ਅੰਮ੍ਰਿਤਸਰ 29 ਮਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਵਿੱਚ ਹੋਏ ਫੈਂਸਲੇ ਅਨੁਸਾਰ ਮੁੱਕੇਬਾਜੀ ਵਿੱਚ ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੇਡਾਂ ਵਿੱਚ ਜਿੱਤਾਂ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।

ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੁਮੈਨ, ਝਾੜ ਸਾਹਿਬ (ਲੁਧਿਆਣਾ) ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਕੇਵਲ ਲੁਧਿਆਣਾ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਪੰਜਾਬ ਅਤੇ ਭਾਰਤ ਦਾ ਨਾਮ ਪੂਰੇ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਰਾਜ, ਫੇਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁੱਕੇਬਾਜੀ ਵਿੱਚ ਪਿਛਲੇ ਤਿੰਨਾਂ ਸਾਲਾਂ ਤੋਂ ਇਸ ਵਿਦਿਆਰਥਣ ਨੇ ਜਿੱਤਾਂ ਹਾਸਲ ਕਰਕੇ ਪੂਰੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਦੀਆਂ ਮੁੱਕੇਬਾਜੀ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਲਈ ਉਸ ਨੂੰ ਸਾਲ ੨੦੧੬ ਵਿੱਚ ਉਲਿੰਪਕ ਖੇਡਾਂ ਵਿੱਚ ਭਾਗ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।ਉਨ੍ਹਾਂ ਰੁਪਿੰਦਰ ਕੌਰ ਤੋਂ ਆਸ ਪ੍ਰਗਟਾਈ ਕਿ ਅੱਗੋਂ ਵੀ ਇਹ ਹੋਣਹਾਰ ਵਿਦਿਆਰਥਣ ਮੁੱਕੇਬਾਜੀ ਵਿੱਚ ਜਿੱਤਾਂ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਪੂਰੀ ਸਿੱਖ ਕੌਮ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇ।