ਸੂਚਨਾ ਕੇਂਦਰ ਵਿਖੇ ਡਾ. ਰੂਪ ਸਿੰਘ ਨੇ ਕੀਤਾ ਸਨਮਾਨਿਤ


ਅੰਮ੍ਰਿਤਸਰ ੧ ਦਸੰਬਰ – ਅਮਰੀਕਾ ਦੇ ਫਲੋਰਿਡਾ ਵਿਖੇ ਆਪਣੀ ਹਿੰੰਮਤ ਸਦਕਾ ਆਇਰਨ ਮੈਨ (ਲੋਹ ਪੁਰਸ਼) ਬਣੇ ਗੁਰਸਿੱਖ ਨੌਜੁਆਨ ਸ. ਸੁਖਰੀਤ ਸਿੰਘ ਨੇ ਅੱਜ ਆਪਣੀਆਂ ਪ੍ਰਾਪਤੀਆਂ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਪਿਤਾ ਸ. ਨਰਿੰਦਰ ਸਿੰਘ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸ. ਸੁਖਰੀਤ ਸਿੰਘ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸ੍ਰੀ ਦਰਬਾਰ ਸਾਹਿਬ ਦੇ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਹੋਣਹਾਰ ਸਪੁੱਤਰ ਸ. ਸੁਖਰੀਤ ਸਿੰਘ ਨੇ ਫਲੋਰਿਡਾ ਵਿਖੇ ਕਰਵਾਈ ਗਈ ਵਕਾਰੀ ਖੇਡ ਵਿਚ ਮਾਣਮੱਤੀ ਪ੍ਰਾਪਤੀ ਕਰਕੇ ‘ਆਇਰਨ ਮੈਨ ਆਫ਼ ਫਲੋਰਿਡਾ’ ਦਾ ਵਕਾਰੀ ਖਿਤਾਬ ਹਾਸਲ ਕੀਤਾ ਹੈ। ਇਸ ਖੇਡ ਤਹਿਤ ਪਹਿਲਾਂ ਪਾਣੀ ਵਿਚ ਤੈਰਨਾ, ਫਿਰ ਸਾਈਕਲ ਚਲਾਉਣ ਅਤੇ ਫਿਰ ਲੰਮੀ ਦੌੜ ਵਿਚ ਸ਼ਮੂਲੀਅਤ ਕਰਨੀ ਪੈਂਦੀ ਹੈ। ਸ. ਸੁਖਰੀਤ ਸਿੰਘ ਨੇ ਇਸ ਮੁਕਾਬਲੇ ਦੌਰਾਨ ਪਾਣੀ ਵਿਚ ੪ ਕਿਲੋਮੀਟਰ ਦੀ ਤੈਰਾਕੀ ਕੀਤੀ, ੧੮੦ ਕਿਲੋਮੀਟਰ ਸਾਈਕਲ ਚਲਾਇਆ ਅਤੇ ਫਿਰ ੪੨ ਕਿਲੋਮੀਟਰ ਦੌੜ ਲਗਾਈ। ਕਿਸੇ ਗੁਰਸਿੱਖ ਨੌਜੁਆਨ ਵੱਲੋਂ ਇਹ ਪਹਿਲੀ ਪ੍ਰਾਪਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆਂ ਸ. ਸੁਖਰੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਅਤੇ ਉਸ ਦੇ ਮਾਤਾ-ਪਿਤਾ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੋ ਸਕੀ ਹੈ। ਉਸ ਨੇ ਸਿੱਖ ਨੌਜੁਆਨੀ ਨੂੰ ਆਪਣੇ ਵਿਰਸੇ ਤੇ ਮਾਣ ਕਰਨ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਜਿਊਣ ਦੀ ਪ੍ਰੇਰਣਾ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ. ਸੁਖਰੀਤ ਸਿੰਘ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਕਿਸੇ ਗੁਰਸਿੱਖ ਵੱਲੋਂ ਕੀਤੀ ਇਸ ਪ੍ਰਾਪਤੀ ਨਾਲ ਸਮੁੱਚੇ ਸਿੱਖ ਜਗਤ ਦਾ ਮਾਣ ਵਧਿਆ ਹੈ। ਉਨ੍ਹਾਂ ਨੌਜੁਆਨੀ ਨੂੰ ਸੁਖਰੀਤ ਸਿੰਘ ਦੀ ਪ੍ਰਾਪਤੀ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਹਰਭਜਨ ਸਿੰਘ ਵਕਤਾ ਮੌਜੂਦ ਸਨ।