s ਅੰਮ੍ਰਿਤਸਰ ੯ ਦਸੰਬਰ (       ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫੈਸਲੇ ਅਨੁਸਾਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦੀ ਤਸਵੀਰ ੧੨ ਦਸੰਬਰ ਨੂੰ ਸੁਸ਼ੋਭਿਤ ਕੀਤੀ ਜਾਵੇਗੀ।
ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦਾ ਜਨਮ ਬੰਗਾ ਨੇੜੇ ਨੋਹਰਾ ਪਿੰਡ ਵਿੱਚ ਹੋਇਆ ਸੀ।ਆਪ ਜੀ ਨੇ ਸਾਰਾ ਜੀਵਨ ਸਿੱਖ ਪੰਥ ਦੀ ਸੇਵਾ ਵਿੱਚ ਬਤੀਤ ਕੀਤਾ। ਆਪ ਜੀ ਨੇ ੧੧ ਸਾਲ ਦੇ ਲਗਭਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੇ ਤੌਰ ‘ਤੇ ਸੇਵਾ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਈ।
ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਸਿੱਖ ਕੌਮ ਵਾਸਤੇ ਕੁਝ ਕਰਕੇ ਜਾਂਦੇ ਹਨ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਵਾਸਤੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ।