ਅੰਮ੍ਰਿਤਸਰ 4 ਨਵੰਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸੰਸਾਰ ਭਰ ਦੇ ਪ੍ਰਤੀਨਿਧ ਸਿੱਖਾਂ ਦਾ ਇਕੱਠ ਹੈ ਜਿਸ ਵਿੱਚ ਸ਼ਾਮਲ ਸਿੱਖਾਂ ਦੀ ਕਿਸੇ ਪੰਥਕ ਮਸਲੇ ਤੇ ਰਾਏ ਲਈ ਜਾਂਦੀ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਂਦਾ ਹੈ ਜਸੋਂ ਸਿੱਖ ਭਾਈਚਾਰੇ ਨੂੰ ਕਿਸੇ ਕੌਮੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਇਸ ਦਾ ਨਤੀਜਾ ਵੀ ਕਿਸੇ ਵੱਡੀ ਕੌਮੀ ਪ੍ਰਾਪਤੀ ਦੇ ਰੂਪ ਵਿੱਚ ਨਿਕਲਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਮੌਜੂਦਾ ਪੰਥਕ ਸਥਿਤੀ ਅਜਿਹੀ ਨਹੀਂ ਹੈ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ। ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਨਹੀਂ ਭਾਸਦੀ ਕਿਉਂਕਿ ਅੱਜ ਸਿੱਖ ਕੌਮ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਰੂਪ ਵਿੱਚ ਕੌਮੀ ਨੁਮਾਇੰਦੇ ਮੌਜੂਦ ਹਨ ਜੋ ਸਿੱਖ ਕੌੰਮ ਦੀ ਪ੍ਰਤੀਨਿਧਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1920 ਤੋਂ ਬਾਅਦ ਖਾਸ ਹਾਲਾਤ ਦੇ ਮੱਦੇਨਜ਼ਰ ਕੇਵਲ ਤਿੰਨ ਵਾਰ ਹੀ ਸਰਬੱਤ ਖਾਲਸਾ ਬੁਲਾਇਆ ਗਿਆ ਪਹਿਲੀ ਵਾਰ 15 ਨਵੰਬਰ 1920, ਦੂਜੀ ਵਾਰ 2 ਸਤੰਬਰ 1984 ਤੇ ਤੀਜੀ ਵਾਰ 16 ਫਰਵਰੀ 1986 ਨੂੰ।

ਉਨ੍ਹਾਂ ਕਿਹਾ ਕਿ 1920 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੇ ਗਏ ਪੰਥਕ ਇਕੱਠ ਵਿਚੋਂ ਕੌਮੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਵਿਅਕਤੀ ਤੋਂ ਸੰਗਤੀ ਰੂਪ ਵਿੱਚ ਤਬਦੀਲ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਿਸ ਨੇ ਸਿੱਖਾਂ ਦੀ ਰਾਜਸੀ ਅਗਵਾਈ ਕੀਤੀ ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਪੰਥਕ ਇਕੱਠ ਸਮੇਂ ਦੀ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਕਾਰਨ ਸੱਦਿਆ ਗਿਆ। 1984 ਦੇ ਘੱਲੂਘਾਰੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਦੇ ਕਰੀਬ ਹੋਰ ਗੁਰਦੁਆਰੇ ਭਾਰਤੀ ਫੌਜ ਨੇ ਕਬਜ਼ੇ ਵਿੱਚ ਲੈ ਲਏ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੇਲ੍ਹਾਂ ਵਿੱਚ ਨਜ਼ਰਬੰਦ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੱਦੇ ਗਏ ਇਸ ਪੰਥਕ ਇਕੱਠ ਨੇ ਗੁਰੂ-ਘਰਾਂ ਦੀ ਸੁਤੰਤਰਤਾ ਲਈ ਵੱਡਾ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਦੇ ਨਾਂਅ ਤੇ ਆਪਣੇ ਹਿੱਤਾਂ ਦੀ ਪੂਰਤੀ ਕਰਨੀ ਕੌਮੀ ਪ੍ਰੰਪਰਾ ਨੂੰ ਅੱਖੋਂ-ਉਹਲੇ ਕਰਨਾ ਹੈ। ਉਨ੍ਹਾਂ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਜਥੇਬੰਦੀਆਂ ਤੋਂ ਸੰਗਤਾਂ ਨੂੰ ਸੁਚੇਤ ਕਰਦਿਆਂ ਅਜਿਹੀਆਂ ਚਾਲਾਂ ਤੋਂ ਬਚਣ ਦਾ ਸੱਦਾ ਦਿੱਤਾ।