ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ

ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਧਰਮ ਅੰਦਰ ਸ਼ਹਾਦਤਾਂ ਦੀ ਲੰਮੀ ਸੂਚੀ ਮਿਲਦੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਗਰੋਂ ਅਨੇਕਾਂ ਸਿੱਖ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤ ਦੇ ਵਿਰਸੇ ਨੂੰ ਹੋਰ ਅਮੀਰ ਕੀਤਾ। ਸਿੱਖ ਕੌਮ ਅੰਦਰ ਸ਼ਹਾਦਤਾਂ ਦਾ ਸਿਲਸਿਲਾ ਹੱਕ, ਸੱਚ ਦੀ ਅਵਾਜ਼ ਬੁਲੰਦ ਕਰਨ ਅਤੇ ਜਰਵਾਣਿਆਂ ਦੇ ਜ਼ੁਲਮ ਵਿਰੁੱਧ ਇਕ ਸੰਘਰਸ਼ ਵਜੋਂ ਹੈ। ਸ਼ਹਾਦਤਾਂ ਦੀ ਲੜੀ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅਹਿਮ ਸਥਾਨ ਹੈ। ਆਪ ਨੇ ਸਮੇਂ ਦੇ ਹਾਕਮਾਂ ਵਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਝੱਲਿਆ ਅਤੇ ‘ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣ ਹਿੱਤ ਖੋਪਰੀ ਤਾਂ ਲੁਹਾ ਲਈ ਪਰੰਤੂ ਗੁਰੂ ਬਖ਼ਸ਼ਿਸ਼ ਸਿੱਖੀ ਸਰੂਪ (ਕੇਸਾਂ) ਦੀ ਬੇਅਦਬੀ ਨਾ ਹੋਣ ਦਿੱਤੀ। ਸਿੱਖ ਜਗਤ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ੩੦੦ ਸਾਲਾ ਜਨਮ ਦਿਹਾੜਾ ੯ ਅਕਤੂਬਰ ੨੦੨੦ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧ ਵਿਚ ਭਾਈ ਤਾਰੂ ਸਿੰਘ ਜੀ ਦੇ ਨਗਰ ਪਿੰਡ ਪੂਹਲਾ ਵਿਖੇ ਸਥਾਨਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕੀਤਾ ਜਾ ਰਿਹਾ ਹੈ। ਇਹ ਸਮਾਂ ਭਾਈ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਸੇਧ ਲੈਣ ਦਾ ਹੈ।
ਭਾਈ ਤਾਰੂ ਸਿੰਘ ਜੀ ਦੀ ਜੀਵਨ ਗਾਥਾ ਨਿਵੇਕਲੀ ਹੈ। ਸੰਨ ੧੭੧੬ ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵਲੋਂ ਸਿੱਖਾਂ ਉੱਤੇ ਸਖਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਅੱਤ ਹੀ ਚੁੱਕ ਲਈ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿਤੇ ਗਏ। ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਜਾਣ ਲੱਗਾ। ਹਾਲਾਤਾਂ ਨੂੰ ਵੇਖਦਿਆਂ ਹੋਇਆ ਸਿੰਘਾਂ ਨੇ ਘਣੇ ਜੰਗਲਾਂ ਵਿਚ ਜਾ ਨਿਵਾਸ ਕੀਤਾ। ਉਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਅਤੇ ਜਦੋਂ ਸਮਾਂ ਮਿਲਦਾ, ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ, ਜੰਗਲਾਂ ਵਿਚ ਰਹਿ ਰਹੇ ਵੀਰਾਂ ਦੇ ਲੰਗਰ-ਪਾਣੀ ਦੀ ਸੇਵਾ ਬੜੇ ਉਤਸ਼ਾਹ ਨਾਲ ਕਰਦੇ। ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਭਾਈ ਤਾਰੂ ਸਿੰਘ ਜੀ ਵੀ ਇਨ੍ਹਾਂ ਸਿਦਕੀ ਸਿੰਘਾਂ ਵਿੱਚੋਂ ਇਕ ਸਨ। ਆਪ ਪਿੰਡ ਵਿਚ ਖੇਤੀਬਾੜੀ ਕਰਦੇ ਸਨ। ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲੱਗਦਾ ਤਾਂ ਆਪ ਨੂੰ ਚਾਅ ਚੜ੍ਹ ਜਾਂਦਾ। ਆਪ ਜੀ ਦੀ ਭੈਣ ਅਤੇ ਮਾਤਾ ਜੀ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਅਤੇ ਭਾਈ ਤਾਰੂ ਸਿੰਘ ਜੀ ਖੁਦ ਜਥੇ ਦੇ ਸਿੰਘਾਂ ਪਾਸ ਲੰਗਰ ਪਹੁੰਚਾਣ ਦੀ ਸੇਵਾ ਕਰਦੇ। ਜਿਥੇ ਭੀੜ ਪਈ ਉਤੇ ਸਿੰਘ ਆਪਣੇ ਵੀਰਾਂ ਦੀ ਸੇਵਾ ਲਈ ਨਿੱਤਰ ਕੇ ਸਾਹਮਣੇ ਆ ਰਹੇ ਸਨ, ਉਥੇ ਸਿੰਘਾਂ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਦੀ ਵੀ ਕੋਈ ਕਮੀ ਨਹੀਂ ਸੀ। ਇਸੇ ਦੌਰਾਨ ਹਰਭਗਤ ਨਿਰੰਜਨੀਆ ਵੀ ਮੁਖਬਰੀ ਕਰਨ ਵਿਚ ਕਿਸੇ ਤੋਂ ਪਿੱਛੇ ਨਾ ਰਿਹਾ। ਉਸ ਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਦੇ ਖਿਲਾਫ਼ ਸ਼ਿਕਾਇਤ ਕੀਤੀ ਕਿ ਕਿਵੇਂ ਉਹ ਹਕੂਮਤ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਟਹਿਲ-ਸੇਵਾ ਕਰਕੇ ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਜ਼ਕਰੀਆ ਖਾਨ ਇਹ ਕੁਝ ਸੁਣ ਕੇ ਗੁੱਸੇ ਵਿਚ ਲਾਲ-ਪੀਲਾ ਹੋ ਗਿਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਸਿਪਾਹੀ ਭਿਜਵਾ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਅਤੇ ਜੇਲ੍ਹ ਵਿੱਚ ਕੈਦ ਕਰਕੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ। ਲੇਕਿਨ ਗੁਰੂ ਕਾ ਸਿੰਘ ਹਕੂਮਤ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਰਿਹਾ।
ਭਾਈ ਤਾਰੂ ਸਿੰਘ ਜੀ ਨੂੰ ਨਵਾਬ ਜ਼ਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਇਥੇ ਵੀ ਭਾਈ ਸਾਹਿਬ ਨੂੰ ਸਿੱਖੀ ਤਿਆਗ ਕੇ ਇਸਲਾਮ ਧਰਮ ਅਖਤਿਆਰ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਪ੍ਰੰਤੂ ਉਹ ਆਪਣੇ ਅਕੀਦੇ ‘ਤੇ ਅਟੱਲ ਰਹੇ। ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ ਨਿਸ਼ਚਾ ਵੇਖ ਕੇ ਸੂਬੇ ਨੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਇਸ ‘ਤੇ ਭਾਈ ਸਾਹਿਬ ਨੇ ਕਿਹਾ ਕਿ ਕੇਸ ਮੇਰੇ ਗੁਰੂ ਦੀ ਅਮਾਨਤ ਹਨ, ਇਨ੍ਹਾਂ ਨੂੰ ਵੱਖ ਨਹੀਂ ਕਰਨ ਦੇਵਾਂਗਾ। ਇਸ ‘ਤੇ ਸੂਬੇ ਨੇ ਜਲਾਦ ਨੂੰ ਬੁਲਾ ਕੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਦਿੱਤਾ। ਸੂਬੇ ਦਾ ਇਹ ਫ਼ੁਰਮਾਨ ਸੁਣ ਕੇ ਭਾਈ ਸਾਹਿਬ ਨੂੰ ਰਤਾ ਵੀ ਦੁੱਖ ਨਾ ਹੋਇਆ। ਇਸ ਤਰ੍ਹਾਂ ਜ਼ਾਲਮਾਂ ਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹ ਕੇ ਜ਼ੁਲਮ ਦੀ ਹੱਦ ਕਰ ਦਿੱਤੀ। ਭਾਈ ਸਾਹਿਬ ਨੇ ਹੱਸਦੇ ਹੋਏ ਖੋਪਰੀ ਲੁਹਾ ਕੇ ਇਹ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਸਿੱਖ ਜਾਨ ਤਾਂ ਵਾਰ ਸਕਦਾ ਹੈ, ਲੇਕਿਨ ਕੇਸਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ।
ਸ਼ਹੀਦ ਭਾਈ ਤਾਰੂ ਸਿੰਘ ਜੀ ਸਿੱਖ ਕੌਮ ਦੇ ਆਦਰਸ਼ ਹਨ। ਉਨ੍ਹਾਂ ਦਾ ਜੀਵਨ ਸੰਗਤਾਂ ਲਈ ਪ੍ਰੇਰਣਾ ਸਰੋਤ ਹੈ। ਖ਼ਾਸਕਰ ਨੌਜੁਆਨ ਪੀੜ੍ਹੀ ਲਈ ਭਾਈ ਤਾਰੂ ਸਿੰਘ ਜੀ ਦਾ ਜੀਵਨ ਵੱਡੇ ਮਹੱਤਵ ਵਾਲਾ ਹੈ। ਨੌਜੁਆਨੀ ਨੂੰ ਸਿੱਖੀ ਸਰੂਪ ਵਿਚ ਪਰਪੱਕ ਕਰਨ ਲਈ ਅਜਿਹੇ ਸੂਰਮਿਆਂ ਦੀ ਜੀਵਨ ਗਾਥਾ ਅਹਿਮ ਹੁੰਦੀ ਹੈ। ਵਰਤਮਾਨ ਸਮੇਂ ਅੰਦਰ ਸਿੱਖੀ ਸਰੂਪ ਤੋਂ ਕਿਨਾਰਾ ਕਰਦੇ ਜਾ ਰਹੇ ਬੱਚਿਆਂ ਅਤੇ ਨੌਜੁਆਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਈ ਤਾਰੂ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਸਰੂਪ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਸਮਝਿਆ ਅਤੇ ਸਾਡਾ ਵੀ ਪਰਮ ਧਰਮ ਕਰਤੱਵ ਇਹ ਹੈ ਕਿ ਅਸੀਂ ਗੁਰੂ ਬਖ਼ਸ਼ੀ ਜੀਵਨ-ਜਾਚ ਦੇ ਧਾਰਨੀ ਬਣੀਏ।