ਅੰਮ੍ਰਿਤਸਰ, 14 ਅਗਸਤ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ ੩ ਸਤੰਬਰ ਤੋਂ ਲੈ ਕੇ ੧੪ ਅਕਤੂਬਰ ਤੱਕ ਦੇ ਰੂਟ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਅਗਸਤ ਮਹੀਨੇ ਤੱਕ ਦਾ ਰੂਟ ਬਣਾਇਆ ਗਿਆ ਸੀ, ਜਦਕਿ ਨਗਰ ਕੀਰਤਨ ਦੀ ਰਫ਼ਤਾਰ ਘਟਣ ਕਾਰਨ ਹੁਣ ਉਸ ਤੋਂ ਅੱਗੇ ੧ ਸਤੰਬਰ ਦੀ ਬਜਾਏ ੩ ਸਤੰਬਰ ਤੋਂ ਰੂਟ ਬਣਾਇਆ ਗਿਆ ਹੈ। ਦੱਸ ਦਈਏ ਕਿ ਸੰਗਤੀ ਉਤਸ਼ਾਹ ਕਾਰਨ ਨਗਰ ਕੀਰਤਨ ਹਰ ਪੜਾਅ ‘ਤੇ ਲਗਭਗ ੭੨ ਘੰਟੇ ਦੇ ਫ਼ਰਕ ਨਾਲ ਪੁੱਜ ਰਿਹਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਇਸ ਸਬੰਧੀ ਹੋਈ ਇਕੱਤਰਤਾ ਦੌਰਾਨ ਜਿਥੇ ਨਗਰ ਕੀਰਤਨ ਲਈ ਦਿਖਾਏ ਭਰਵੇਂ ਉਤਸ਼ਾਹ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਨਗਰ ਕੀਰਤਨ ਦੇ ਪ੍ਰਬੰਧਾਂ ਅਤੇ ਸਵਾਗਤੀ ਤਿਆਰੀਆਂ ਲਈ ਹਰ ਰਾਜ ਅੰਦਰ ਕੋਆਰਡੀਨੇਟਰ ਹੋਵੇਗਾ। ਭਾਈ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਣਾਏ ਗਏ ਰੂਟ ਅਨੁਸਾਰ ਨਗਰ ਕੀਰਤਨ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦਾ ਹੋਇਆ ਰਾਜਿਸਥਾਨ ਦੇ ਸ੍ਰੀ ਗੰਗਾਨਗਰ ਤੋਂ ੧੪ ਅਕਤੂਬਰ ਨੂੰ ਮੁੜ ਪੰਜਾਬ ਵਿਚ ਪ੍ਰਵੇਸ਼ ਕਰੇਗਾ। ੧੪ ਅਕਤੂਬਰ ਨੂੰ ਰਾਤ ਦਾ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦਾ ਪੰਜਾਬ ਵਿਚਲਾ ਰੂਟ ਵੀ ਜਲਦ ਹੀ ਸੰਗਤ ਨੂੰ ਦੱਸਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਨਗਰ ਕੀਰਤਨ ਸ਼ਤਾਬਦੀ ਸਮਾਗਮਾਂ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜ ਜਾਵੇਗਾ।
ਇਕੱਤਰਤਾ ‘ਚ ਨਗਰ ਕੀਰਤਨ ਕਮੇਟੀ ਦੇ ਮੁਖੀ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ. ਦਰਬਾਰਾ ਸਿੰਘ ਗੁਰੂ, ਸ. ਰਘੂਜੀਤ ਸਿੰਘ ਵਿਰਕ, ਸ. ਗੁਰਬਚਨ ਸਿੰਘ ਕਰਮੂੰਵਾਲਾ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਭਾਈ ਰਾਮ ਸਿੰਘ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਹਰਭਜਨ ਸਿੰਘ ਮਸਾਣਾ, ਸ. ਸਵਿੰਦਰ ਸਿੰਘ ਸਭਰਵਾਲ, ਸ. ਰਵਿੰਦਰ ਸਿੰਘ ਚੱਕ, ਡਾ. ਰੂਪ ਸਿੰਘ, ਸ. ਪੀ.ਐਸ. ਪਸਰੀਚਾ, ਸ. ਜਸਬੀਰ ਸਿੰਘ ਧਾਮ, ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਇੰਜ: ਸੁਖਮਿੰਦਰ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।