ਅੰਮ੍ਰਿਤਸਰ, 20 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਤਰ ਪ੍ਰਦੇਸ਼ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਨਿਰੰਤਰਤਾ ਵਿਚ ਜਿਲ੍ਹਾ ਲਖੀਮਪੁਰ ਖੀਰੀ ਵਿਚ ਪੈਂਦੇ ਗੁਰਦੁਆਰਾ ਨਾਨਕ ਪਿਆਓ ਮਹਿੰਗਾਪੁਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ। ਬਾਬਾ ਗੁਰਨਾਮ ਸਿੰਘ ਮਹਿੰਗਾਪੁਰ ਕਾਰ ਸੇਵਾ ਸਰਹਾਲੀ ਵਾਲਿਆਂ ਦੇ ਸਹਿਯੋਗ ਨਾਲ ਹੋਏ ਇਨ੍ਹਾਂ ਸਮਾਗਮ ਦੌਰਾਨ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦਾ ਅਨੰਦ ਮਾਣਿਆ। ਸਮਾਗਮ ਵਿਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਪ੍ਰਤੀ ਸੰਗਤ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਹੈ ਕਿ ਯੂਪੀ ਦੇ ਮਹਿੰਗਾਪੁਰ ਵਿਖੇ ਆਯੋਜਿਤ ਸਮਗਾਮਾਂ ਦੇ ਪਹਿਲੇ ਦਿਨ ੧੮ ਮਾਰਚ ਨੂੰ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤ ਨੇ ਵੱਡੀ ਪੱਧਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਗੁਰਮਤਿ ਸਮਗਾਮਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਸਰਬਜੀਤ ਸਿੰਘ ਲੁਧਿਆਣਾ ਤੇ ਗਿਆਨੀ ਰਤਨ ਸਿੰਘ ਕਥਾਵਾਚਕ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਸਥਾਨਕ ਰਾਗੀ ਜਥਿਆਂ ਨੇ ਵੀ ਹਾਜ਼ਰੀ ਭਰੀ ਤੇ ਢਾਡੀ ਕਵੀਸ਼ਰ ਜਥਿਆਂ ਨੇ ਗੁਰ ਇਤਿਹਾਸ ਸਰਵਣ ਕਰਾਇਆ। ਸਮਾਗਮ ਸਮੇਂ ਹੋਏ ਅੰਮ੍ਰਿਤ ਸੰਚਾਰ ਵਿਚ ੨੦੦ ਤੋਂ ਜਿਆਦਾ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ। ਇਸ ਮੌਕੇ ਬਾਬਾ ਗੁਰਨਾਮ ਸਿੰਘ ਮਹਿੰਗਾਪੁਰ ਵਾਲਿਆ ਨੇ ਸੰਗਤ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਯੂਪੀ ਅੰਦਰ ਕਰਵਾਏ ਜਾਣ ਵਾਲੇ ਹਰ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦਾ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ, ਭਾਈ ਮਹਿਤਾਬ ਸਿੰਘ, ਗੁਰਦੁਆਰਾ ਨਾਨਕਮਤਾ ਸਾਹਿਬ ਦੇ ਪ੍ਰਧਾਨ ਭਾਈ ਸੇਵਾ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਦੱਸਣਯੋਗ ਹੈ ਕਿ ਸਮਾਗਮ ਦੀ ਸਫਲਤਾ ਲਈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀਆਂ ਗਈਆਂ ਵੀਡੀਓ ਵੈਨਾਂ ਰਾਹੀ ਸੰਗਨ ਨੂੰ ਇਲਾਕੇ ਅੰਦਰ ਧਾਰਮਿਕ ਤੇ ਇਤਿਹਾਸਕ ਫਿਲਮਾਂ ਵਿਖਾਈਆਂ ਗਈਆਂ ਤੇ ਢਾਡੀ ਕਵੀਸ਼ਰਾਂ ਵੱਲੋਂ ਦੀਵਾਨ ਵੀ ਕੀਤੇ ਗਏ।