ਅੰਮ੍ਰਿਤਸਰ, 15 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਨੇੜਲੇ ਪਿੰਡ ਕਾਲੇ ਘਣੂਪੁਰ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੌਰਾਨ ਗੈਸੀ ਗੁਬਾਰਿਆਂ ਦਾ ਸਿਲੰਡਰ ਫਟਣ ਕਾਰਨ ਹੋਏ ਜ਼ਖ਼ਮੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸਹਾਇਤਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ ਨੇ ਪਿੰਡ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਦਿੱਤੀ। ਇਸ ਸਬੰਧੀ ਸ. ਬਾਵਾ ਸਿੰਘ ਗੁਮਾਨਪੁਰਾ ਅਤੇ ਸ. ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਸ ਘਟਨਾ ਕਾਰਨ ਪ੍ਰਭਾਵਿਤ ਹੋਏ ੧੬ ਵਿਅਕਤੀਆਂ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਐਲਾਨ ਕੀਤੀ ਗਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀਆਂ ਨੂੰ ੫੦-੫੦ ਹਜ਼ਾਰ ਰੁਪਏ ਅਤੇ ਘੱਟ ਜ਼ਖ਼ਮੀਆਂ ਨੂੰ ੨੦-੨੦ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਦੌਰਾਨ ਪ੍ਰਭਾਵਿਤਾਂ ਤੇ ਪਰਿਵਾਰਾਂ ਵੱਲੋਂ ਔਖੇ ਸਮੇਂ ਵਿਚ ਉਨ੍ਹਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਲਾਲ ਸਿੰਘ, ਸ. ਹਰਬੰਸ ਸਿੰਘ, ਸ. ਜਤਿੰਦਰ ਸਿੰਘ ਆਦਿ ਮੌਜੂਦ ਸਨ।