ਨਗਰ ਕੀਰਤਨ ਲਈ ਸੰਗਤ ‘ਚ ਭਾਰੀ ਉਤਸ਼ਾਹ, ਲੱਖਾਂ ਸੰਗਤਾਂ ਹੋ ਰਹੀਆਂ ਹਨ ਨਤਮਸਤਕ


ਅੰਮ੍ਰਿਤਸਰ, ੧੨ ਅਗਸਤ- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪੰਥਕ ਜਾਹੋ-ਜਲਾਲ ਨਾਲ ਆਰੰਭ ਕੀਤਾ ਗਿਆ ਕੌਮਾਂਤਰੀ ਨਗਰ ਕੀਰਤਨ ਦੇ ਅੱਜ ਹਰਿਆਣਾ ਦੇ ਪੰਚਕੂਲਾ ਸਥਿਤ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਇਥੇ ਪੁੱਜਣ ‘ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ, ਜਿਨ੍ਹਾਂ ਨੇ ਨਗਰ ਕੀਰਤਨ ‘ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ। ਗੁਰਦੁਆਰਾ ਸ੍ਰੀ ਨਾਢਾ ਸਾਹਿਬ ਤੋਂ ਅੱਗੇ ਰਵਾਨਗੀ ਸਮੇਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ, ਸ. ਬਲਦੇਵ ਸਿੰਘ ਕਿਆਮਪੁਰ, ਸ. ਬਲਦੇਵ ਸਿੰਘ ਖ਼ਾਲਸਾ, ਸ. ਹਰਭਜਨ ਸਿੰਘ ਮਸਾਣਾਂ, ਸ. ਭੁਪਿੰਦਰ ਸਿੰਘ ਅਸੰਧ, ਸ. ਨਿਰਮੈਲ ਸਿੰਘ ਜੌਲਾਂ, ਸ੍ਰੀ ਐਨ.ਕੇ. ਸ਼ਰਮਾ, ਸ. ਸ਼ਰਨਜੀਤ ਸਿੰਘ ਸੋਥਾ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਮੈਨੇਜਰ ਸ. ਜਗੀਰ ਸਿੰਘ, ਇੰਚਾਰਜ ਸ. ਪਰਮਜੀਤ ਸਿੰਘ, ਸ. ਮੰਗਪ੍ਰੀਤ ਸਿੰਘ ਆਦਿ ਮੌਜੂਦ ਸਨ।
ਇਸ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਤਿਕਾਰ ਵਜੋਂ ਸਿਰੋਪਾਓ ਦਿੱਤੇ ਗਏ। ਨਗਰ ਕੀਰਤਨ ਦੌਰਾਨ ਸੰਗਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਉਂ ਹੀ ਨਗਰ ਕੀਰਤਨ ਅਗਲੇ ਪੜਾਅ ਨੂੰ ਰਵਾਨਾ ਹੋਇਆ ਤਾਂ ਚਾਰੇ ਪਾਸੇ ਮੌਜੂਦ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜਾ ਦਿੱਤਾ। ਦੱਸ ਦਈਏ ਕਿ ਬੀਤੇ ਕੱਲ੍ਹ ਚੰਡੀਗੜ੍ਹ ‘ਚੋਂ ਲੰਘਦਿਆਂ ਨਗਰ ਕੀਰਤਨ ਦਾ ਜਲੌ ਦੇਖਣਯੋਗ ਸੀ। ਸੜਕਾਂ ‘ਤੇ ਸੰਗਤ ਦੀ ਭਾਰੀ ਆਮਦ ਚੰਡੀਗੜ੍ਹ ਦੇ ਮਾਹੌਲ ਨੂੰ ਖ਼ਾਲਸਈ ਬਣਾ ਰਹੀ ਸੀ। ਵੱਖ-ਵੱਖ ਚੌਂਕਾਂ ‘ਚ ਨਗਰ ਕੀਰਤਨ ਦੇ ਸਵਾਗਤ ਲਈ ਖੜ੍ਹੀਆਂ ਸੰਗਤਾਂ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਸਨ। ਇਸੇ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਵੱਲੋਂ ਥਾਂ-ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਵਨ ਰੁਮਾਲਾ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ ਗਏ। ਬੇਸ਼ੱਕ ਸੰਗਤੀ ਉਤਸ਼ਾਹ ਦੇ ਮੱਦੇਨਜ਼ਰ ਨਗਰ ਕੀਰਤਨ ਕਈ-ਕਈ ਘੰਟੇ ਪੱਛੜ ਕੇ ਚੱਲ ਰਿਹਾ ਹੈ, ਪਰੰਤੂ ਫਿਰ ਵੀ ਸੰਗਤਾਂ ਲੰਮਾਂ ਸਮਾਂ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਹਨ। ਨਗਰ ਕੀਰਤਨ ਦਾ ਅਗਲਾ ਵਿਸ਼ਰਾਮ ਕਪਾਲ ਮੋਚਨ ਹਰਿਆਣਾ ਵਿਖੇ ਹੋਵੇਗਾ ਅਤੇ ਇਥੇ ਵਿਸ਼ਰਾਮ ਮਗਰੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਅਤੇ ਦੇਹਰਾਦੂਨ ਲਈ ਰਵਾਨਾ ਹੋਵੇਗਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਇਕ ਵਾਰ ਫਿਰ ਅਪੀਲ ਕੀਤੀ ਹੈ ਕਿ ਸੰਗਤ ਦੇ ਭਾਰੀ ਉਤਸ਼ਾਹ ਕਰਕੇ ਨਗਰ ਕੀਰਤਨ ਦੀ ਰਫ਼ਤਾਰ ਘੱਟਣ ‘ਤੇ ਸਮੇਂ ਸਿਰ ਪੁੱਜਣਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਸੰਗਤਾਂ ਲਈ ਸੰਗਤਾਂ ਨਗਰ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਨੰਬਰਾਂ ‘ਤੇ ਸੰਪਰਕ ਨਗਰ ਕੀਰਤਨ ਦੀ ਲੋਕੇਸ਼ਨ ਅਨੁਸਾਰ ਹੀ ਸਵਾਗਤੀ ਪ੍ਰਬੰਧ ਕਰਨ। ਉਨ੍ਹਾਂ ਸੰਗਤ ਵੱਲੋਂ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਲਈ ਧੰਨਵਾਦ ਵੀ ਕੀਤਾ ਹੈ।