22-02-2016-3ਅੰਮ੍ਰਿਤਸਰ 22 ਫਰਵਰੀ (        ) ਕਾਮਨ ਵੈਲਥ ਆਫ਼ ਦੋਮੀਨੀਕਾ ਦੇ ਪ੍ਰਧਾਨ ਮੰਤਰੀ ਮਿਸਟਰ ਰੂਜ਼ਵੈਲਟ ਸਕੈਰਿਟ ਆਪਣੀ ਕੈਬਨਿਟ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨਾਲ ਕੈਬਨਿਟ ਸਕੱਤਰ ਮਿਸਟਰ ਸਟੀਵ ਫੈਰਨ ਵੀ ਸਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਮੁੱਖ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਲਈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸਟਰ ਰੂਜ਼ਵੈਲਟ ਸਕੈਰਿਟ ਨੇ ਭਾਰਤ ਤੇ ਖਾਸ ਕਰ ਪੰਜਾਬੀਆਂ ਦੀ ਤਾਰੀਫ਼ ਵਿੱਚ ਕਿਹਾ ਕਿ ਦੋਮੀਨੀਕਾ ਵਿੱਚ ਇੰਡੀਅਨ ਤੇ ਖਾਸ ਤੌਰ ਤੇ ਪੰਜਾਬੀਆਂ ਦੇ ੨੦ ਤੋਂ ੨੫ ਪ੍ਰੀਵਾਰ ਰਹਿੰਦੇ ਹਨ।ਜਿਨ੍ਹਾਂ ਵਿੱਚ ਕੁਝ ਡਾਕਟਰ, ਇੰਜੀਨੀਅਰ ਅਤੇ ਵਿਦਿਆਰਥੀ ਹਨ ਜੋ ਓਥੇ ਪੜ੍ਹਨ ਲਈ ਆਉਂਦੇ ਹਨ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਿਹਨਤੀ ਤੇ ਕਾਬਲ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਿਆਂ ਹੀ ਮੈਂ ਸਭ ਤੋਂ ਪਹਿਲਾਂ ਭਗਤੀ ਤੇ ਸ਼ਕਤੀ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਲਈ ਆਇਆ ਹਾਂ।
ਇਸ ਮੌਕੇ ਸੂਚਨਾ ਦਫ਼ਤਰ ਵਿਖੇ ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਸਟਰ ਰੂਜ਼ਵੈਲਟ ਸਕੈਰਿਟ, ਉਨ੍ਹਾਂ ਦੇ ਕੈਬਨਿਟ ਸਕੱਤਰ ਮਿਸਟਰ ਸਟੀਵ ਫੈਰਨ ਤੇ ਟੀਮ ਨੂੰ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਸਰਬਜੀਤ ਸਿੰਘ ਸਹਾਇਕ ਸੂਚਨਾ ਅਧਿਕਾਰੀ ਵੀ ਮੌਜੂਦ ਸਨ।