ਇਤਿਹਾਸਿਕ ਦਿਹਾੜੇ - ਸਾਕਾ ਨਨਕਾਣਾ ਸਾਹਿਬ (ਪਾਕਿਸਤਾਨ) – 9 ਫੱਗਣ (21 ਫਰਵਰੀ 2020) | ਜੈਤੋ ਦਾ ਮੋਰਚਾ (ਫਰੀਦਕੋਟ) – 9 ਫੱਗਣ (21 ਫਰਵਰੀ 2020) | ਹੋਲਾ ਮਹੱਲਾ – 27 ਫੱਗਣ (10 ਮਾਰਚ 2020) |

੨੯ ਦਸੰਬਰ, ੨੦੧੯: ਭੋਗ ‘ਤੇ ਵਿਸ਼ੇਸ਼

ਜਥੇਦਾਰ ਅਵਤਾਰ ਸਿੰਘ (ਮੱਕੜ) ਨੂੰ ਯਾਦ ਕਰਦਿਆਂ  -ਡਾ. ਰੂਪ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਚਾਂਸਲਰ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਿਆਤਾ, ਕੀਰਤਨ ਪ੍ਰੇਮੀ, ਗੁਰਮੁਖ-ਦਰਸ਼ਨੀ ਸ਼ਖ਼ਸੀਅਤ, ਹੱਸਮੁਖ-ਮਿਲਣਸਾਰ ਸੁਭਾਅ ਦੇ ਮਾਲਕ ਜਥੇਦਾਰ ਅਵਤਾਰ ਸਿੰਘ ਨੂੰ ਨਿਰੰਤਰ ੧੧ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ੨੩ ਅਕਤੂਬਰ ੨੦੦੫ ਤੋਂ ੫ ਨਵੰਬਰ ੨੦੧੬ ਤੱਕ ਪ੍ਰਧਾਨ ਰਹੇ। ਉਹ ਸਵੀਕਾਰਦੇ ਸਨ ਕਿ “ਮੈਨੂੰ ਇਹ ਪਦਵੀ ਗੁਰੂ ਬਖ਼ਸ਼ਿਸ਼ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਤੇ ਸਮਰਪਿਤ ਭਾਵਨਾ ਕਰਕੇ ਪ੍ਰਾਪਤ ਹੋਈ ਤੇ ਕਰਤਾ ਪੁਰਖ ਵਾਹਿਗੁਰੂ ਹੀ ਮੇਰੇ ਪਾਸੋਂ ਪੰਥਕ ਸੇਵਾ ਸਫਲੀ ਕਰਵਾ ਰਿਹਾ ਹੈ।”
ਜਥੇਦਾਰ ਅਵਤਾਰ ਸਿੰਘ ਮੱਕੜ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਦੂਸਰੇ ਅਜਿਹੇ ਪ੍ਰਧਾਨ ਸਨ, ਜਿਨ੍ਹਾਂ ਨੇ ਲਗਾਤਾਰ ੧੦ ਸਾਲ ਤੋਂ ਵੱਧ ਪ੍ਰਧਾਨਗੀ ਦੀ ਸੇਵਾ ਕੀਤੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਬੰਧਕੀ ਪਕੜ ਦਾ ਜਿਥੇ ਕੋਈ ਮੁਕਾਬਲਾ ਨਹੀ ਸੀ, ਉਥੇ ਹੀ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪਿਆਰ ਭਾਵਨਾ ਨਾਲ ਪ੍ਰਬੰਧ ਕਰਨ ਦੀ ਸ਼ਕਤੀ ਬੇਮਿਸਾਲ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਉਹ ਨਾਮ ਲੈ ਕੇ ਮੁਖਾਤਿਬ ਹੁੰਦੇ ਰਹੇ। ਉਨ੍ਹਾਂ ਦੀ ਯਾਦ ਸ਼ਕਤੀ ਬਾ-ਕਮਾਲ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਨੂੰ ਮਾਨਤਾ ਨਾ ਮਿਲਣ ਕਰਕੇ ਦੋਵਾਂ ਹਾਊਸਾਂ ਦੇ ਮੈਂਬਰ ਸਾਹਿਬਾਨ ਨਾਲ ਸਹਿਯੋਗ ਤੇ ਤਾਲਮੇਲ ਬਣਾ ਕੇ ਰੱਖਣਾ ਕਠਿਨ ਕਾਰਜ ਸੀ ਪਰ ਉਨ੍ਹਾਂ ਨੇ ਆਪਣੇ ਨਿੱਘੇ ਸੁਭਾਅ ਕਾਰਨ ਇਸ ਕਾਰਜ ਨੂੰ ਸੁਖਾਲਾ ਕਰ ਵਿਖਾਇਆ। ਉਨ੍ਹਾਂ ਨੇ ਇਸ ਗਿਆਰਾਂ ਸਾਲ ਦੇ ਕਾਰਜਕਾਲ ਦੌਰਾਨ ਕਈ ਪੰਥਕ ਉਤਰਾਅ-ਚੜਾਅ ਵੇਖੇ। ਦੋ ਜਵਾਨ ਪੁੱਤਰਾਂ ਦਾ ਚਲਾਣੇ ਦਾ ਅਸਹਿ ਸਦਮਾ ਵੀ ਉਨ੍ਹਾਂ ਨੂੰ ਹੰਢਾਉਣਾ ਪਿਆ।
ਜਥੇਦਾਰ ਅਵਤਾਰ ਸਿੰਘ ਜੀ ਦਾ ਜਨਮ ੩ ਜਨਵਰੀ, ੧੯੪੩ ਨੂੰ ਸ. ਹਰਬੰਸ ਸਿੰਘ ਤੇ ਮਾਤਾ ਕਿਸ਼ਨ ਕੌਰ ਦੇ ਘਰ ਸਰਗੋਧਾ (ਪਾਕਿਸਤਾਨ) ‘ਚ ਹੋਇਆ। ਦੇਸ਼-ਵੰਡ ਉਪਰੰਤ ਉਨ੍ਹਾਂ ਦਾ ਪਰਿਵਾਰ ਪਹਿਲਾਂ ਮੁਸਤਬਾਬਾਦ ਫਿਰ ਰੁੜਕੀ ਤੇ ਅਖ਼ੀਰ ਜਗਰਾਓਂ ਅਬਾਦ ਹੋਇਆ।ਗੁਰਸਿੱਖੀ ਜੀਵਨ-ਜਾਚ ਦੀ ਘਾੜਤ ਘੜਨ ਵਿਚ ਪਰਿਵਾਰਕ ਵਾਤਾਵਰਣ ਨੇ ਚੋਖਾ ਯੋਗਦਾਨ ਪਾਇਆ।ਪ੍ਰਾਇਮਰੀ ਵਿੱਦਿਆ ਦੀ ਪ੍ਰਾਪਤੀ ਉਪਰੰਤ ਉਚੇਰੀ ਵਿੱਦਿਆ ਲਈ ਖ਼ਾਲਸਾ ਨੈਸ਼ਨਲ ਹਾਈ ਸਕੂਲ, ਲੁਧਿਆਣਾ ਦਾਖ਼ਲ ਹੋਏ।ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ‘ਚ ਸਕੂਲ ਦੀ ਪੜ੍ਹਾਈ ਸਮੇਂ ਆਪ ਜੀ ਨੇ ਵਜ਼ੀਫ਼ਾ ਪ੍ਰਾਪਤ ਕੀਤਾ। ਐਫ਼.ਐਸ.ਸੀ. (ਨਾਨ ਮੈਡੀਕਲ) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਤੋਂ ਕਰਨ ਉਪਰੰਤ ਉਨ੍ਹਾਂ ਭਾਰਤੀ ਜੀਵਨ ਬੀਮਾ ਨਿਗਮ ‘ਚ ਸੇਵਾ ਕੀਤੀ ਅਤੇ ੧੯੭੦ ਈ.’ਚ ਸਵੈ-ਇੱਛਾ ਨਾਲ ਉਚੇਰੀ ਪਦਵੀ ਤੋਂ ਸੇਵਾ- ਮੁਕਤ ਹੋਏ।ਇਨ੍ਹਾਂ ਦਾ ਅਨੰਦ ਕਾਰਜ ਬੀਬੀ ਮਹਿੰਦਰ ਕੌਰ ਨਾਲ ੧੯੬੧ ਈ.’ਚ ਲੁਧਿਆਣਾ ਵਿਖੇ ਹੋਇਆ । ਉਨ੍ਹਾਂ ਦੇ ਘਰ ਤਿੰਨ ਸਪੁੱਤਰਾਂ ‘ਤੇ ਇਕ ਸਪੁੱਤਰੀ ਨੇ ਜਨਮ ਲਿਆ। ਜਥੇਦਾਰ ਅਵਤਾਰ ਸਿੰਘ ਨੇ ੧੯੭੯ ਤੋਂ ੧੯੮੮ ਈ. ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਮਿਲਰਗੰਜ, ਲੁਧਿਆਣਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਬਾਹੀ। ਉਨ੍ਹਾਂ ਵਲੋਂ ਪੰਥਕ ਸੇਵਾਵਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ ਪਰ ਇਨ੍ਹਾਂ ਪੰਥਕ ਸੇਵਾ ਤੋਂ ਕਦੇ ਮੁੱਖ ਨਹੀਂ ਮੋੜਿਆ ।
ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ੨੦੦੪ ਈ. ਵਿਚ ਹੋਈਆਂ ਤਾਂ ਜਥੇਦਾਰ ਅਵਤਾਰ ਸਿੰਘ ਲੁਧਿਆਣਾ ਪੱਛਮੀ ਹਲਕੇ ਤੋਂ ਪੰਥਕ ਟਿਕਟ ‘ਤੇ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ । ਇਕ ਸਾਲ ਬਾਅਦ ੨੩ ਅਕਤੂਬਰ, ੨੦੦੫ ਦਾ ਦਿਨ ਇਨ੍ਹਾਂ ਦੀ ਜ਼ਿੰਦਗੀ ਦਾ ਇਤਿਹਾਸਕ ਦਿਨ ਹੋ ਨਿਬੜਿਆ, ਜਦ ਉਨ੍ਹਾਂ ਨੂੰ ਪਹਿਲੀ ਵਾਰ ਸਰਬ-ਸੰਮਤੀ ਨਾਲ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਹੋਇਆ । ਕੇਵਲ ਇਕ ਸਾਲ ਮੈਂਬਰ ਸ਼੍ਰੋਮਣੀ ਕਮੇਟੀ ਰਹਿਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਦਵੀ ‘ਤੇ ਬਿਰਾਜਮਾਨ ਹੋਣਾ ਜਥੇਦਾਰ ਅਵਤਾਰ ਸਿੰਘ ‘ਤੇ ਗੁਰੂ ਰਾਮਦਾਸ ਜੀ ਦੀ ਬਖ਼ਸ਼ਿਸ਼ ਹੀ ਕਹੀ ਜਾ ਸਕਦੀ ਹੈ।
ਜਥੇਦਾਰ ਅਵਤਾਰ ਸਿੰਘ ਜੀ ਨੇ ਪ੍ਰਧਾਨਗੀ ਪਦਵੀ ਸੰਭਾਲਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ‘ਚ ਪੁਰਾਤਨ ਕੀਰਤਨ ਪਰੰਪਰਾ ਨੂੰ ਬਹਾਲ ਕਰਨ ਲਈ ਤੰਤੀ ਸਾਜ਼ਾਂ ਨਾਲ ਕੀਰਤਨ ਆਰੰਭ ਕਰਵਾਇਆ।ਨਸ਼ਿਆਂ, ਪਤਿਤਪੁਣੇ ਤੇ ਭਰੂਣ-ਹੱਤਿਆ ਆਦਿ ਸਮਾਜਿਕ ਬੁਰਾਈਆਂ ਦੇ ਵਿਰੁੱਧ ਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਲਹਿਰ ਅਰੰਭ ਕੀਤੀ । ‘ਅੰਮ੍ਰਿਤ ਛਕੋ’ ਲਹਿਰ ਚਲਾ ਕੇ ਹਰ ਪ੍ਰਾਂਤ ‘ਚ ਅੰਮ੍ਰਿਤ-ਸੰਚਾਰ ਸਮਾਗਮ ਕਰਵਾਏ। ਸਰੀਰਕ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਹਰ ਧਾਰਮਿਕ ਸਮਾਗਮ ਸਮੇਂ ਪਹੁੰਚਣ ਲਈ ਯਤਨਸ਼ੀਲ ਹੁੰਦੇ ਸਨ।
ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਜਥੇਦਾਰ ਅਵਤਾਰ ਸਿੰਘ ਜੀ ਨੇ ਜਿੰਨਾ ਦੇਸ-ਵਿਦੇਸ਼ ‘ਚ ਸਫ਼ਰ ਕੀਤਾ ਹੈ, ਉਹ ਵੀ ਇਕ ਕੀਰਤੀਮਾਨ ਹੈ। ਇਨ੍ਹਾਂ ਦੇ ਉੱਦਮ ਉਤਸ਼ਾਹ ਸਦਕਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ-ਮਿਸ਼ਨ ਸਥਾਪਤ ਹੋਏ। ਇਨ੍ਹਾਂ ਵਿਚ ਸਿੱਖ ਮਿਸ਼ਨ ਜੰਮੂ, ਸਿੱਖ ਮਿਸ਼ਨ ਦਿੱਲੀ, ਸਿੱਖ ਮਿਸ਼ਨ ਹੈਦਰਾਬਾਦ, ਸਿੱਖ ਮਿਸ਼ਨ ਕਾਸ਼ੀਪੁਰ (ਉਤਰਾਖੰਡ), ਸਿੱਖ ਮਿਸ਼ਨ ਰਾਏਪੁਰ (ਛੱਤੀਸਗੜ੍ਹ), ਸਿੱਖ ਮਿਸ਼ਨ ਗੰਗਾ ਨਗਰ (ਰਾਜਸਥਾਨ), ਸਿੱਖ ਮਿਸ਼ਨ ਗੁਰਦੁਆਰਾ ਪਲਾਹ ਸਾਹਿਬ (ਹਿਮਾਚਲ), ਸਿੱਖ ਮਿਸ਼ਨ ਇੰਦੌਰ (ਮੱਧ ਪ੍ਰਦੇਸ਼), ਸਿੱਖ ਮਿਸ਼ਨ ਨੇਪਾਲ ਆਦਿ ਗਿਣੇ ਜਾ ਸਕਦੇ ਹਨ। ਧਰਮ ਪ੍ਰਚਾਰ ਲਹਿਰ ਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਆਰੰਭ ਕੀਤੀਆਂ ਗਈਆਂ। ਅੰਮ੍ਰਿਤ ਸੰਚਾਰ, ਨਗਰ ਕੀਰਤਨ, ਢਾਡੀ ਦਰਬਾਰ, ਪਾਠ ਬੋਧ ਸਮਾਗਮ, ਰਾਗਾਂ ਆਧਾਰਿਤ ਕੀਰਤਨ ਦਰਬਾਰ, ਮੈਡੀਕਲ ਕੈਂਪ, ਵਿਦਿਆਰਥੀ ਕੈਂਪ, ਗ੍ਰੰਥੀ ਤੇ ਪਾਠੀ ਸਿੰਘਾਂ ਦੇ ਕੈਂਪ ਲਗਾ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ।
ਜਥੇਦਾਰ ਅਵਤਾਰ ਸਿੰਘ ਜੀ ਖ਼ੁਸ਼ਕਿਸਮਤ ਰਹੇ ਕਿ ਉਨ੍ਹਾਂ ਨੂੰ ਗੁਰੂ-ਪੰਥ ਨਾਲ ਸੰਬੰਧਿਤ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸ਼ਹੀਦ ਬਾਬਾ ਦੀਪ ਸਿੰਘ ਨਿਵਾਸ, ਪ੍ਰਬੰਧਕੀ ਬਲਾਕ ਤੇ ਐਨ.ਆਰ.ਆਈ. ਨਿਵਾਸ ਨਿਰਮਾਣ ਕਾਰਜ ਤੋਂ ਇਲਾਵਾ ਅਨੇਕਾਂ ਸਕੂਲਾਂ, ਕਾਲਜਾਂ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਜਥੇਦਾਰ ਜੀ ਨੂੰ ਪ੍ਰਾਪਤ ਹੋਇਆ। ਉਨ੍ਹਾਂ ਨੇ ਭਾਰਤ ਸਰਕਾਰ, ਵੱਖ-ਵੱਖ ਦੇਸ਼ਾਂ ਦੇ ਦੂਤ-ਘਰਾਂ ਤੇ ਯੂ.ਐਨ.ਓ. ਤੀਕ ਪੱਤਰ ਲਿਖ ਕੇ ਸਿੱਖ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ।
