avtarਅੰਮ੍ਰਿਤਸਰ 22 ਸਤੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੰਸਾਰ ਦੇ ਹਰੇਕ ਦੇਸ਼ ਦਾ ਫਰਜ਼ ਹੈ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰੇ।ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਅਖ਼ਬਾਰਾਂ ‘ਚ ਛਪੀਆਂ ਖਬਰਾਂ ਰਾਹੀਂ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਅਫ਼ਗਾਨਿਸਤਾਨ ‘ਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ।ਉਨ੍ਹਾਂ ਕਿਹਾ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਸਿੱਖਾਂ ਨੂੰ ਤਾਲਿਬਾਨ ਵੱਲੋਂ ਜਬਰੀ ਅਗਵਾ ਕਰਕੇ ਕਲਮਾਂ ਪੜਾਉਣਾ, ਉਨ੍ਹਾਂ ਦੇ ਕੇਸ ਕਤਲ ਕਰਨੇ ਤੇ ਜਬਰੀ ਪੈਸਾ ਵਸੂਲੀ ਕਰਨੀ ਗੰਭੀਰ ਚਿੰਤਾ ਦਾ ਵਿਸ਼ਾ ਹੈ।ਇਸ ਲਈ ਅਫ਼ਗਾਨਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਥੇ ਵਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਏ।

ਉਨ੍ਹਾਂ ਕਿਹਾ ਕਿ ਨੌਜਵਾਨ ਕੁਲਰਾਜ ਸਿੰਘ ਜੋ ਮੁਦਾਰੇ ਸ਼ਰੀਫ ਸ਼ਹਿਰ ਦੇ ਕੋਲ ਕਸਬਾ ਮਹਿਮਾਨਾ ਵਿੱਚ ਦੇਸੀ ਦਵਾਈਆਂ ਦੀ ਦੁਕਾਨ ਕਰਦਾ ਸੀ ਉਸ ਨੂੰ ਤਾਲਿਬਾਨਾਂ ਵੱਲੋਂ ਜਬਰੀ ਅਗਵਾ ਕਰਕੇ ਤਸੀਹੇ ਦਿੱਤੇ ਗਏ ਅਤੇ ਪੰਜ ਲੱਖ ਦੀ ਫਿਰੌਤੀ ਲੈ ਕੇ ਛੱਡਿਆ ਗਿਆ।ਉਨ੍ਹਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਜਦੋਂ ਉਸ ਨੂੰ ਅਗਵਾਕਾਰਾਂ ਵੱਲੋਂ ਅਗਵਾ ਕੀਤਾ ਗਿਆ ਉਸ ਸਮੇਂ ਉਥੇ ਪੁਲਿਸ ਮੌਜੂਦ ਸੀ ਤੇ aੁਨ੍ਹਾਂ ਪੁਲਿਸ ਕਰਮੀਆਂ ਨੇ ਅਗਵਾਕਾਰਾਂ ਦਾ ਸਾਥ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤਾਂ ਫਿਰ ਉਸ ਦੇਸ਼ ਵਿੱਚ ਵੱਸਦੀ ਪਰਜਾ ਦਾ ਤਾਂ ਰੱਬ ਹੀ ਰਾਖਾ ਹੈ।ਇਸ ਲਈ ਅਫ਼ਗਾਨ ਸਰਕਾਰ ਨੂੰ ਚਾਹੀਦਾ ਹੈ ਗੈਰ ਜ਼ਿੰਮੇਦਾਰਾਨਾ ਕਾਰਵਾਈ ਵਿੱਚ ਸ਼ਾਮਲ ਪੁਲਿਸ ਕਰਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕਰੇ।ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦਿਵਾਉਣ ਤੇ ਅਫ਼ਗਾਨਿਸਤਾਨ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਦੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਕੂਟਨੀਤਿਕ ਪੱਧਰ ‘ਤੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਕੇ ਉਥੇ ਵੱਸਦੇ ਸਿੱਖਾਂ ਦੀ ਰਾਖੀ ਯਕੀਨੀ ਬਣਾਈ ਜਾਵੇ।ਉਨ੍ਹਾਂ ਆਖਿਰ ‘ਚ ਇਹ ਵੀ ਕਿਹਾ ਕਿ ਜਿਹੜੇ ਪਰਿਵਾਰ ਅਫ਼ਗਾਨਿਸਤਾਨ ਤੋਂ ਹਿਜਰਤ ਕਰਕੇ ਆ ਰਹੇ ਹਨ ਭਾਰਤ ਸਰਕਾਰ ਉਨ੍ਹਾਂ ਦੇ ਰਹਿਣ-ਸਹਿਣ ਦਾ ਢੁੱਕਵਾਂ ਪ੍ਰਬੰਧ ਵੀ ਕਰੇ।