ਜਥੇਦਾਰ ਜੋਗਿੰਦਰ ਸਿੰਘ ਅਹਿਰਵਾਂ ਦਾ ਅਕਾਲ ਚਲਾਣਾ ਦੁੱਖਦਾਈ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਅਹਿਮ ਫੈਸਲੇ
30-06-2015ਫਤਹਿਗੜ੍ਹ ਸਾਹਿਬ 30 ਜੂਨ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ-੮੫,੮੭, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ ਚਰਚਾ ਕੀਤੀ ਗਈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਅਹਿਮ ਫੈਸਲਾ ਕਰਦਿਆਂ ਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮੀ ਰਾਜ ਦੇ ਖਿਲਾਫ ਸ਼ਹਾਦਤ ਦਿੱਤੀ ਸੀ।ਇਸ ਲਈ ਉਨ੍ਹਾਂ ਦੀ ਸ਼ਹਾਦਤ ਰਾਸ਼ਟਰੀ ਪੱਧਰ ਤੇ ਮਨਾਈ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਰੋਜ਼ਾਨਾ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਉਨ੍ਹਾਂ ਦੀ ਰਿਹਾਇਸ਼ ਲਈ ੨੦੦ ਕਮਰਿਆਂ ਵਾਲੀ ਨਵੀਂ ਸਰਾਂ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆਂ ਕਿ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਗੁਰੂ ਨਾਨਕ ਨਗਰ, ਵਿਜੈਵਾੜਾ ਦੇ ਪ੍ਰਬੰਧ ਅਧੀਨ ਚੱਲ ਰਹੇ ਸਿਟੀਜਨ ਪਬਲਿਕ ਸਕੂਲ ਵਿਖੇ ਪੜਦੇ ਗਰੀਬ ਸਿੱਖ ਸਿਕਲੀਗਰ ਪਰਿਵਾਰਾਂ ਦੇ ੬੦ ਬੱਚਿਆਂ ਦੀ ਤਕਰੀਬਨ ੫ ਲੱਖ ਰੁਪਏ ਫੀਸ ਸਕੂਲ ਨੂੰ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਵਿੱਚ ੫-੫ ਏਕੜ (ਜੈਵਿਕ ਖੇਤੀ) ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਵਿੱਚ ੧੦ਵੀਂ ਅਤੇ +੨ ਵਿੱਚ ਪੜ੍ਹਦੇ ਬੱਚਿਆਂ ਵਿਚੋਂ ਜਿਹੜੇ ਬੱਚੇ ਮੈਰਿਟ ਵਿੱਚ ਆਏ ਹਨ ਉਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਹੌਂਸਲਾ ਅਫਜਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀਂ ੧੭, ੧੮ ਤੇ ੧੯ ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਹੈ ਇਸ ਸਮੇਂ ਸਿੱਖ ਸੰਸਥਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾ ਤੇ ਲੰਗਰ ਕਮੇਟੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ।ਉਨ੍ਹਾਂ ਸਮੂਹ ਸੁਸਾਇਟੀਆਂ, ਸਭਾਵਾਂ ਤੇ ਮਹਾਂਪੁਰਸ਼ਾਂ ਨੂੰ ੫ ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਸ਼ੁਕਰਾਨਾ ਸਮਾਗਮ ਸਮੇਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਪਿਛਲੇ ਸਮੇਂ ‘ਚ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ, ਸ਼ਸਤਰ ਦਰਸ਼ਨ ਯਾਤਰਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਸਮੇਂ ਨਿਭਾਈ ਸੇਵਾ ਨੂੰ ਸਨਮੁੱਖ ਰੱਖਦਿਆਂ ੧ ਵਿਸ਼ੇਸ਼ ਤਰੱਕੀ ਦਿੱਤੀ ਗਈ ਹੈ।ਇਕੱਤਰਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ. ਜੋਗਿੰਦਰ ਸਿੰਘ ਅਹਿਰਵਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ੋਕ ਮਤਾ ਪੜਿਆ ਗਿਆ।
ਅੱਜ ਦੀ ਇਕੱਤਰਤਾ ਵਿੱਚ ਲਏ ਫੈਸਲਿਆਂ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਮੁਤਾਬਿਕ ਮੁੱਖ ਸਕੱਤਰ ਲਗਾਉਣਾ ਜ਼ਰੂਰੀ ਹੈ ਤੇ ਉਸ ਅਹੁੱਦੇ ਲਈ ਪ੍ਰਵਾਨਗੀ ਦਿੰਦਿਆਂ ਸਬ ਕਮੇਟੀ ਦੇ ਫੈਸਲੇ ਅਨੁਸਾਰ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ੧੦ ਦਿਨਾਂ ਦੇ ਅੰਦਰ-ਅੰਦਰ ਮੁੱਖ ਸਕੱਤਰ ਦੇ ਅਹੁੱਦੇ ਲਈ ਦਰਖਾਸਤਾਂ ਦੀ ਮੰਗ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੜ੍ਹ ਰਹੀਆਂ ੨੨ ਕਸ਼ਮੀਰੀ ਵਿਦਿਆਰਥਣਾਂ ਨੂੰ ੨ ਮਹੀਨਿਆਂ ਦਾ ਜੇਬ ਖਰਚ ੫,੦੦੦/- ਰੁਪਏ ਦੇ ਹਿਸਾਬ ਨਾਲ ਦੋ ਲੱਖ ਵੀਹ ਹਜ਼ਾਰ ਰੁਪਏ ਕੁਦਰਤੀ ਆਫਤਾਂ ਫੰਡ ਵਿੱਚੋਂ ਅਦਾ ਕਰਨ ਦੀ ਪੁਸ਼ਟੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਬੀਬੀ ਕੁਸ਼ਲਿਆ ਦੇਵੀ ਨੂੰ ਆਪਣੇ ਪਤਨੀ ਸ੍ਰੀ ਦਯਾ ਸ਼ੰਕਰ ਪਿੰਡ ਸਿਬੋ ਚੱਕ ਮਕਸੁਲਾ ਸੰਧਵਾਲ ਜਿਨ੍ਹਾਂ ਦੀ ਸ੍ਰੀ ਅੰਨਦਪੁਰ ਸਾਹਿਬ ਹੋਲੇ-ਮਹੱਲੇ ਤੋਂ ਵਾਪਸੀ ਸਮੇਂ ਸੜਕ ਦੁਰਘਟਨਾਂ ਵਿੱਚ ਮੌਤ ਹੋ ਗਈ ਸੀ ਨੂੰ ਘਰੇਲੂ ਹਾਲਤ ਮਾੜੀ ਹੋਣ ਕਾਰਣ ੫੦ ਹਜ਼ਾਰ ਰੁਪਏ ਸਹਾਇਤਾ ਵੱਜੋਂ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ, ਕਪਾਲ ਮੋਚਨ, ਯਮੁਨਾ ਨਗਰ (ਹਰਿਆਣਾ) ਵਿਖੇ ਬੱਚਿਆਂ ਦੀ ਲੋੜ ਨੂੰ ਮੁੱਖ ਰਖਦੇ ਹੋਏ ੬੩ ਕੇ.ਵੀ. ਦਾ ਸਾਇਲੈਂਟ ਜਨਰੇਟਰ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ/ਕਾਲਜਾਂ ‘ਚ ਮੀਰੀ-ਪੀਰੀ ਦਿਵਸ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ੨੬ ਜੁਲਾਈ ਨੂੰ ਮਾਰਸ਼ਲ ਆਰਟ ਗਤਕੇ ਦੇ ਮੁਕਾਬਲੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਦੀ ਇਮਾਰਤ ਨੂੰ ਰੰਗ ਰੋਗਨ ਕਰਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਨਾਲ ਸਬੰਧਤ ਗੁਰਦੁਆਰਾ ਜੰਡਸਰ ਸਾਹਿਬ ਤੇ ਗੁਰਦੁਆਰਾ ਲਿਖਣਸਰ ਸਾਹਿਬ ਦੇ ਸਰੋਵਰਾਂ ਵਿੱਚ ਪਾਣੀ ਨੂੰ ਸਾਫ ਸੁਥਰਾ ਰੱਖਣ ਲਈ ਨਹਿਰ (ਸੂਏ) ਤੋਂ ਪਾਈਪ ਲਾਈਨ ਪਾਉਣ ਲਈ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।ਸ. ਜਸਵਿੰਦਰ ਸਿੰਘ ਦੇ ਪਿਤਾ ਸ. ਵਰਿਆਮ ਸਿੰਘ ਪਿੰਡ ਤੱਲਣ ਜ਼ਿਲ੍ਹਾ ਜਲੰਧਰ ਜੋ ਯੂ.ਪੀ. ਸੈਂਟਰਲ ਜੇਲ੍ਹ, ਬਰੇਲੀ ਵਿਖੇ ੧੯੯੦ ਤੋਂ ਨਜ਼ਰਬੰਦ ਹਨ ਦੇ ਕੇਸ ਦੀ ਪੈਰਵੀ ਕਰਨ ਲਈ ਪੁੱਜੀ ਸਹਾਇਤਾ ਦੀ ਮੰਗ ਦੇ ਆਧਾਰ ਤੇ ੫੦,੦੦੦/- ਰੁਪਏ ਸਹਾਇਤਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਭਜਨ ਸਿੰਘ ਸ਼ੇਰਗਿੱਲ, ਸ. ਸੁਰਜੀਤ ਸਿੰਘ ਗੜ੍ਹੀ, ਸ. ਮੰਗਲ ਸਿੰਘ, ਡਾਕਟਰ ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ, ਸ. ਮਹਿੰਦਰ ਸਿੰਘ ਆਹਲੀ, ਸ. ਕੇਵਲ ਸਿੰਘ ਤੇ ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਸ.ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ, ਸ. ਮਨਪ੍ਰੀਤ ਸਿੰਘ ਐਕਸੀਅਨ, ਸ.ਸੁਖਬੀਰ ਸਿੰਘ (ਟਰੱਸਟ), ਸ.ਪਰਮਦੀਪ ਸਿੰਘ, ਸ. ਸੁਖਬੀਰ ਸਿੰਘ ਇੰਚਾਰਜ ਆਦਿ ਮੌਜੂਦ ਸਨ।