ਅੰਮ੍ਰਿਤਸਰ 30 ਅਗਸਤ (           ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ੧੯੮੪ ਸਿੱਖ ਕਤਲੇਆਮ ਨਾਲ ਜੁੜੇ ੨੮ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਅਤੇ ਸਮੁੱਚੇ ਮਾਮਲਿਆਂ ਦੀ ਜਾਂਚ ਐਸ.ਆਈ.ਟੀ. ਤੋਂ ਕਰਵਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ੧੯੮੪ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਇਸ ਤੋਂ ਪਹਿਲਾਂ ਸੀ.ਬੀ.ਆਈ. ਵੱਲੋਂ ਆਪਣੀ ਢਿੱਲੀ ਕਾਰਗੁਜ਼ਾਰੀ ਅਤੇ ਅਣਗਹਿਲੀ ਦਾ ਸਬੂਤ ਦਿੱਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਹੁਣ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਸਪੈਸ਼ਲ ਜਾਂਚ ਟੀਮ ਤੋਂ ੩੨ ਸਾਲ ਪੁਰਾਣੇ ਮਾਮਲੇ ਸਬੰਧੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਬੱਝ ਗਈ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਕਾਤਿਲਾਂ ਨੂੰ ਜਿੰਨੀ ਦੇਰ ਤੱਕ ਸਜ਼ਾ ਨਹੀਂ ਮਿਲ ਜਾਂਦੀ ਓਨੀ ਦੇਰ ਉਨ੍ਹਾਂ ਦੇ ਸੀਨੇ ਵਿੱਚ ਹੋਏ ਜ਼ਖ਼ਮ ਰਿਸਦੇ ਰਹਿਣਗੇ।ਉਨ੍ਹਾਂ ਪੜ੍ਹੇ-ਲਿਖੇ ਅਧਿਕਾਰੀਆਂ ‘ਤੇ ਆਧਾਰਿਤ ਬਣੀ ਐਸ. ਆਈ. ਟੀ. ਵਿੱਚ ਸ਼ਾਮਲ ਦੋ ਆਈ.ਪੀ.ਐਸ. ਅਤੇ ਇਕ ਨਿਆਂਇਕ ਅਧਿਕਾਰੀ ਤੋਂ ਨਿਰਪੱਖ ਜਾਂਚ ਦੀ ਉਮੀਦ ਪ੍ਰਗਟਾਈ ਹੈ ਤਾਂ ਕਿ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਵਿੱਚ ਬੈਠੇ ਸਿੱਖਾਂ ਨੂੰ ਪੂਰਨ ਨਿਆਂ ਮਿਲ ਸਕੇ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਐਸ.ਆਈ.ਟੀ. ਨੂੰ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਵਾਉਣ ਦੇ ਆਦੇਸ਼ ਦੇਣ ਤਾਂ ਕਿ ਇਨਸਾਫ ਦੀ ਪ੍ਰਕਿਰਿਆ ਵਿੱਚ ਹੋਰ ਦੇਰੀ ਨਾ ਹੋਵੇ।