ਅੰਮ੍ਰਿਤਸਰ, 25 ਅਪ੍ਰੈਲ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਇੰਡੀਆਨਾ ਦੀ ਸੈਨੇਟ ਵੱਲੋਂ ਅਮਰੀਕਾ ਦੀ ਤਰੱਕੀ ਲਈ ਉਥੋਂ ਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕਰਦੇ ਹੋਏ ਸਰਬਸੰਮਤੀ ਨਾਲ ‘ਮਹੱਤਵਪੂਰਨ ਯੋਗਦਾਨ’ ਮਤਾ ਪਾਸ ਕਰਨਾ ਬਹੁਤ ਸ਼ਲਾਘਾਯੋਗ ਕਦਮ ਦੱਸਿਆ ਹੈ। ਇਹ ਮਤਾ ਇੰਡੀਆਨਾ ਦੇ ਉਪ ਰਾਜਪਾਲ ਸੁਜੇਨ ਕਰੌਚ ਵੱਲੋਂ ਪੇਸ਼ ਕੀਤਾ ਗਿਆ। ਇਸ ਮਤੇ ਵਿਚ ਇੰਡੀਆਨਾ ਸੈਨੇਟ ਵੱਲੋਂ ਯੂਨਾਈਟਡ ਸਟੇਟਸ ਅਮਰੀਕਾ ਤੇ ਇੰਡੀਆਨਾ ਦੀ ਤਰੱਕੀ ਵਿਚ ਸਿੱਖਾਂ ਵੱਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕਰਦਿਆਂ ਮਾਨਤਾ ਦੇਣਾ ਸਮੁੱਚੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਤਿਹਾਸਕ ਐਲਾਨ ਕਰਦਿਆਂ ਰਾਜਪਾਲ ਏਰਿਕ ਹੌਲਕੌਂਬ ਨੇ ਕਿਹਾ ਕਿ ਪਹਿਲੀ ਵਾਰ ੧੫ ਮਈ ੨੦੧੭ ਨੂੰ ਨੈਸ਼ਨਲ ਸਿੱਖ ਤੇ ਵਿਸਾਖੀ ਦਿਵਸ ਮਨਾਇਆ ਜਾਵੇਗਾ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਨਸ ਵੱਲੋਂ ਇਸ ਮਤੇ ਦਾ ਪੂਰਨ ਸਮਰਥਨ ਕਰਨਾ ਅਤੇ ਸੈਨੇਟ ਦੇ ਇਜਲਾਸ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਹੋਣਾ ਵੀ ਇਸ ਗੱਲ ਦੀ ਗਵਾਹੀ ਹੈ ਕਿ ਸਿੱਖਾਂ ਨੇ ਆਪਣੇ ਉੱਚੇ ਕਿਰਦਾਰ ਨਾਲ ਵਿਦੇਸ਼ੀ ਲੋਕਾਂ ਦੇ ਦਿਲਾਂ ਵਿਚ ਬਹੁਤ ਵੱਡੀ ਥਾਂ ਬਣਾ ਲਈ ਹੈ।
ਪ੍ਰੋ: ਬਡੂੰਗਰ ਨੇ ਕਿਹਾ ਕਿ ਅਮਰੀਕਾ ਵਿਚ ਵੱਸਦੇ ਸਿੱਖਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਅਮਰੀਕੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਸਿੱਖਾਂ ਲਈ ਇਤਿਹਾਸਕ ਮਹੱਤਤਾ ਰੱਖਣ ਵਾਲਾ ਫੈਸਲਾ ਹੈ। ਇਸ ਮਤੇ ਨਾਲ ਉਥੇ ਵੱਸਦੇ ਸਿੱਖਾਂ ਨੂੰ ਹੋਰ ਵੀ ਉਤਸ਼ਾਹ ਮਿਲੇਗਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਪਛਾਣ ਦਾ ਮਸਲਾ ਵੀ ਕਾਫੀ ਹੱਦ ਤਕ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੇ ਮੁਕਾਮ ਹਾਸਲ ਕੀਤੇ ਗਏ ਹਨ। ਸਿੱਖਾਂ ਦੀ ਕਾਬਲੀਅਤ ‘ਤੇ ਭਰੋਸਾ ਕਰਦਿਆਂ ਹੀ ਉਨ੍ਹਾਂ ਨੂੰ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਵੱਡੇ-ਵੱਡੇ ਅਹੁਦੇ ਪ੍ਰਦਾਨ ਕੀਤੇ ਹਨ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਮਤੇ ਦੀ ਇਕ ਵਾਰ ਫਿਰ ਸ਼ਲਾਘਾ ਕਰਦਿਆਂ ਉਥੇ ਵੱਸਦੇ ਸਿੱਖਾਂ ਨੂੰ ਵਧਾਈ ਵੀ ਦਿੱਤੀ ਤੇ ਕਾਮਨਾ ਕੀਤੀ ਕਿ ਸਿੱਖ ਅੱਗੋਂ ਵੀ ਹਮੇਸ਼ਾ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣਗੇ।