8-09-2015ਅੰਮ੍ਰਿਤਸਰ 8 ਸਤੰਬਰ (        ) ਪ੍ਰਾਚੀਨ ਅਤੇ ਟਕਸਾਲੀ ਗਤਕੇ ਨੂੰ ਸਿੱਖ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਦੀਪ ਸਿੰਘ ਮਹੱਲਸਰ ਗਤਕਾ ਅਖਾੜਾ ਵੱਲੋਂ ਗਤਕੇ ਦੇ ਅੰਤਰ-ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖਿਡਾਰੀਆਂ ਦੇ ੮ ਐਡੀਸ਼ਨ ਲਏ ਜਾ ਰਹੇ ਹਨ।ਇਨ੍ਹਾਂ ਐਡੀਸ਼ਨਾਂ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੁਧਿਆਣਾ ਤੋਂ ਕੀਤੀ ਗਈ ਸੀ ਅਤੇ ਅੱਜ ਦੂਜੇ ੪ ਜ਼ਿਲ੍ਹਿਆਂ ਦਾ ਐਡੀਸ਼ਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਰੱਖਿਆ ਗਿਆ ਹੈ।ਅੱਜ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ‘ਚ ਰੱਖੇ ਗਏ ਐਡੀਸ਼ਨ ‘ਚ ੨੦੦ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿਚੋਂ ੧੯ ਖਿਡਾਰੀ ਚੁਣੇ ਗਏ ਅਤੇ ੨੦ ਗੋਲਡਨ ਚਾਂਸ ਵਿੱਚ ਰੱਖੇ ਗਏ।ਇਸ ਐਡੀਸ਼ਨ ਦਾ ਰਸਮੀ ਉਦਘਾਟਨ ਸ. ਜਗਜੀਤ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੌਜਵਾਨਾਂ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਮਾਰਸ਼ਲ ਆਰਟ (ਗਤਕਾ) ਪ੍ਰਤੀ ਜ਼ਜ਼ਬਾ ਪੈਦਾ ਕਰਨ ਲਈ ਇਨ੍ਹਾਂ ਮੁਕਾਬਲਿਆਂ ਦੀ ਪਹਿਲੀ ਵਾਰ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਗਤਕੇ ਨੂੰ ਸਧਾਰਣ ਖੇਡ ਵਜੋਂ ਵਿਕਸਤ ਕਰਨ ਕਰਕੇ ਸਿੱਖ ਗਤਕਾ ਖਿਡਾਰੀ ਵੀ ਪੱਤਿਤਪੁਣੇ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਪ੍ਰੰਪਾਰਿਕ ਮਰਯਾਦਾ ਅਲੋਪ ਹੁੰਦੀ ਜਾ ਰਹੀ ਹੈ।ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਸਮਾਂ ਰਹਿੰਦਿਆਂ ਹੱਲ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤਾਂ ਕਿ ਬੱਚੇ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਹੋ ਕੇ ਹੀ ਗਤਕੇ ਵਿੱਚ ਭਾਗ ਲੈਣ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਗਤਕਾ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਦੀ ਨਿਗਰਾਨੀ ਹੇਠ ਕੁੱਲ ੮ ਐਡੀਸ਼ਨਾਂ ਲਈਆਂ ਜਾਣਗੀਆਂ ਜਿਨ੍ਹਾਂ ‘ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਤਹਿਗੜ੍ਹ ਸਾਹਿਬ, ਮੋਹਾਲੀ, ਬਠਿੰਡਾ, ਸੰਗਰੂਰ ਅਤੇ ਮੋਗਾ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਚੁਣੇ ਗਏ ਖਿਡਾਰੀਆਂ ਲਈ ਦੋ ਮੈਗਾ ਐਡੀਸ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਵਿੱਚ ਕੀਤੇ ਜਾਣਗੇ ਤੇ ਉਨ੍ਹਾਂ ‘ਚੋਂ ਸਫ਼ਲ ਰਹੇ ਗਤਕਾ ਖਿਡਾਰੀ ੨੯ ਨਵੰਬਰ ਨੂੰ ਕਲਾ ਦਾ ਜੌਹਰ ਵਿਖਾਉਣਗੇ।ਉਨ੍ਹਾਂ ਦੱਸਿਆ ਕਿ ਜਿੱਥੇ ਇਕ ਖਿਡਾਰੀ ਨੂੰ ਗਤਕਾ ਪ੍ਰਾਈਡ ਦਾ ਐਵਾਰਡ ਅਤੇ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।