧਨ-ਦੌਲਤ ਹੋਣ ਕਾਰਨ ਭ੍ਰਿਸ਼ਟ ਹੋ ਗਈ। ਮੌਕਾ ਵੇਖ ਕੇ ਉਸਨੇ ਮੋਹਰਾਂ ਦੀ ਥੈਲੀ ਖਿਸਕਾ ਲਈ ਅਤੇ ਮਾਤਾ ਜੀ ਵੱਲੋਂ ਪੁੱਛਣ ਉਤੇ ਸਾਫ ਮੁੱਕਰ ਗਿਆ। ਏਨਾ ਹੀ ਨਹੀਂ ਬਲਕਿ ਜ਼ੋਰ-ਜ਼ੋਰ ਦੀ ਰੌਲਾ ਪਾ ਕੇ ਸੱਚਾ ਹੋਣ ਦਾ ਨਾਟਕ ਕਰਨ ਲੱਗਾ-
ਬਕਤਾ ਥਾ ਜ਼ੋਰ ਜ਼ੋਰ ਸੇ ਦੇਖੋ ਗ਼ਜ਼ਬ ਹੈ ਕਯਾ।
ਤੁਮ ਕੋ ਪਨਾਹ ਦੇਨੇ ਕੀ ਕਯਾ ਥੀ ਯਹੀ ਜਜ਼ਾ।
ਫ਼ਿਰਤੇ ਹੋ ਜਾਂ ਛੁਪਾਏ ਹੁਏ ਖ਼ੁਦ ਨਵਾਬ ਸੇ।
ਕਹਤੇ ਹੋ ਮੁਝ ਕੋ ਚੋਰ ਯਿਹ ਫਿਰ ਕਿਸ ਹਿਸਾਬ ਸੇ। (ਸ਼ਹੀਦਾਨਿ-ਵਫ਼ਾ)
ਗੰਗੂ ਨੇ ਇਥੇ ਹੀ ਬੱਸ ਨਹੀਂ ਕੀਤੀ, ਬਲਕਿ ਮੁਰਿੰਡੇ ਪੁੱਜ ਕੇ ਥਾਣੇਦਾਰ ਨੂੰ ਸਾਰੀ ਖਬਰ ਕਰ ਦਿੱਤੀ ਕਿ ਮੇਰੇ ਪਾਸ ਗੁਰੂ ਦਸਮੇਸ਼ ਜੀ ਦੇ ਦੋ ਸਾਹਿਬਜ਼ਾਦੇ ਆਪਣੀ ਦਾਦੀ ਨਾਲ ਠਹਿਰੇ ਹੋਏ ਹਨ, ਆਪ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਰਕਾਰੀ ਇਨਾਮ-ਸਨਮਾਨ ਪ੍ਰਾਪਤ ਕਰੋ ਅਤੇ ਮੈਨੂੰ ਵੀ ਕੁਝ ਹਿੱਸਾ ਦਿਉ। ਇੰਝ, ਗੰਗੂ ਦੀ ਨਮਕਹਰਾਮੀ ਕਰਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸੂਬਾ ਸਰਹਿੰਦ ਪਾਸ ਪਹੁੰਚਾਇਆ ਗਿਆ ਅਤੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ।
ਅਜਿਹੇ ਗਰਦਿਸ਼ ਦੇ ਸਮੇਂ ਜੇਕਰ ਕਿਸੇ ਨੇ ਮਾਤਾ ਜੀ ਅਤੇ ਲਾਲਾਂ ਦੀ ਸੇਵਾ ਕੀਤੀ ਤਾਂ ਉਹ ਸੀ ਨਵਾਬ ਸਰਹਿੰਦ ਦੇ ਰਸੋਈਖਾਨੇ ਦਾ ਮਾਮੂਲੀ ਕਰਿੰਦਾ ਬਾਬਾ ਮੋਤੀ ਰਾਮ ਮਹਿਰਾ, ਜਿਸ ਨੇ ਪਹਿਰੇਦਾਰਾਂ ਨੂੰ ਚੰਗੀ ਰਿਸ਼ਵਤ ਦੇ ਕੇ ਗੁਰੂ ਪਰਿਵਾਰ ਦੀ ਦੁੱਧ ਛਕਾ ਕੇ ਸੇਵਾ ਕੀਤੀ, ਜਿਸ ਦੇ ਫਲਸਰੂਪ ਇਸਦੇ ਸਾਰੇ ਪਰਿਵਾਰ ਨੂੰ ਬਾਅਦ ਵਿਚ ਨਵਾਬ ਨੇ ਕੋਹਲੂ ਵਿਚ ਪਿੜਵਾ ਕੇ ਸ਼ਹੀਦ ਕਰ ਦਿੱਤਾ।
ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਨ ਨੇ ਕਚਹਿਰੀ ਵਿਚ ਸੱਦਿਆ ਤਾਂ ਦਾਦੀ ਨੇ ਬੜੇ ਪਿਆਰ ਨਾਲ ਲਾਡਲਿਆਂ ਨੂੰ ਵਿਦਾ ਕੀਤਾ। ਆਪ ਨੂੰ ਇਹ ਅਨੁਭਵ ਹੋ ਰਿਹਾ ਸੀ ਕਿ ਹੁਣ ਇਹ ਲਾਲ ਮੁਸ਼ਕਿਲ ਹੀ ਕਚਹਿਰੀ ਤੋਂ ਵਾਪਸ ਆਉਣਗੇ-
ਬੇਟੇ ਸੇ ਪਹਲੇ ਬਿਛੜੀ ਥੀ ਤੁਮ ਭੀ ਬਿਛੜ ਚਲੇ।
ਬਿਗੜੇ ਹੁਏ ਨਸੀਬ, ਜ਼ਿਯਾਦ ਬਿਗੜ ਚਲੇ।
ਬੇਰਹਮ ਦੁਸ਼ਮਨੋਂ ਕੇ ਤੁਮ ਹਾਥੋਂ ਮੇਂ ਪੜ ਚਲੇ।
ਜ਼ੰਜੀਰਿ-ਗ਼ਮ ਮੇਂ ਮੁਝ ਕੋ, ਯਹਾਂ ਪਰ ਜਕੜ ਚਲੇ।
ਬਿਹਤਰ ਥਾ ਤੁਮ ਸੇ ਪਹਲੇ, ਮੈਂ ਦੇਤੀ ਪਰਾਨ ਕੇ।
ਦੁੱਖ ਸੇ ਤੁਮ੍ਹਾਰੇ ਦੁਖ ਹੈ ਸਿਵਾ ਮੇਰੀ ਜਾਨ ਕੇ। (ਸ਼ਹੀਦਾਨਿ-ਵਫ਼ਾ)
ਜੋਗੀ ਅੱਲਾ ਯਾਰ ਖਾਂ ਨੇ ਸਾਕਾ ਸਰਹਿੰਦ ਦੀ ਅਦੁੱਤੀ ਦਾਸਤਾਨ ਨੂੰ ‘ਸ਼ਹੀਦਾਨਿ ਵਫ਼ਾ’ ਨਾਮਕ ਕਵਿਤਾ ਵਿਚ ਬਹੁਤ ਹੀ ਭਾਵਪੂਰਕ ਸ਼ਬਦਾਂ ਵਿਚ ਬਿਆਨ ਕੀਤਾ ਹੈ। ਆਪ ਲਿਖਦੇ ਹਨ ਕਿ ਦਾਦੀ ਨੇ ਪੋਤਿਆਂ ਨੂੰ ਕਚਹਿਰੀ ਭੇਜਣ ਤੋਂ ਪਹਿਲਾਂ ਬਹੁਤ ਹੀ ਲਾਡ ਪਿਆਰ ਕੀਤਾ ਅਤੇ ਤੀਰ-ਕਮਾਨ ਤੇ ਤੇਗਾਂ ਸਜਾਈਆਂ। ਜੋਗੀ ਜੀ ਦੇ ਸ਼ਬਦਾਂ ਵਿਚ ਮਾਤਾ ਗੁਜਰੀ ਜੀ ਨੇ ਕਿਹਾ-
ਜਾਨੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ, ਜ਼ਰਾ ਮੂੰਹ ਧੁਲਾ ਤੋਂ ਲੂੰ।
ਪਿਆਰੇ ਸਿਰੋਂ ਪੇ ਨੰਨ੍ਹੀਂ ਸੀ, ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲ੍ਹਾ ਬਨਾ ਤੋ ਲੂੰ। (ਸ਼ਹੀਦਾਨਿ-ਵਫ਼ਾ)
