ਅੰਮ੍ਰਿਤਸਰ, 24 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਗੁਰੂ ਬਾਗ, ਵਾਰਾਨਸੀ ਤੋਂ ਅਗਲੇ ਪੜਾਅ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਲਈ ਰਵਾਨਾ ਹੋਇਆ। ਬੀਤੀ ਰਾਤ ਨਗਰ ਕੀਰਤਨ ਦਾ ਵਾਰਾਨਸੀ ਪੁੱਜਣ ਸਮੇਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚੇ ਹੱਥਾਂ ਵਿਚ ਪੀਲੀਆਂ ਝੰਡੀਆਂ ਲਈ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਉਂਦੇ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਰਹੇ ਸਨ। ਨਗਰ ਕੀਰਤਨ ਵਾਰਾਨਸੀ ਪਹੁੰਚਣ ‘ਤੇ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ ਵਿਚ ਰੱਖੇ ਗੁਰੂ ਸਾਹਿਬਾਨ ਦੇ ਸ਼ਸਤਰਾਂ ਅਤੇ ਨਿਸ਼ਾਨੀਆਂ ਨੂੰ ਸੰਗਤਾਂ ਰੀਝ ਨਾਲ ਨਿਹਾਰਦੀਆਂ ਰਹੀਆਂ। ਅੱਜ ਗੁਰਦੁਆਰਾ ਸਾਹਿਬ ਗੁਰੂ ਬਾਗ ਵਾਰਾਨਸੀ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਧਾਰਮਿਕ ਦੀਵਾਨ ਉਪਰੰਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਇਤਿਹਾਸਕ ਨਗਰ ਕੀਰਤਨ ਦੀ ਆਮਦ ਦੀ ਯਾਦ ਵਿਚ ਗੁਰੂ ਨਾਨਕ ਖ਼ਾਲਸਾ ਬਾਲਿਕਾ ਇੰਟਰ ਕਾਲਜ, ਵਾਰਾਨਸੀ ਵਿਖੇ ਨਿੰਮ ਦਾ ਬੂਟਾ ਵੀ ਲਗਾਇਆ ਗਿਆ।
ਵਾਰਾਨਸੀ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਸ. ਕਮਿੰਕਰ ਸਿੰਘ, ਸ. ਭੁਪਿੰਦਰ ਸਿੰਘ ਚੀਫ਼ ਐਡਮਨਿਸਟਰੇਟਰ, ਪਟਨਾ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੂਰਜ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸ. ਜਸਬੀਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਕਾ ਬਾਗ ਵਾਰਾਨਸੀ, ਡਾ. ਹਰਿਮੰਦਰ ਸਿੰਘ ਦੂਆ, ਸ. ਮਹਿੰਦਰ ਸਿੰਘ ਖੰਨਾ, ਸ. ਤਰਲੋਚਨ ਸਿੰਘ, ਸ. ਪਰਮਜੀਤ ਸਿੰਘ, ਸ. ਮਹਿੰਦਰ ਸਿੰਘ ਛਾਬੜਾ, ਸ. ਰਣਜੀਤ ਸਿੰਘ, ਸ. ਦਲਜੀਤ ਸਿੰਘ ਮੈਨੇਜਰ, ਸ. ਮਨਿੰਦਰ ਸਿੰਘ ਬੱਗਾ, ਸ. ਆਤਮਾ ਸਿੰਘ ਖ਼ਾਲਸਾ, ਸ. ਜਤਿੰਦਰ ਸਿੰਘ ਖੰਨਾ, ਸ. ਅਰਵਿੰਦਰ ਸਿੰਘ, ਸ. ਕੁਲਦੀਪ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਸ. ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਨਰਿੰਦਰ ਸਿੰਘ ਮਥਰੇਵਾਲ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ, ਪ੍ਰਚਾਰਕ ਭਾਈ ਸਤਵੰਤ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਹਰਪਾਲ ਸਿੰਘ ਤੇ ਭਾਈ ਪੰਥਪ੍ਰੀਤ ਸਿੰਘ ਆਦਿ ਮੌਜੂਦ ਸਨ। ਨਗਰ ਕੀਰਤਨ ਭਲਕੇ ੨੫ ਅਗਸਤ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਹਜ਼ਾਰੀ ਬਾਗ ਲਈ ਰਵਾਨਾ ਹੋਵੇਗਾ।