2 ਅੰਮ੍ਰਿਤਸਰ 20 ਮਈ ( ) ਦਿੱਲੀ ਸਥਿਤ ਅਮਰੀਕਾ ਅੰਬੈਸੀ ਦੇ ਅੰਬੈਸਡਰ ਸ੍ਰੀ ਰਿਚਰਡ ਰਾਹੁਲ ਵਰਮਾ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ ਤੇ ਵਿਸ਼ਵ ‘ਚ ਵਸਦੇ ਭਾਈਚਾਰੇ ਪ੍ਰਤੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ।ਉਨ੍ਹਾਂ ਨਾਲ ਸ੍ਰੀ ਜੈਨਥਨ ਕੈਸਲਰ, ਸ੍ਰੀ ਰਾਜਾ ਭਟਾਚਾਰੀਆ ਪ੍ਰੈਸ ਐਡਵਾਈਜ਼ਰ, ਮਿਸਟਰ ਐਸ ਫਿਟਜਰਲੈਂਡ ਤੇ ਮਿਸ ਲਾਵਨਿਆ ਸੁਰੱਖਿਆ ਅਧਿਕਾਰੀ, ਸ੍ਰੀਮਤੀ ਜੈਸਿਕਾ ਤੇ ਸ੍ਰੀਮਤੀ ਐਨੀ ਆਦਿ ਮੌਜੂਦ ਸਨ।ਉਨ੍ਹਾਂ ਮੁੱਖ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਪਾਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਮੁਕੰਮਲ ਜਾਣਕਾਰੀ ਹਾਸਲ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੂਚਨਾ ਕੇਂਦਰ ਵਿਖੇ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਰਿਚਰਡ ਰਾਹੁਲ ਵਰਮਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਅਮਰੀਕਾ ‘ਚ ਵਸਦੇ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗ ਪੱਤਰ ਵੀ ਸੌਂਪਿਆ।
ਸੂਚਨਾ ਕੇਂਦਰ ਵਿਖੇ ਗੱਲਬਾਤ ਦੌਰਾਨ ਸ੍ਰੀ ਰਿਚਰਡ ਰਾਹੁਲ ਵਰਮਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਅਸਥਾਨ ਹੈ ਤੇ ਇਸ ਅਸਥਾਨ ਦੇ ਦਰਸ਼ਨ ਕਰਨ ਨਾਲ ਮਨ ਨੂੰ ਸ਼ਾਂਤੀ ਤੇ ਸਕੂਨ ਪ੍ਰਾਪਤ ਹੁੰਦਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਸ. ਸੁਖਰਾਜ ਸਿੰਘ ਐਡੀਸ਼ਨਲ ਮੈਨੇਜਰ ਵੀ ਹਾਜ਼ਰ ਸਨ।