-ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 17 ਸਤੰਬਰ (          )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਏਅਰ ਮਾਰਸ਼ਲ ਸ. ਅਰਜਨ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲ ਸ. ਅਰਜਨ ਸਿੰਘ ਨੇ ੧੯੬੫ ਦੀ ਜੰਗ ਵਿਚ ਭਾਰਤੀ ਹਵਾਈ ਸੈਨਾ ਦੀ ਅਗਵਾਈ ਕਰ ਕੇ ਦੇਸ਼ ਦੀ ਰੱਖਿਆ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪ੍ਰੋ. ਬਡੂੰਗਰ ਨੇ ਸ. ਅਰਜਨ ਸਿੰਘ ਨੂੰ ਭਾਰਤ ਦੇ ਮਹਾਨ ਸਪੂਤ, ਸਿੱਖ ਕੌਮ ਦਾ ਮਾਣ ਅਤੇ ਭਾਰਤੀ ਹਵਾਈ ਫੌਜ ਦੀ ਸ਼ਾਨ ਆਖਦਿਆਂ ਜਿਥੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਸਤਿਕਾਰ ਭੇਟ ਕੀਤਾ, ਉਥੇ ਹੀ ਉਨ੍ਹਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੇ ਦੇਸ਼ ਅਤੇ ਕੌਮ ਪ੍ਰਸਤ ਲੋਕ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ ਅਤੇ ਨੌਜਵਾਨੀ ਨੂੰ ਅਜਿਹੀਆਂ ਮਹਾਨ ਸ਼ਖਸੀਅਤਾਂ ਦੇ ਜੀਵਨ, ਕਾਰਨਾਮਿਆਂ ਅਤੇ ਦੇਸ਼-ਕੌਮ ਪ੍ਰਤੀ ਉਨ੍ਹਾਂ ਦੀ ਘਾਲਣਾ ਤੋਂ ਸੇਧ ਪ੍ਰਾਪਤ ਕਰਨੀ ਚਾਹੀਦੀ ਹੈ।
ਪ੍ਰੋ. ਬਡੂੰਗਰ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦੇ ਸਤਿਕਾਰ ਵਿਚ ਉਨ੍ਹਾਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਾਣ ਵਿਚ ਵਾਧਾ ਕਰਨ ਵਾਲੇ ਕੌਮ ਦੇ ਇਸ ਮਾਹਨ ਸਪੂਤ ਦੀ ਦੇਣ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਤਕ ਲਿਜਾਣ ਲਈ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਈ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ੧੯੬੫ ਦੀ ਜੰਗ ਦੇ ਨਾਇਕ ਮਾਰਸ਼ਲ ਸ. ਅਰਜਨ ਸਿੰਘ (ਹਵਾਈ ਸੈਨਾ) ਅਤੇ ਜਨਰਲ ਹਰਬਖਸ਼ ਸਿੰਘ (ਥਲ ਸੈਨਾ) ਸਿੱਖ ਕੌਮ ਦੇ ਅਨਮੋਲ ਹੀਰੇ ਹਨ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਹੀ ੧੯੭੧ ਦੀ ਜੰਗ ਦੇ ਨਾਇਕ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਵੀ ਸ਼ੁਮਾਰ ਰੱਖਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਰਖਵਾਲੀ ਲਈ ਯੋਗਦਾਨ ਪਾਉਣ ਵਾਲੇ ਸਿੱਖ ਨਾਇਕਾਂ ਦੇ ਸਤਿਕਾਰ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਜਨਰਲ ਹਰਬਖਸ਼ ਸਿੰਘ ਅਤੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਉਣ ਦਾ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ।