ਅੰਮ੍ਰਿਤਸਰ: 12 ਅਗਸਤ () ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਫਲੋਰਿਡਾ ਜ਼ੇਲ੍ਹ ‘ਚ ਨਜ਼ਰਬੰਦ ੨੨ ਸਿੱਖਾਂ ਨੂੰ ਇਨਸਾਫ਼ ਦਿਵਾਉਣ ਬਾਰੇ ਭਾਰਤ ਅਤੇ ਅਮਰੀਕਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਫਲੋਰੀਡਾ ਜ਼ੇਲ੍ਹ ‘ਚ ਨਜ਼ਰਬੰਦ ੨੨ ਸਿੱਖਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ, ਜਿਸ ਕਾਰਨ ਉਨ੍ਹਾਂ ‘ਚੋਂ ਕਈਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੰਦੀ ਬੀਤੀ ੨੫ ਜੁਲਾਈ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਸਬੰਧੀ ਮਾਮਲੇ ਦੀ ਸੁਣਵਾਈ ਇਕ ਸਥਾਨਕ ਅਦਾਲਤ ਤੋਂ ਕਰਵਾਈ ਜਾਵੇ।ਉਨ੍ਹਾਂ ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਨੂੰ ਇਨ੍ਹਾਂ ਸਿੱਖਾਂ ਦੇ ਕੇਸਾਂ ਦੀ ਜਲਦ ਤੋਂ ਜਲਦ ਸੁਣਵਾਈ ਕਰਵਾ ਕੇ ਇਨਸਾਫ਼ ਦਿਵਾਉਣ ਬਾਰੇ ਗੱਲਬਾਤ ਕਰਨ ਤਾਂ ਜੋ ਸਿੱਖ ਸਮੁਦਾਏ ‘ਚ ਪਾਏ ਜਾ ਰਹੇ ਰੋਸ ਨੂੰ ਖਤਮ ਕੀਤਾ ਜਾ ਸਕੇ।