1ਅੰਮ੍ਰਿਤਸਰ 9 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਕਰਤਾਰ ਸਿੰਘ ਟੱਕਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ।ਜਿਸ ਤੋਂ ਪੜਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗੰ੍ਰਥੀ ਨੇ ਕੀਤੀ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਪ੍ਰੀਤ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।
ਤਸਵੀਰ ਤੋਂ ਪਰਦਾ ਹਟਾਉਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਕੀਤੇ ਗਏ ਅਹਿਮ ਫ਼ੈਸਲੇ ਅਨੁਸਾਰ ਜਥੇਦਾਰ ਕਰਤਾਰ ਸਿੰਘ ਟੱਕਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਗਈ ਹੈ।ਇਨ੍ਹਾਂ ਨੇ ੧੯੬੦ ਤੋਂ ਲੈ ਕੇ ੧੯੯੬ ਤੀਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਅੰਤ੍ਰਿੰਗ ਮੈਂਬਰ ਵਜੋਂ ਸੇਵਾ ਨਿਭਾਈ ਹੈ।ਇਸ ਦੇ ਨਾਲ ਹੀ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਮੀਤ ਪ੍ਰਧਾਨ ਦੇ ਅਹੁਦੇ ਤੇ ਰਹੇ।ਉਨ੍ਹਾਂ ਕਿਹਾ ਕਿ ਸਿੱਖ ਪੰਥ ਲਈ ਕਾਰਜ ਕਰਨ ਵਾਲੇ ਮਨੁੱਖ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਂਦੀ ਹੈ ਤਾਂ ਜੋ ਉਹ ਸਿੱਖ ਗੁਰੂ ਸਾਹਿਬਾਨ, ਸ਼ਹੀਦਾਂ ਤੇ ਹੋਰ ਪੰਥਕ ਵਿਦਵਾਨਾਂ ਵਾਂਗ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਬਣ ਸਕੇ।ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਥੇਦਾਰ ਕਰਤਾਰ ਸਿੰਘ ਟੱਕਰ ਦੀ ਧਰਮ ਸੁਪਤਨੀ ਬੀਬੀ ਗੁਰਨਾਮ ਕੌਰ, ਸਪੁੱਤਰ ਸ. ਚਰਨਜੀਤ ਸਿੰਘ ਟੱਕਰ, ਧੀ ਬੀਬੀ ਸੁਰਿੰਦਰ ਕੌਰ ਤੇ ਬੀਬੀ ਜਸਪਾਲ ਕੌਰ, ਦਾਮਾਦ ਸ. ਬਲਦੇਵ ਸਿੰਘ ਤੇ ਜਥੇਦਾਰ ਕਰਤਾਰ ਸਿੰਘ ਟੱਕਰ ਦੇ ਭਰਾਤਾ ਜਥੇਦਾਰ ਠਾਕੁਰ ਸਿੰਘ ਤੇ ਸ. ਗਿਆਨ ਸਿੰਘ ਨੂੰ ਗੁਰੂ ਘਰੋਂ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ।
ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਐਡੀਸ਼ਨਲ ਮੈਨੇਜਰ ਸ. ਬਿਅੰਤ ਸਿੰਘ ਅਨੰਦਪੁਰੀ, ਸ. ਸੁਖਰਾਜ ਸਿੰਘ, ਕੇਂਦਰੀ ਸਿੱਖ ਅਜਾਇਬਘਰ ਦੇ ਕਿਊਰੇਟਰ ਤੇ ਵਧੀਕ ਸਕੱਤਰ ਸ. ਇਕਬਾਲ ਸਿੰਘ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜ਼ਰ ਤੇ ਸ. ਗੁਰਿੰਦਰਪਾਲ ਸਿੰਘ ਚਿੱਤਰਕਾਰ ਆਦਿ ਮੌਜੂਦ ਸਨ।