ਅੰਮ੍ਰਿਤਸਰ, 28 ਅਗਸਤ- ਅਮਰੀਕਾ ਵਾਸੀ ਸ. ਰਣਧੀਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਇੱਕ ਲੱਖ ਅਠਾਈ ਹਜ਼ਾਰ ਇੱਕ ਸੌ ਰੁਪਏ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ ਹੈ। ਇਹ ਰਾਸ਼ੀ ਸ. ਰਣਧੀਰ ਸਿੰਘ ਦੇ ਪਿਤਾ ਸੂਬੇਦਾਰ ਤੀਰਥ ਸਿੰਘ ਧੂੰਧਿਆਂਵਾਲਾ ਨੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲਾ ਦੀ ਮੌਜੂਦਗੀ ਵਿਚ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੂੰ ਸੌਂਪੀ। ਇਸ ਮੌਕੇ ਸੂਬੇਦਾਰ ਤੀਰਥ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ. ਕਰਮੂੰਵਾਲਾ ਨੇ ਸੂਬੇਦਾਰ ਤੀਰਥ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਸ. ਰਣਧੀਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਵੀ ਮੌਜੂਦ ਸਨ।