ਕੌਮ ਦਾ ਮਾਣ ਵਧਾਉਣ ਵਾਲਿਆਂ ਨਾਲ ਸ਼੍ਰੋਮਣੀ ਕਮੇਟੀ ਡਟਕੇ ਖੜ੍ਹਦੀ ਹੈ-ਭਾਈ ਗਰੇਵਾਲ

ਅੰਮ੍ਰਿਤਸਰ, ੩੦ ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਵੱਲੋਂ ਬੌਕਸਿੰਗ ਖੇਡ ਅੰਦਰ ਪੰਜਾਬ ਦੀ ਪਹਿਲੀ ਲੜਕੀ ਸਿਮਰਜੀਤ ਕੌਰ ਦੇ ਓਲੰਪੀਕ ਕੁਆਲੀਫਾਈ ਕਰਨ ‘ਤੇ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉਥੇ ਸ਼੍ਰ੍ਰੋਮਣੀ ਕਮੇਟੀ ਵੱਲੋਂ ਮਾੜੇ ਆਰਥਿਕ ਹਾਲਾਤਾਂ ‘ਚ ਵੱਡੀ ਪ੍ਰਾਪਤੀ ਕਰਨ ਵਾਲੇ ਸਿਮਰਜੀਤ ਕੌਰ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਮਾਇਕ ਮਦਦ ਦੇਣ ਦਾ ਮਹਾਨ ਉਪਰਾਲਾ ਕੀਤਾ ਹੈ। ਇਹ ਜਾਣਕਾਰੀ ਹਲਕਾ ਜਗਰਾਉਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਚਕਰ ਪਿੰਡ ਵਿਖੇ ਓਲੰਪੀਕ ‘ਚ ਪੁੱਜਣ ਵਾਲੀ ਸਿਮਰਜੀਤ ਕੌਰ ਦੇ ਘਰ ਪੁੱਜ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਵੱਲੋਂ ਵਧਾਈ ਪੇਸ਼ ਕੀਤੀ। ਨਗਰ ਪੰਚਾਇਤ ਪਿੰਡ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਦੋ ਲੱਖ ਦਾ ਚੈੱਕ ਭੇਂਟ ਕੀਤਾ।

ਇਸ ਮੌਕੇ ਸਿਮਰਜੀਤ ਕੌਰ ਦੀ ਵੱਡੀ ਪ੍ਰਾਪਤੀ ‘ਚ ਮੋਹਰੀ ਰੋਲ ਅਦਾ ਕਰਨ ਵਾਲੇ ਪ੍ਰਿੰਸੀਪਲ ਬਲਵੰਤ ਸਿੰਘ ਚਕਰ ਅਤੇ ਉਸ ਦੀ ਮਾਤਾ ਰਾਜਪਾਲ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦੀ ਸਮੇਂ-ਸਮੇਂ ਮਦਦ ਤੇ ਹੌਸਲਾ ਅਫ਼ਜਾਈ ਕਰਨ ਅਤੇ ਹਲਕਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਹਰ ਦੁੱਖ-ਸੁੱਖ ‘ਚ ਨਾਲ ਖੜ੍ਹਨ ਲਈ ਵਿਸ਼ੇਸ਼ ਰੂਪ ‘ਚ ਧੰਨਵਾਦ ਕੀਤਾ। ਇਸ ਮੌਕੇ ਨਗਰ ਵੱਲੋਂ ਜੱਥੇਦਾਰ ਰਣਧੀਰ ਸਿੰਘ ਤੇ ਬਾਈ ਰਛਪਾਲ ਸਿੰਘ ਨੇ ਕੌਮ, ਇਲਾਕੇ ਅਤੇ ਨਗਰ ਦਾ ਮਾਣ ਵਧਾਉਣ ਵਾਲੀ ਸਿਮਰਜੀਤ ਕੌਰ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਉਪਰਾਲੇ ਦੀ ਸਮੁੱਚੇ ਨਗਰ ਵੱਲੋਂ ਭਰਪੂਰ ਸ਼ਲਾਘਾ ਅਤੇ ਧੰਨਵਾਦ ਕੀਤਾ।

ਇਸ ਮੌਕੇ ਵਿਸ਼ੇਸ਼ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਕਰਮਜੀਤ ਸਿੰਘ, ਮਹਿੰਦਰ ਸਿੰਘ ਪੰਚ, ਰੂਪਾ ਸਿੰਘ ਪੰਚ, ਝਰਮਲ ਸਿੰਘ, ਜਗਸੀਰ ਸਿੰਘ ਮੈਂਬਰ, ਭਗਵਾਨ ਸਿੰਘ ਪੰਚ, ਬੰਤ ਸਿੰਘ, ਦਿਲਬਾਗ ਸਿੰਘ ਬਾਠ, ਜੱਗਾ ਸਿੰਘ ਗਰੇਵਾਲ, ਸਾਧੂ ਸਿੰਘ, ਜਗਜੀਤ ਸਿੰਘ ਬਾਠ, ਗੁਰਮੇਲ ਸਿੰਘ, ਸੁਖਦੀਪ ਸਿੰਘ ਸਿੱਧਵਾਂ, ਭੁਪਿੰਦਰ ਸਿੰਘ, ਬੂਟਾ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।