ਸ਼੍ਰੋਮਣੀ ਕਮੇਟੀ ਵੱਲੋਂ ਕੰਪਨੀ ਦੇ ਅਧਿਕਾਰੀ ਸਨਮਾਨਿਤ

ਅੰਮ੍ਰਿਤਸਰ, 17 ਅਕਤੂਬਰ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਭਾਵਨਾ ਤਹਿਤ ਪ੍ਰਸਿੱਧ ਕੰਪਨੀ ਇਫਕੋ ਵੱਲੋਂ ਅੱਜ ੨੫੦ ਦੀਵਾਰ ਘੜੀਆਂ ਦੀ ਸੇਵਾ ਕੀਤੀ ਗਈ। ਬੰਦੀਛੋੜ ਦਿਵਸ ਮੌਕੇ ਕੰਪਨੀ ਵੱਲੋਂ ਭੇਟਾ ਕੀਤੀਆਂ ਗਈਆਂ ਇਹ ਦੀਵਾਰ ਘੜੀਆਂ ਸ੍ਰੀ ਦਰਬਾਰ ਸਾਹਿਬ ਦੇ ਸਾਰਾਗੜ੍ਹੀ ਨਿਵਾਸ ਦੇ ਕਮਰਿਆਂ ਵਿਚ ਲਗਾਈਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਕੰਪਨੀ ਦੇ ਜੁਆਇੰਟ ਜਨਰਲ ਮੈਨੇਜਰ ਸ. ਸੁਖਦੇਵ ਸਿੰਘ ਭੰਗੂ, ਸੀਨੀਅਰ ਏਰੀਆ ਮੈਨੇਜਰ ਸ. ਸੁਖਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਨਾਲ ਆਏ ਕੰਪਨੀ ਦੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਤੇ ਸ. ਸੁਰਜੀਤ ਸਿੰਘ ਭਿੱਟੇਵੱਡ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਸ. ਮਨਜੀਤ ਸਿੰਘ ਤੇ ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਵੱਲੋਂ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਕੰਪਨੀ ਲਗਾਤਾਰ ਤਰੱਕੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਸਰਬਸਾਂਝਾ ਅਧਿਆਤਮਿਕ ਅਸਥਾਨ ਹੈ, ਜਿਥੇ ਸੇਵਾ ਕਰਕੇ ਬਖ਼ਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ।
ਵਰਣਨਯੋਗ ਹੈ ਕਿ ਇਸ ਕੰਪਨੀ ਵੱਲੋਂ ਪਹਿਲਾਂ ਵੀ ਗੁਰੂ ਘਰ ਲਈ ਭੇਟਾਵਾਂ ਅਰਪਿਤ ਕੀਤੀਆਂ ਜਾਂਦੀਆਂ ਰਹੀਆਂ ਹਨ। ਕੰਪਨੀ ਦੇ ਪੰਜਾਹ ਸਾਲ ਪੂਰੇ ਹੋਣ ‘ਤੇ ੨੪ ਅਗਸਤ ੨੦੧੭ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਪੰਜਾਹ ਲੱਖ ਰੁਪਏ ਦਾ ਚੈੱਕ ਕੰਪਨੀ ਵੱਲੋਂ ਭੇਟ ਕੀਤਾ ਗਿਆ ਸੀ ਅਤੇ ਹੁਣ ਫਿਰ ਦੀਵਾਰ ਘੜੀਆਂ ਦੀ ਸੇਵਾ ਕੀਤੀ ਗਈ ਹੈ।
ਅੱਜ ਦੀਵਾਰ ਘੜੀਆਂ ਦੀ ਸੇਵਾ ਕਰਨ ‘ਤੇ ਕੰਪਨੀ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਤੇ ਸ. ਸੁਰਜੀਤ ਸਿੰਘ ਭਿੱਟੇਵੱਡ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਤੇ ਸ. ਦਿਲਜੀਤ ਸਿੰਘ ਬੇਦੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ, ਐਡੀਸ਼ਨਲ ਮੈਨੇਜਰ ਸ. ਹਰਪ੍ਰੀਤ ਸਿੰਘ, ਸ. ਇਕਬਾਲ ਸਿੰਘ ਮੁੱਖੀ, ਸ. ਬਘੇਲ ਸਿੰਘ, ਸ. ਪਰਮਜੀਤ ਸਿੰਘ ਆਦਿ ਹਾਜ਼ਰ ਸਨ।