ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਦਿਖਾਈ ਅਥਾਹ ਸ਼ਰਧਾ


ਅੰਮ੍ਰਿਤਸਰ, ੨੩ ਅਗਸਤ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਇਲਾਹਾਬਾਦ ਤੋਂ ਅਗਲੇ ਪੜਾਅ ਵਾਰਾਨਸੀ (ਯੂ.ਪੀ.) ਲਈ ਰਵਾਨਾ ਹੋਇਆ। ਬੀਤੀ ਰਾਤ ਨਗਰ ਕੀਰਤਨ ਦਾ ਇਲਾਹਾਬਾਦ ਪੁੱਜਣ ਸਮੇਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਉਂ ਹੀ ਨਗਰ ਕੀਰਤਨ ਇਲਾਹਾਬਾਦ ਵਿਚ ਦਾਖਲ ਹੋਇਆ ਤਾਂ ਸੰਗਤਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ। ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ ਵਿਚ ਰੱਖੇ ਗੁਰੂ ਸਾਹਿਬਾਨ ਦੇ ਸ਼ਸਤਰਾਂ ਅਤੇ ਨਿਸ਼ਾਨੀਆਂ ਨੂੰ ਸੰਗਤਾਂ ਰੀਝ ਨਾਲ ਨਿਹਾਰਦੀਆਂ ਰਹੀਆਂ। ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੁਰਦਾਬਾਦ ਇਲਾਹਾਬਾਦ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਧਾਰਮਿਕ ਦੀਵਾਨ ਉਪਰੰਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਤੱਕ ਸੰਗਤਾਂ ਨੇ ਫੁੱਲਾਂ ਦੀ ਵਿਛਾਈ ਕੀਤੀ ਹੋਈ ਸੀ। ਇਸ ਮੌਕੇ ਆਈ.ਏ.ਐਸ. ਸ੍ਰੀ ਕਵਿੰਦਰਪ੍ਰਤਾਪ ਸਿੰਘ, ਡੀ.ਆਈ.ਜੀ. ਪ੍ਰਯਾਗਰਾਜ ਦੀ ਨਿਗਰਾਨੀ ਹੇਠ ਸਥਾਨਕ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇ ਕੇ ਸਤਿਕਾਰ ਭੇਟ ਕੀਤਾ। ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਇਸ ਇਤਿਹਾਸਕ ਨਗਰ ਕੀਰਤਨ ਮੌਕੇ ਕੀਤੀ ਜਾ ਰਹੀ ਸੰਗਤਾਂ ਦੀ ਸੇਵਾ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਪੇਸ਼ ਕਰ ਰਹੀ ਸੀ। ਹਰ ਧਰਮ ਦੇ ਲੋਕਾਂ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਪ੍ਰਤੀ ਭਾਰੀ ਉਤਸ਼ਾਹ ਸੀ। ਵੱਡੀ ਗਿਣਤੀ ਵਿਚ ਸਥਾਨਕ ਨੌਜਵਾਨ ਮੋਟਰਸਾਈਕਲਾਂ ਉਪਰ ਕਾਫਲੇ ਦੇ ਰੂਪ ਵਿਚ ਨਗਰ ਕੀਰਤਨ ਨਾਲ ਸ਼ਾਮਲ ਹੋਏ।
ਇਸ ਮੌਕੇ ਸ. ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ. ਪ੍ਰੀਤਮ ਸਿੰਘ ਜਨਰਲ ਸਕੱਤਰ, ਸ. ਹਰਬਿੰਦਰ ਸਿੰਘ ਮੀਤ ਪ੍ਰਧਾਨ, ਸ. ਜਤਿੰਦਰ ਸਿੰਘ ਖ਼ਜ਼ਾਨਚੀ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਸ. ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ, ਸ. ਅਜੀਤ ਸਿੰਘ, ਸ. ਦਵਿੰਦਰ ਸਿੰਘ, ਸ. ਜਗਜੀਤ ਸਿੰਘ, ਸ. ਤ੍ਰਿਲੋਚਨ ਸਿੰਘ, ਸ. ਬਲਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਦਰਬਾਰ ਮੀਰਾਂਪੁਰ, ਸ. ਬੀਰ ਸਿੰਘ ਚੇਅਰਮੈਨ ਖ਼ਾਲਸਾ ਕਾਲਜ, ਸ. ਮਹਿੰਦਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ ਐਮ.ਏ., ਭਾਈ ਸਤਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਸ. ਜਗਜੀਤ ਸਿੰਘ ਪ੍ਰਚਾਰਕ ਆਦਿ ਮੌਜੂਦ ਸਨ।ਨਗਰ ਕੀਰਤਨ ਭਲਕੇ ੨੪ ਅਗਸਤ ਨੂੰ ਵਾਰਾਨਸੀ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਲਈ ਰਵਾਨਾ ਹੋਵੇਗਾ।