ਅੰਮ੍ਰਿਤਸਰ ੧੯ ਜਨਵਰੀ (        ) –  ਪੰਥ ਪ੍ਰਸਿੱਧ ਵਿਦਵਾਨ ਤੇ ਸਾਹਿਤਕਾਰ ਅਕਾਲੀ ਕੌਰ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ੨੩ ਜਨਵਰੀ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਦੇ ਦੀਵਾਨ ਹਾਲ ਵਿਖੇ ਕਰਵਾਇਆ ਜਾਵੇਗਾ।ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ੨੩ ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਵੇਰੇ ੯ ਤੋਂ ੧੧ ਵਜੇ ਤੱਕ ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਜਾਵੇਗਾ।ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਸਮਾਗਮ ਵਿੱਚ ਸਮੂੰਹ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਘੀਆਂ ਧਾਰਮਿਕ ਸਖ਼ਸ਼ੀਅਤਾਂ ਸ਼ਿਰਕਤ ਕਰਨਗੀਆਂ।
ਜ਼ਿਕਰਯੋਗ ਹੈ ਕਿ ਅਕਾਲੀ ਕੌਰ ਸਿੰਘ ਨੇ ੧੯੦੭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਕਾਰਜ ਸ਼ੁਰੂ ਕੀਤਾ ਜੋ ੧੯੨੦ ‘ਚ ਮੁਕੰਮਲ ਹੋਇਆ ਅਤੇ ਮਾਰਚ ੧੯੨੩ ਵਿੱਚ ਇਸ ਨੂੰ ‘ਗੁਰੂ ਸ਼ਬਦ ਰਤਨ ਪ੍ਰਕਾਸ਼’ ਵਜੋਂ ਪ੍ਰਕਾਸ਼ਿਤ ਕਰਵਾਇਆ ਗਿਆ।ਜੂਨ ੧੯੨੮ ਵਿੱਚ ‘ਗੁਰੂ ਨਾਨਕ ਆਸ਼ਰਮ’ ਨਾਮਕ ਇੰਸਟੀਚਿਊਟ ਦੀ ਸਥਾਪਨਾ ਕੀਤੀ ਤੇ ਸਕੂਲ ਬੁਲੇਟਿਨ ‘ਆਸ਼ਰਮ ਸਮਾਚਾਰ’ ਦੀ ਸ਼ੁਰੂਆਤ ਕੀਤੀ।੧੯੨੯ ਵਿੱਚ ਅਕਾਲੀ ਕੌਰ ਸਿੰਘ ਨੇ ਭਾਈ ਗੁਰਦਾਸ ਜੀ ਸਬੰਧੀ ਬਹੁਮੁੱਲੀ ਜਾਣਕਾਰੀ ਨੂੰ ਇੰਡਕਸ ਦੇ ਰੂਪ ਵਿੱਚ ਆਪਣੀ ਨਿਵੇਕਲੀ ਸ਼ੈਲੀ ਰਾਹੀਂ ਪੇਸ਼ ਕੀਤਾ।