ਅੰਮ੍ਰਿਤਸਰ ੨੪ ਸਤੰਬਰ (       ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਕਿਊਬੇਕ ਦੀ ਸੁਪਰੀਮ ਕੋਰਟ ਵੱਲੋਂ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ ‘ਤੇ ਹੈਲਮਟ ਪਾ ਕੇ ਜਾਣ ਅਤੇ ਕਿਸੇ ਕਿਸਮ ਦੀ ਛੋਟ ਨਾ ਦੇਣ ਦੇ ਫੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ।    
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਊਬੇਕ ਸੁਪੀਰੀਅਰ ਅਦਾਲਤ ਦੇ ਜੱਜ ਆਂਦਰੇ ਪ੍ਰੋਵੋਸਟ ਨੂੰ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਲਈ ਕਹਿੰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰਾਂ ਤੋਂ ਇਲਾਵਾ ਖ਼ਾਲਸਾ ਪੰਥ ਨੂੰ ਦਸਤਾਰ ਦੀ ਦਾਤ ਬਖ਼ਸ਼ ਕੇ ਇਕ ਵੱਖਰੀ ਤੇ ਨਿਰਾਲੀ ਪਹਿਚਾਣ ਦਿੱਤੀ ਹੈ।ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ਜਿਥੇ ਸਿੱਖ ਨੂੰ ਸਾਬਤ ਸੂਰਤ ਰਹਿਣ ਲਈ ਪ੍ਰੇਰਿਆ ਹੈ, ਉਥੇ ਕੇਸਾਂ ਦੀ ਸੰਭਾਲ ਲਈ ਦਸਤਾਰ ਸਜਾਉਣ ਦਾ ਉਦੇਸ਼ ਵੀ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਦਸਤਾਰ ਦੀ ਵਿਸ਼ੇਸ਼ ਮਹੱਤਤਾ ਹੈ।ਉਨ੍ਹਾਂ ਕਿਹਾ ਕਿ ਹੈਲਮਟ ਸਿੱਖਾਂ ਦੇ ਕੇਸਾਂ ਤੇ ਫਿਟ ਨਹੀਂ ਬੈਠਦਾ ਇਸ ਲਈ ਸਿੱਖਾਂ ਨੂੰ ਦਸਤਾਰ ਸਜਾਉਣ ਵਾਸਤੇ ਕੈਨੇਡਾ ਸਰਕਾਰ ਨੂੰ ਸਪੈਸ਼ਲ ਛੋਟ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਕੈਨੇਡਾ ਦੇ ਇਤਿਹਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਦੀ ਨਵੀਂ ਬਣੀ ਟਰੂਡੋ ਸਰਕਾਰ ਵਿੱਚ ਸ. ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ ਤੇ ਉਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵੀ ਸ਼ਾਮਲ ਹਨ ਇਸ ਦੇ ਬਾਵਜੂਦ ਕਿਊਬੇਕ ਦੀ ਅਦਾਲਤ ਵੱਲੋਂ ਸਿੱਖਾਂ ਖਿਲਾਫ਼ ਅਜਿਹਾ ਫੈਸਲਾ ਨਿੰਦਣਯੋਗ ਹੈ।
      ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਸਜਾ ਕੇ ਕੰਮ ‘ਤੇ ਆਉਣ ਦੀ ਆਗਿਆ ਦਿੱਤੀ ਗਈ ਹੈ ਜੋ ਸਿੱਖ ਪੰਥ ਲਈ ਬੜੇ ਮਾਣ ਵਾਲੀ ਗੱਲ ਹੈ।ਉਨ੍ਹਾਂ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੰਮ ਵਾਲੀਆਂ ਥਾਵਾਂ ‘ਤੇ ਸਿੱਖਾਂ ਲਈ ਦਸਤਾਰ ਸਜਾਉਣ ਨੂੰ ਯਕੀਨੀ ਬਣਾਉਣ।