ਅੰਮ੍ਰਿਤਸਰ, 15 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਅਮਰੀਕਾ ਵਿਖੇ ਡੈਮ ਟੁੱਟਣ ਦੇ ਬਣੇ ਖਤਰੇ ਕਾਰਨ ਬੇਘਰ ਹੋਏ ਲੋਕਾਂ ਦੀ ਮੱਦਦ ਲਈ ਸਿੱਖਾਂ ਵੱਲੋਂ ਮੱਦਦ ਲਈ ਅੱਗੇ ਆਉਣਾ ਮਨੁੱਖਤਾ ਪ੍ਰਤੀ ਹਮਦਰਦੀ ਦੀ ਵੱਡੀ ਮਿਸਾਲ ਹੈ। ਇਸ ਨਾਲ ਸਿੱਖਾਂ ਦਾ ਸੇਵਾ ਭਾਵਨਾ ਵਾਲਾ ਅਕਸ ਇੱਕ ਵਾਰ ਫੇਰ ਉਭਰਿਆ ਹੈ। ਉਨ੍ਹਾਂ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਸਿੱਖ ਸੰਗਤ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਬਖਸ਼ੇ ਸੇਵਾ ਦੇ ਸਿਧਾਂਤ ਅਨੁਸਾਰ ਸਿੱਖਾਂ ਵੱਲੋਂ ਸੰਕਟਮਈ ਸਮੇਂ ‘ਤੇ ਲੋਕਾਈ ਦੀ ਮੱਦਦ ਲਈ ਹਮੇਸ਼ਾ ਪਹਿਲਕਦਮੀ ਕੀਤੀ ਜਾਂਦੀ ਹੈ। ਪਿਛਲੇ ਸਮਿਆਂ ਦੌਰਾਨ ਜੰਮੂ ਕਸ਼ਮੀਰ, ਨੇਪਾਲ, ਅੰਡੇਮਾਨ ਨਿਕੋਬਾਰ, ਲੇਹ-ਲੱਦਾਖ ਅਤੇ ਉਤਰਾਖੰਡ ਵਿਖੇ ਕੁਦਰਤੀ ਆਫਤਾਂ ਸਮੇਂ ਸਿੱਖ ਕੌਮ ਵੱਲੋਂ ਨਿਭਾਈਆਂ ਰਾਹਤ ਸੇਵਾਵਾਂ ਦੀ ਸ਼ਲਾਘਾ ਵੀ ਚੁਫੇਰਿਓਂ ਹੋਈ ਸੀ।  ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਹੈ ਅਤੇ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖ ਲੋਕਾਈ ਦੀ ਮੱਦਦ ਲਈ ਸਦਾ ਮੋਹਰੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅੰਦਰ ਡੈਮ ਟੁੱਟਣ ਦੇ ਖਤਰੇ ਨੇ ਨੇੜਲੇ ਇਲਾਕਿਆਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਲੋਕ ਸੁਰੱਖਿਅਤ ਥਾਵਾਂ ਵੱਲ ਨੂੰ ਜਾ ਰਹੇ ਹਨ। ਅਜਿਹੇ ਸੰਕਟਮਈ ਸਮੇਂ ਵਿਚ ਸਿੱਖਾਂ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਗੁਰਦੁਆਰਾ ਸਾਹਿਬਾਨ ਅਤੇ ਆਪਣੇ ਘਰਾਂ ਅੰਦਰ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦੇ ਕੇ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ।