28-5-2015 ਅੰਮ੍ਰਿਤਸਰ 28 ਮਈ- ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਗਤੀਸ਼ੀਲ ਅਗਵਾਈ, ਯੋਗ ਰਹਿਨੁਮਾਈ ਅਤੇ ਵਿਦਿਆ ਨੂੰ ਸਮਰਪਿਤ ਸੋਚ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ਾਲਸਾ ਕਾਲਜ ਪਟਿਆਲਾ ਦੀ ੧੮.੫ ਏਕੜ ਜ਼ਮੀਨ ੭੩ ਕਰੋੜ ਰੁਪਏ ਵਿਚ ਖ੍ਰੀਦ ਕੇ ਸਾਲ ੧੯੭੨ ਤੋਂ ਜ਼ਮੀਨ ਸਬੰਧੀ ਚਲ ਰਹੇ ਮਸਲੇ ਨੂੰ ਸਮਾਪਤ ਕਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਖ਼ਾਲਸਾ ਕਾਲਜ ਪਟਿਆਲਾ ਦੀ ਜ਼ਮੀਨ ਦਾ ਮੁੱਦਾ ਗੰਭੀਰ ਬਣਿਆ ਹੋਇਆ ਸੀ ਅਤੇ ਇਸ ਦੀ ਮਾਲਕੀ ਸਬੰਧੀ ਵਿਵਾਦ ਪੈਦਾ ਹੋਣ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਤਹਿਤ ਇਸ ਜ਼ਮੀਨ ਦੀ ਮਾਲਕੀ ਦੂਜੀ ਧਿਰ ਪਾਸ ਚਲੀ ਗਈ ਸੀ ਪ੍ਰੰਤੂ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਨੇ ਇਸ ਮਸਲੇ ਦੀ ਸੰਵੇਦਨਸ਼ੀਲਤਾ, ਕਾਲਜ ਦੇ ਹੋਏ ਲਾ-ਮਿਸਾਲ ਵਿਕਾਸ, ਪੜ੍ਹ ਰਹੇ ਲਗਭਗ ੫੨੦੦ ਵਿਦਿਆਰਥੀਆਂ ਦੇ ਭਵਿੱਖ ਅਤੇ ਸਿੱਖਿਆ ਨੂੰ ਤਰਜੀਹ ਮੰਨਦੇ ਹੋਏ ਇਹ ਫ਼ੈਸਲਾ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਲਜ ਦੀ ਜ਼ਮੀਨ ਨੂੰ ਖਰੀਦ ਕੇ ਕਾਲਜ ਦੀ ਹੋਂਦ ਨੂੰ ਕੋਈ ਖ਼ਤਰਾ ਪੈਦਾ ਨਹੀਂ ਹੋਣ ਦੇਵੇਗੀ।ਇਸ ਦੇ ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਜ਼ਮੀਨ ਨੂੰ ਖਰੀਦ ਲਿਆ ਗਿਆ ਜਿਸ ਨਾਲ ਕਾਲਜ ਦੇ ਸਾਰੇ ਸਟਾਫ਼, ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੋੜ ਗਈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਸਲੇ ਦੇ ਹੱਲ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਮਸਲੇ ਦਾ ਹੱਲ ਕਰਵਾਉਣ ਵਿਚ ਮਾਣਯੋਗ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਜੀ ਬਾਦਲ ਨੇ ਬਹੁਤ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਹੈ ਕਿ ਖ਼ਾਲਸਾ ਕਾਲਜ ਪਟਿਆਲਾ ਦੇਸ਼ ਦੀ ਅਜਿਹੀ ਨਾਮੀ ਅਤੇ ਮਿਆਰੀ ਸੰਸਥਾ ਬਣੇ ਜੋ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਕੇ ਜਿਥੇ ਸਮੇਂ ਦੀ ਹਾਣ ਦੀ ਵਿਦਿਆ ਉਪਲੱਬਧ ਕਰਵਾਏ ਉਥੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾ ਕੇ ਉਨ੍ਹਾਂ ਵਿਚ ਦੇਸ਼ ਅਤੇ ਕੌਮ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰੇ।ਉਨ੍ਹਾਂ ਦੱਸਿਆ ਕਿ ਕਾਲਜ ਦੇ ਮਾਸਟਰ ਪਲਾਨ ਤਿਆਰ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ, ਜਿਸ ਸਬੰਧੀ ਛੇਤੀ ਹੀ ਦੇਸ਼ ਦੇ ਪ੍ਰਮੁੱਖ ਆਰਕੀਟੈਕਟਸ ਨਾਲ ਸੰਪਰਕ ਕੀਤੇ ਜਾਣਗੇ।ਜਥੇਦਾਰ ਅਵਤਾਰ ਸਿੰਘ ਨੇ ਸਿੱਖਿਆ ਦੀ ਮਹੱਤਤਾ ਉਪਰ ਜੋਰ ਦਿੰਦੇ ਹੋਏ ਇਹ ਕਿਹਾ ਕਿ ਉਹ ਕੌਮਾਂ ਹੀ ਦੁਨੀਆ ਦੇ ਨਕਸ਼ੇ ਉਪਰ ਰਾਜ ਕਰ ਸਕਦੀਆਂ ਹਨ ਜਿਹੜੀਆਂ ਵਿਦਿਆ ਦੇ ਪੱਖ ਤੋਂ ਸੰਪੂਰਨ ਅਤੇ ਪ੍ਰਪੱਕ ਹੋਣ।ਉਹਨਾਂ ਕਿਹਾ ਕਿ ਉਹ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਹਨ ਕਿ ਸਿੱਖਿਆ ਸੰਸਥਾਵਾਂ ਬਹੁਤ ਉਚ ਪਾਇ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਸੇ ਮਨਸ਼ਾ ਅਤੇ ਮਨੋਰਥ ਤਹਿਤ ਹੀ ਉਨ੍ਹਾਂ ਨੇ ਐਸ.ਜੀ.ਪੀ.ਸੀ. ਦੀ ਕਾਰਜਕਾਰਣੀ ਦੇ ਫੈਸਲੇ ਨਾਲ ਖ਼ਾਲਸਾ ਕਾਲਜ ਪਟਿਆਲਾ ਵਾਲੀ ਜ਼ਮੀਨ ਖ੍ਰੀਦਣ ਦਾ ਫੈਸਲਾ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਖ਼ਾਲਸਾ ਕਾਲਜ ਪਟਿਆਲਾ ਵਿਚ ੧੦,੦੦੦ ਤੋਂ ਵਧੇਰੇ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨਗੇ ਅਤੇ ਦੇਸ਼ ਦੇ ਬਿਹਤਰੀਨ ਕੋਰਸ ਇਸ ਸੰਸਥਾ ਵਿਚ ਕਰਵਾਏ ਜਾਣਗੇ। ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਸਮੂਹ ਸਟਾਫ਼ ਨੇ ਜਥੇਦਾਰ ਅਵਤਾਰ ਸਿੰਘ ਦੇ ਇਸ ਨੇਕ ਉਦਮ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਾਲਜ ਵਲੋਂ ਪ੍ਰਧਾਨ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਸ ਮੌਕੇ ਤੇ ਪ੍ਰਧਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਕਾਲਜ ਸਟਾਫ ਵਲੋਂ ਮੁੱਖ ਮੰਤਰੀ ਸਾਹਿਬ, ਡਿਪਟੀ ਮੁੱਖ ਮੰਤਰੀ ਸਾਹਿਬ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਾਲਜ ਸਟਾਫ ਵਲੋਂ ਇਸ ਮਾਮਲੇ ਦੇ ਹੱਲ ਲਈ ਬਣਾਈ ਗਈ ਸਬ-ਕਮੇਟੀ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਸ੍ਰ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ੍ਰ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ, ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਦੇ ਸਮੂਹ ਮੈਂਬਰ ਸਾਹਿਬਾਨ, ਸਾਰੇ ਸਕੱਤਰ ਸਾਹਿਬਾਨ ਅਤੇ ਹੋਰ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਅਤਿ ਸੰਵੇਦਨਸ਼ੀਲ ਮਸਲੇ ਪ੍ਰਤੀ ਸਕਾਰਾਤਮਕ ਪਹੁੰਚ ਅਪਨਾਉਂਦੇ ਹੋਏ ਇਸ ਮਸਲੇ ਦੇ ਹੱਲ ਵਿਚ ਬਹੁਤ ਸੁਹਿਰਦ ਯੋਗਦਾਨ ਪਾਇਆ। ਕਾਲਜ ਪ੍ਰਿੰਸੀਪਲ ਨੇ ਸਾਰੀਆਂ ਹੀ ਸਤਿਕਾਰਯੋਗ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਇਹ ਵਿਸ਼ਵਾਸ ਵੀ ਦੁਆਇਆ ਕਿ ਕਾਲਜ ਦੇ ਵਿਕਾਸ ਵਿਚ ਸਾਰੇ ਸਟਾਫ਼ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।