ਗੁਰੂ ਕੇ ਦੁਲਾਰੇ ਨਵਾਬ ਦੀ ਕਚਹਿਰੀ ਵਿਚ ਪੁੱਜੇ ਤਾਂ ਇਨ੍ਹਾਂ ਦਾ ਜਾਹੋ-ਜਲਾਲ ਤਕ ਕੇ ਸਭ ਦੀਆਂ ਅੱਖਾਂ ਚੁੰਧਿਆ ਗਈਆਂ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਇਸਲਾਮ ਕਬੂਲਣ ਲਈ ਭਾਰੀ ਲੋਭ-ਲਾਲਚ ਦਿੱਤੇ ਗਏ ਅਤੇ ਇਨਕਾਰ ਦੀ ਸੂਰਤ ਵਿਚ ਮੌਤ ਦਾ ਡਰਾਵਾ ਵੀ ਦਿੱਤਾ ਗਿਆ, ਲੇਕਿਨ ਗੁਰੂ ਕੇ ਲਾਲ ਆਪਣੇ ਧਰਮ ਉੱਤੇ ਅਡੋਲ ਰਹੇ। ਇਸ ਸਮੇਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਹਾਅ ਦਾ ਨਾਅਰਾ ਮਾਰਦੇ ਹੋਏ ਨਵਾਬ ਵਜ਼ੀਰ ਖਾਨ ਨੂੰ ਕਿਹਾ ਕਿ ਬੇਦੋਸ਼ੇ ਤੇ ਮਾਸੂਮ ਬਾਲਾਂ ਨੂੰ ਕਿਉਂ ਮਾਰਦਾ ਹੈਂ? ਇਨ੍ਹਾਂ ਦੇ ਪਿਤਾ ਨਾਲ ਤੇਰੀ ਦੁਸ਼ਮਣੀ ਹੈ ਤਾਂ ਉਨ੍ਹਾਂ ਤੋਂ ਬੇਸ਼ੱਕ ਬਦਲਾ ਲੈ ਲਵੀਂ। ਲੇਕਿਨ ਉਸਦੀ ਕੋਈ ਪੇਸ਼ ਨਾ ਗਈ, ਬਲਕਿ ਨਵਾਬ ਦਾ ਦੀਵਾਨ ਸੁੱਚਾ ਨੰਦ ਇਹ ਆਖ ਕੇ ਭੜਕਾਉਂਦਾ ਰਿਹਾ ਕਿ ਇਹ ਸਪੋਲੀਏ ਹਨ, ਇਨ੍ਹਾਂ ਨੂੰ ਮਾਰ ਦੇਣਾ ਹੀ ਜਾਇਜ਼ ਹੈ, ਵਰਨਾ ਕੱਲ੍ਹ ਨੂੰ ਵੱਡੇ ਹੋ ਕੇ ਤੇਰੇ ਲਈ ਅਤੇ ਹਕੂਮਤ ਲਈ ਭਾਰੀ ਖਤਰਾ ਬਣ ਸਕਦੇ ਹਨ।
ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਜਿੰਦਾ ਚਿਣੇ ਜਾਣ ਦਾ ਫਤਵਾ ਸੁਣਾਇਆ ਤਾਂ ਇਨ੍ਹਾਂ ਨੇ ਖੁਸ਼ੀ ਵਿਚ ਜੈਕਾਰੇ ਗਜਾਏ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਖੜ੍ਹਾ ਕੇ ਦੀਵਾਰ ਉਸਾਰਨੀ ਸ਼ੁਰੂ ਕੀਤੀ ਤਾਂ ਇੱਕ ਵੇਰੀ ਫੇਰ ਨਵਾਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਫਲਤਾ ਨਾ ਮਿਲੀ ਅਤੇ ਗੁਰੂ ਕੇ ਲਾਲ ਧਰਮ ਦੀ ਖਾਤਰ ਜਾਨਾਂ ਵਾਰ ਕੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਜਾ ਬਿਰਾਜੇ। ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ ਹੈ-
ਜੋਰਾਵਰ ਜੋਰਾਵਰੀ ਦੱਸੀ ਨਿਆਰੀ ਜੱਗ ਤੋਂ।
