ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਦਿੱਤਾ ਗਿਆ ਸਨਮਾਨ

ਅੰਮ੍ਰਿਤਸਰ, ੧੮ ਅਪ੍ਰੈਲ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਐਥਲੈਟਿਕਸ ਦੇ ਡਿਸਕਸ ਥਰੋ ਮੁਕਾਬਲੇ ‘ਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਵਾਲੀ ਅੰਮ੍ਰਿਤਸਰ ਨਿਵਾਸੀ ਨਵਜੀਤ ਕੌਰ ਨੇ ਅੱਜ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਨਵਜੀਤ ਕੌਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਸ਼ਾਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਨਵਜੀਤ ਕੌਰ ਦੀ ਪ੍ਰਾਪਤੀ ‘ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੀ ਪ੍ਰਾਪਤੀ ਨੂੰ ਹੋਰਨਾਂ ਲਈ ਪ੍ਰੇਰਣਾ ਸਰੋਤ ਦੱਸਿਆ। ਉਨ੍ਹਾਂ ਕਿਹਾ ਕਿ ਇਕ ਸਿੱਖ ਲੜਕੀ ਵੱਲੋਂ ਵਿਸ਼ਵ ਪੱਧਰੀ ਪ੍ਰਾਪਤੀ ਨਾਲ ਸਮੁੱਚੀ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਸ ਮੌਕੇ ਨਵਜੀਤ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸੰਭਵ ਹੋ ਸਕੀ ਹੈ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਮਾਣ ਲਈ ਧੰਨਵਾਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਜਿੰਦਰ ਸਿੰਘ ਕੈਰੋਵਾਲ, ਵਧੀਕ ਮੈਨੇਜਰ ਸ. ਸੁਖਰਾਜ ਸਿੰਘ, ਸ. ਜਤਿੰਦਰਪਾਲ ਸਿੰਘ ਅਤੇ ਨਵਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਉਸ ਦੇ ਪਿਤਾ ਸ. ਜਸਪਾਲ ਸਿੰਘ, ਮਾਤਾ ਕੁਲਦੀਪ ਕੌਰ ਸਮੇਤ ਹੋਰ ਰਿਸ਼ਤੇਦਾਰ ਹਾਜ਼ਰ ਸਨ।