ਨਿਊਯਾਰਕ ਪੁਲਿਸ ‘ਚ ਅਫ਼ਸਰ ਬਣਨ ਦੀ ਗੁਰਸੋਚ ਕੌਰ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, ੨੧ ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿਖੇ ਸ. ਜਸਪ੍ਰੀਤ ਸਿੰਘ ਨਾਂ ਦੇ ਇੱਕ ਸਿੱਖ ਨੂੰ ਕਾਲੇ ਮੂਲ ਦੇ ਵਿਅਕਤੀ ਵੱਲੋਂ ਗੋਲੀ ਮਾਰਨ ਦੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਅਜਿਹੇ ਹਮਲੇ ਰੋਕਣ ਲਈ ਭਾਰਤ ਸਰਕਾਰ ਨੂੰ ਆਪਣੀ ਭੂਮਿਕਾ ਸੁਚੇਤ ਢੰਗ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਅੰਦਰ ਵੱਸੇ ਸਿੱਖਾਂ ਨੇ ਉਥੋਂ ਦੀ ਤਰੱਕੀ ਲਈ ਭਰਪੂਰ ਯੋਗਦਾਨ ਪਾਇਆ ਹੈ, ਪਰ ਫਿਰ ਵੀ ਕਈ ਵਾਰ ਸਿੱਖਾਂ ਨੂੰ ਵਿਦੇਸ਼ਾਂ ਅੰਦਰ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਜਸਪ੍ਰੀਤ ਸਿੰਘ ‘ਤੇ ਅਮਰੀਕਾ ਵਿਚ ਹੋਏ ਹਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਊਯਾਰਕ ਪੁਲਿਸ ਵਿਭਾਗ ਵਿਚ ਸਹਾਇਕ ਪੁਲਿਸ ਅਫ਼ਸਰ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੱਖ ਗੁਰਸੋਚ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰਸੋਚ ਦੀ ਇਸ ਨਿਯੁਕਤੀ ਨਾਲ ਅਮਰੀਕਾ ਅੰਦਰ ਯਕੀਨਨ ਸਿੱਖ ਪਛਾਣ ਨੂੰ ਬਲ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਗੁਰਸੋਚ ਕੌਰ ਸਿੱਖ ਪ੍ਰੰਪਰਾ, ਸਿੱਖ ਸੱਭਿਆਚਾਰ, ਸਿੱਖ ਰਵਾਇਤਾਂ ਦੇ ਪ੍ਰਚਾਰ ਲਈ ਕਾਰਜ ਕਰੇਗੀ।