ਫਤਹਿ ਸਿੰਘ ਪਾਈ ਫਤਹ ਸੋਨਾ ਜਿਉਂ ਦਮਕੇ ਅੱਗ ‘ਚੋਂਂ।
ਚਿਣੇ ਗਏ ਦੀਵਾਰ ਵਿਚ, ਇੰਜ ਕੌਮ ਦੇ ਦੋ ਨੌਨਿਹਾਲ।
ਛੋਟੀਆਂ ਉਮਰਾਂ ਨੇ ਭਾਵੇਂ ਹੌਂਸਲੇ ਪਰ ਬੇਮਿਸਾਲ।
ਜਦੋਂ ਤੱਕ ਸੂਰਜ ਤੇ ਚੰਨ, ਅਰਸ਼ਾਂ ‘ਚ ਚੜ੍ਹਦੇ ਰਹਿਣਗੇ।
ਪੱਤਰੇ ਇਤਿਹਾਸ ਦੇ, ਗਾਥਾ ਇਹ ਕਰਦੇ ਰਹਿਣਗੇ।
ਸੰਸਾਰ ਗਾਂਦਾ ਰਹੇਗਾ, ‘ਅਰਸ਼ੀ’ ਲਾਲਾਂ ਦੀਆਂ ਘੋੜੀਆਂ।
ਬੇੜੀਆਂ ਜ਼ੁਲਮਤ ਦੀਆਂ, ਜਿਨ੍ਹਾਂ ਨੇ ਹੈ ਸਨ ਤੋੜੀਆਂ।
ਇਸ ਤਰ੍ਹਾਂ ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਅਤੇ ਲਾਸਾਨੀ ਹੈ। ਇਸ ਤੋਂ ਸੇਧ ਪ੍ਰਾਪਤ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਅਪੀਲ ਹੈ ਕਿ ਆਓ! ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰਕੇ ਗੁਰਮੁੱਖ ਜੀਵਨ ਦੇ ਧਾਰਨੀ ਬਣੀਏ। ਇਸ ਮੌਕੇ ’ਤੇ ਆਪਣੇ ਬੱਚਿਆਂ ਨੂੰ ਵੀ ਗੁਰਸਿੱਖੀ ਵਿਚ ਪ੍ਰਪੱਕ ਕਰਨ ਲਈ ਯਤਨ ਕਰਨੇ ਸਾਡਾ ਸਭ ਦਾ ਫ਼ਰਜ਼ ਹੈ।

 

Comments are closed.

 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

Like us on Facebook

 

ਸੰਪਰਕ / Contacts

ਬੀਬੀ ਜਗੀਰ ਕੌਰ ਜੀ, ਪ੍ਰਧਾਨ                                                     Bibi Jagir Kaur Ji, President, S.G.P.C.
+91-183-2553950 (O) email :- info@sgpc.net feedback@sgpc.net

ਸ. ਹਰਜਿੰਦਰ ਸਿੰਘ ਐਡਵੋਕੇਟ, ਮੁੱਖ ਸਕੱਤਰ                                  S. Harjinder Singh Advocate, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।