ਆਪ ਜੀ ਨੇ ਸ਼੍ਰੋਮਣੀ ਕਮੇਟੀ ਵਲੋਂ ਪਹਿਲੇ ਅਰੰਭੇ ਕਾਰਜਾਂ ਨੂੰ ਸੰਪੂਰਨ ਕਰਵਾਇਆ, ਦੋ-ਸਾਲਾ ਪੱਤਰ ਵਿਹਾਰ ਕੋਰਸ, ਧਰਮ ਪ੍ਰਚਾਰ ਲਹਿਰ, ਸਿੱਖ ਇਤਿਹਾਸ ਰੀਸਰਚ ਬੋਰਡ ਦਾ ਨਵੀਨੀਕਰਣ, ਗੁਰਮਤਿ ਸਾਹਿਤ ਦੀ ਛਪਾਈ ਲਈ ਗੋਲਡਨ ਆਫ਼ਸੈੱਟ ਪ੍ਰੈਸ ਦਾ ਵਿਸਥਾਰ, ਨਵੀਂ ਕਰੋੜਾਂ ਰੁਪਇਆਂ ਵਾਲੀ ਆਧੁਨਿਕ ਮਸ਼ੀਨ, ਵਿਰਸੇ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ, ਹਿਸਾਬ ਕਿਤਾਬ ਨੂੰ ਪਾਰਦਰਸ਼ੀ ਕਰਨਾ, ਸ਼੍ਰੋਮਣੀ ਕਮੇਟੀ ਆਡਿਟ ਨੂੰ ਮੁਕੰਮਲ ਕਰਾਉਣਾ ਆਦਿ ਇਤਿਹਾਸਕ ਮਹੱਤਤਾ ਵਾਲੇ ਸਾਰੇ ਕਾਰਜ ਜਥੇਦਾਰ ਅਵਤਾਰ ਸਿੰਘ ਜੀ ਨੇ ਕਰਵਾਏ ।
ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਨੂੰ ਪੈਰੀਂ ਖੜੇ ਕਰਨ ‘ਚ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਰੁਚੀ ਲਈ ਜਿਸ ਸਦਕਾ ਗੁਰੂ ਰਾਮਦਾਸ ਮੈਡੀਕਲ ਕਾਲਜ, ਭਾਰਤ ਦੇ ਪਹਿਲੇ ਦਸ ਮੇਡੀਕਲ ਕਾਲਜਾਂ ਵਿੱਚ ਸ਼ਾਮਲ ਹੋਇਆ ਅਤੇ ਹੁਣ ਸ੍ਰੀ ਗੁਰੂ ਰਾਮਦਾਸ ਜੀ ਦੇ ਨਾ ‘ਤੇ ਮੈਡੀਕਲ ਯੂਨੀਵਰਸਿਟੀ ਵੀ ਸਥਾਪਤ ਹੋ ਚੁੱਕੀ ਹੈ। ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਇਕਸਾਰਤਾ ਤੇ ਇਕਸੁਰਤਾ ਨੂੰ ਬਣਾਈ ਰੱਖਣ ਤੇ ਸਤਿਕਾਰਤ ਪਵਿੱਤਰ ਬੀੜਾਂ ਦੇ ਵਪਾਰੀਕਰਣ ਨੂੰ ਰੋਕਣ ਲਈ ਜਥੇਦਾਰ ਅਵਤਾਰ ਸਿੰਘ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਪ੍ਰਕਾਸ਼ਿਤ ਨਹੀਂ ਕਰ ਸਕੇਗਾ ।
ਜਥੇਦਾਰ ਜੀ ਨੇ ਜੂਨ, ੧੯੮੪ ‘ਚ ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ‘ਤੇ ਵਾਪਰੇ ਘੱਲੂਘਾਰੇ ਸਮੇਂ ਧਰਮੀ ਫ਼ੌਜੀਆਂ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸਨ, ਨੂੰ ਸੇਵਾ ਤੇ ਸਹਾਇਤਾ ਦੇਣ ‘ਚ ਖੁੱਲ੍ਹ-ਦਿਲੀ ਦਿਖਾਈ । ਇਨ੍ਹਾਂ ਨੇ ਜੋਧਪੁਰ ਦੇ ਨਜ਼ਰਬੰਦੀਆਂ ਦੀ ਵੀ ਹਰ ਸੰਭਵ ਸਹਾਇਤਾ ਕੀਤੀ । ਕੇਂਦਰੀ ਸਿੱਖ ਅਜਾਇਬ-ਘਰ ‘ਚ ੨੦ਵੀਂ ਸਦੀ ਦੇ ਮਹਾਨ ਸਿੱਖ ਪ੍ਰਚਾਰਕ ਤੇ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਭਿਤ ਕਰਨ ਦਾ ਸੁਭਾਗ ਵੀ ਜਥੇਦਾਰ ਜੀ ਨੂੰ ਹੀ ਪ੍ਰਾਪਤ ਹੋਇਆ।
ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਮੱਸਿਆਵਾਂ, ਜਿਵੇਂ ਸਿੱਖਾਂ ਦੀ ਦਸਤਾਰ, ਕੇਸਾਂ, ਕ੍ਰਿਪਾਨ ਤੇ ਪਤਿਤਪੁਣਾ, ਭਰੂਣ ਹੱਤਿਆ, ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਵਿਰੁੱਧ ਉਚੇਚੇ ਤੌਰ ‘ਤੇ ਲਹਿਰ ਚਲਾਈ ਤੇ ਵਿਦੇਸ਼ੀ ਦੂਤਘਰਾਂ ਦਾ ਘਿਰਾਉ ਤਕ ਖ਼ੁਦ ਕੀਤਾ ।
ਜਥੇਦਾਰ ਅਵਤਾਰ ਸਿੰਘ ਜੀ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਪ੍ਰਚਾਰ ਦੌਰੇ ਕਰਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਨੇਪਾਲ, ਨਿਊੁਜੀਲੈਂਡ, ਅਸਟ੍ਰੇਲੀਆ ਆਦਿ ਦੇਸ਼ਾਂ ‘ਚ ਜਾਣ ਦਾ ਅਵਸਰ ਵੀ ਪ੍ਰਾਪਤ ਹੋਇਆ।ਹਉਮੈ-ਹੰਕਾਰ ਤੋਂ ਰਹਿਤ ਸਾਫ਼-ਦਿਲ, ਹੱਸਮੁੱਖ, ਮਿਲਣਸਾਰ, ਸ਼ਰਧਾ-ਭਾਵਨਾ ਨਾਲ ਭਰਪੂਰ ਇਸ ਪੰਥਕ ਚੇਹਰੇ-ਮੋਹਰੇ ਵਾਲੀ ਸ਼ਖ਼ਸ਼ੀਅਤ ਨੂੰ ਧਾਰਮਿਕ ਮਾਮਲਿਆਂ ਦੀ ਸੂਖਮ ਸੂਝ ਤੇ ਸਮਝ ਸੀ। ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ, ਸਿੱਖ ਪ੍ਰੰਪਰਾਵਾਂ ਤੇ ਖ਼ਾਸ ਕਰਕੇ ਸਿੱਖ ਰਹਿਤ ਮਰਯਾਦਾ ਪ੍ਰਤੀ ਉਹ ਵਚਨਬੱਧ ਸਨ। ਉਹ ਪੰਥ ਲਈ ਬਹੁਤ ਕੁਝ ਕਰਨਾ ਲੋਚਦੇ ਸਨ ਪਰ ਕਈ ਵਾਰ ਸਮੇਂ ਤੇ ਸਮਕਾਲੀ ਸਮੱਸਿਆਵਾਂ ਦੇ ਸਨਮੁਖ ਬੇਵੱਸ ਵੀ ਨਜ਼ਰ ਆਉਂਦੇ ਰਹੇ। ਹਲਾਤਾਂ ਦੀ ਮਜ਼ਬੂਰੀ ਕਾਰਨ ਕੁਝ ਫੈਸਲੇ ਉਨ੍ਹਾਂ ਨੂੰ ਕਰਨੇ ਪਏ, ਜਿਨ੍ਹਾਂ ਦਾ ਬੋਝ ਆਖ਼ਰੀ ਪਲਾਂ ਤੀਕ ਸਹਾਰਦੇ ਰਹੇ। ਮੇਰੀ ਤੇ ਸ. ਸਤਬੀਰ ਸਿੰਘ ਦੀ ਆਖ਼ਰੀ ਮਿਲਣੀ ਉਨ੍ਹਾਂ ਨਾਲ ੪ ਦਸੰਬਰ ੨੦੧੯ ਨੂੰ ਹੋਈ, ਜਿਸ ਦੌਰਾਨ ਉਨ੍ਹਾਂ ਆਤਮਿਕ ਬੋਝ ਬਾਰੇ ਵਿਚਾਰ ਸਾਂਝੇ ਕੀਤੇ ਸਨ। ਭਾਵੇਂ ਜਥੇਦਾਰ ਮੱਕੜ ੨੦ ਦਸੰਬਰ ੨੦੧੯ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਪਰ ਬਹੁਤ ਕੁਝ ਅਜਿਹਾ ਕਰ ਗਏ, ਜੋ ਯਾਦਗਾਰੀ ਹੋ ਨਿਬੜਿਆ ਹੈ। ਇਸ ਸਮੇਂ ਦੌਰਾਨ ਉਨ੍ਹਾਂ ਕਈ ਕਠਿਨ ਫੈਸਲੇ ਕੀਤੇ ਜਿਨ੍ਹਾਂ ਲਈ ਉਨ੍ਹਾਂ ਦਾ ਦਿਲ-ਦਿਮਾਗ ਨਹੀਂ ਸੀ ਮੰਨਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਟਾਫ ਨਾਲ ਉਨ੍ਹਾਂ ਨੇ ਪਰਿਵਾਰਕ ਸੰਬੰਧ ਸਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਟਾਫ ਨੇ ਖਾਸ ਕਰਕੇ, ਸ਼੍ਰੋਮਣੀ ਕਮੇਟੀ ਦੇ ਪੰਥਕ ਪਰਿਵਾਰ ਦੇ ਮੁਖੀ ਦੇ ਤੁਰ ਜਾਣ ਕਰਕੇ ਦਿਲੋਂ ਦਰਦ ਮਹਿਸੂਸ ਕੀਤਾ ਹੈ।

 
 
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3D Virtual Tour

3D View Address
Shiromani Gurdwara Parbandhak Committee,
Teja Singh Samundri Hall, Sri Harmandir Sahib Complex, Sri Amritsar. EPBX No. (0183-2553957-58-59) info@sgpc.net

S.G.P.C. Officials (Full List)
 
 

ਸੰਪਰਕ / Contacts

ਸ. ਗੋਬਿੰਦ ਸਿੰਘ ਜੀ ‘ਲੋਂਗੋਵਾਲ’, ਪ੍ਰਧਾਨ 

S. Gobind Singh Ji Longowal, President, S.G.P.C.
+91-183-2553950 (O)    98558-95558 (M)
bhaigobindsinghlongowal@sgpc.net

ਡਾ: ਰੂਪ ਸਿੰਘ ਜੀ, ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ

Dr. Roop Singh Ji, Chief Secretary, S.G.P.C.
+91-183-2543461 (O)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇਜਾ ਸਿੰਘ ਸਮੁੰਦਰੀ ਹਾਲ,
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ।

 

 
 
 
error: Content is protected !!