ਅੰਮ੍ਰਿਤਸਰ, 9 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਕਰਤਾਰਪੁਰ ਦੇ ਪ੍ਰਧਾਨ ਸ. ਨਿਰਮਲ ਸਿੰਘ ਬਾਬਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ. ਨਿਰਮਲ ਸਿੰਘ ਬਾਬਾ ਟਕਸਾਲੀ ਅਕਾਲੀ ਆਗੂ ਸਨ ਅਤੇ ਉਨ੍ਹਾਂ ਨੇ ਪੰਥਕ ਸੇਵਾ ਲਈ ਆਪਣਾ ਸਾਰਾ ਜੀਵਨ ਲਗਾਇਆ। ਉਨ੍ਹਾਂ ਕਿਹਾ ਕਿ ਸ. ਨਿਰਮਲ ਸਿੰਘ ਬਾਬਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਅਕਾਲੀ ਹਲਕਿਆਂ ਨੂੰ ਵੱਡਾ ਘਾਟਾ ਪਿਆ ਹੈ ਅਤੇ ਪਾਰਟੀ ਇੱਕ ਚੰਗੇ ਆਗੂ ਤੋਂ ਵਾਂਝੀ ਹੋ ਗਈ ਹੈ। ਦੱਸਣਯੋਗ ਹੈ ਕਿ ਸ. ਨਿਰਮਲ ਸਿੰਘ ਬਾਬਾ ਦਾ ਅੰਤਿਮ ਸੰਸਕਾਰ ਅੱਜ ਕਰਤਾਰਪੁਰ ਵਿਖੇ ਕਰ ਦਿੱਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਉਨ੍ਹਾਂ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਲੋਈ ਪਾ ਕੇ ਸਤਿਕਾਰ ਭੇਟ ਕੀਤਾ। ਇਸੇ ਦੌਰਾਨ ਸ. ਜੱਗੀ ਨੇ ਸ. ਨਿਰਮਲ ਸਿੰਘ ਬਾਬਾ ਦੇ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟ ਕੀਤੀ।