ਅੰਮ੍ਰਿਤਸਰ, 16 ਜਨਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਸ ਦੇ ਸਾਥੀਆਂ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਿਕ ਹੋਣ ਸਮੇਂ ਜ਼ਬਰੀ  ਸਿਰੋਪਾਓ ਚੁੱਕ ਕੇ ਲੈਣਾ ਗੁਰੂ-ਘਰ ਦੀ ਮਰਯਾਦਾ ਦੀ ਉਲੰਘਣਾ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਿਸੇ ਵੀ ਸ਼ਖਸੀਅਤ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਭੇਟ ਕੀਤਾ ਜਾਂਦਾ ਹੈ। ਲੇਕਿਨ ਅਰਵਿੰਦ ਕੇਜਰੀਵਾਲ ਦੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਪੁੱਜਣ ਸਮੇਂ ਉਸ ਦੇ ਸਾਥੀਆਂ ਨੇ ਆਪ-ਮੁਹਾਰੇ ਗੁਰੂ ਘਰ ਵਿਚੋਂ ਜ਼ਬਰੀ ਸਿਰੋਪਾਓ ਚੁੱਕ ਕੇ ਕੇਜਰੀਵਾਲ ਨੂੰ ਦੇ ਦਿੱਤਾ।

ਅਜਿਹੀ ਕਾਰਵਾਈ ਕੇਜਰੀਵਾਲ ਵੱਲੋਂ ਸਿੱਖ ਧਰਮ ਦੇ ਧਾਰਮਿਕ ਅਸਥਾਨਾਂ ਦੀ ਮਰਯਾਦਾ ਦੀ ਉਲੰਘਣਾਂ ਹੈ। ਉਨ੍ਹਾਂ ਕਿਹਾ ਇੱਕ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ‘ਤੇ ਹੁੰਦਿਆਂ ਕੇਜਰੀਵਾਲ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਕਿਸੇ ਧਾਰਮਿਕ ਅਸਥਾਨ ਦੀ ਮਰਯਾਦਾ ਨੂੰ ਤੋੜਨਾ ਜਾਇਜ਼ ਨਹੀਂ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੂੰ ਇਸ ਗਲਤੀ ਲਈ ਸਿੱਖ ਜਗਤ ਪਾਸੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।