ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਵਿਸ਼ੇਸ਼ ਸਨਮਾਨ

ਸ. ਹਰਜੀਤ ਸਿੰਘ ਸੱਜਣ ਵੱਲੋਂ ਕੈਨੇਡਾ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ –ਪ੍ਰੋ: ਕਿਰਪਾਲ ਸਿੰਘ ਬਡੂੰਗਰ

ਮੇਰੀ ਸਫਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ –ਸ. ਹਰਜੀਤ ਸਿੰਘ ਸੱਜਣ

ਅੰਮ੍ਰਿਤਸਰ, 20 ਅਪ੍ਰੈਲ – ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਥੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਦਰਬਾਰ ਵਿਖੇ ਪਹੁੰਚਣ ‘ਤੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ। ਬਾਅਦ ਵਿਚ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਤੋਂ ਪਹਿਲਾਂ ਜਦੋਂ ਉਹ ਘੰਟਾ ਘਰ ਦਰਵਾਜ਼ੇ ਤੋਂ ਪਰਿਕਰਮਾ ਵਿਚ ਪਹੁੰਚੇ ਤਾਂ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ‘ਤੇ ਅਰਦਾਸ ਹੋ ਰਹੀ ਸੀ। ਇਸ ‘ਤੇ ਉਹ ਮਰਯਾਦਾ ਅਨੁਸਾਰ ਇਕਾਗਰ ਚਿਤ ਹੋ ਕੇ ਅਰਦਾਸ ਵਿਚ ਸ਼ਾਮਲ ਹੋਏ ਅਤੇ ਫਿਰ ਪਰਿਕਰਮਾ ਵਿਚ ਬੈਠ ਕੇ ਪਾਵਨ ਹੁਕਮਨਾਮਾ ਸਰਵਣ ਕੀਤਾ। ਉਹ ਕਾਹਲ਼ੀ ਤੋਂ ਦੂਰ ਪੂਰਨ ਸਹਿਜ ਵਿਚ ਨਜ਼ਰ ਆ ਰਹੇ ਸਨ। ਪਰਿਕਰਮਾ ਕਰਦਿਆਂ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਅਸਥਾਨਾਂ ਦੀ ਇਤਿਹਾਸਕ ਮਹਾਨਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਈ। ਇਸ ਦੌਰਾਨ ਸ. ਹਰਜੀਤ ਸਿੰਘ ਸੱਜਣ ਨੇ ਵਿਜ਼ਿਟਰ ਬੁੱਕ ਵਿਚ ‘ਮੇਰੀ ਸਫਲਤਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ’ ਦਰਜ ਕਰਕੇ ਸਤਿਗੁਰੂ ਜੀ ਪ੍ਰਤੀ ਡੂੰਘੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਲਾਜ਼ਾ ਵਿਖੇ ਇਕ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਸ. ਹਰਜੀਤ ਸਿੰਘ ਸੱਜਣ ਨੂੰ ਸ੍ਰੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਵਿਸ਼ੇਸ਼ ਤਸਤਰੀ ਤੇ ਧਾਰਮਿਕ ਪੁਸਤਕਾਂ ਦੇ ਸੈੱਟ ਨਾਲ ਸਨਮਾਨਤ ਕੀਤਾ ਗਿਆ। ਸਨਮਾਨ ਲਈ ਵਿਸ਼ੇਸ਼ ਤੌਰ ‘ਤੇ ਬਣਵਾਈ ਗਈ ਤਸਤਰੀ ਉੱਪਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸ. ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਕੈਨੇਡਾ ਨੂੰ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਤੇ ਪਹਿਚਾਣ ਨੂੰ ਦ੍ਰਿੜ੍ਹ ਕਰਵਾਉਣ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਦਾ ਸਨਮਾਨ ਕਰਦਿਆਂ ਖੁਸ਼ੀ ਤੇ ਮਾਣ ਮਹਿਸੂਸ ਕਰਦੀ ਹੈ’ ਲਿਖਿਆ ਹੋਇਆ ਸੀ।

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦਾ ਰਵਾਇਤ ਮੁਤਾਬਕ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸ. ਹਰਜੀਤ ਸਿੰਘ ਦਾ ਵਿਕਸਿਤ ਮੁਲਕ ਕੈਨੇਡਾ ਦੇ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖਰ ਦੀ ਗੱਲ ਹੈ। ਅੱਜ ਇਹ ਆਪਣੇ ਪਿੱਤਰੀ ਸੂਬੇ ਵਿਚ ਆਉਣ ‘ਤੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ, ਅਸੀਂ ਇਨ੍ਹਾਂ ਦਾ ਦਿਲੋਂ ਸਵਾਗਤ ਕਰਦੇ ਹਾਂ। ਪ੍ਰੋ: ਬਡੂੰਗਰ ਨੇ ਸ. ਸੱਜਣ ਨੂੰ ਸਿੱਖ ਕੌਮ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ ਆਖ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਭਾਰਤ ਦਾ ਬੜਾ ਵਿਸ਼ਵਾਸ ਵਾਲਾ ਰਿਸ਼ਤਾ ਹੈ। ਕੈਨੇਡਾ ਵਿਚ ਸਿੱਖ ਸੱਭਿਆਚਾਰ ਦੇ ਉਥਾਨ ਦਾ ਖਾਸ ਤੌਰ ‘ਤੇ ਜ਼ਿਕਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਵਿਰਸੇ ਨਾਲ ਸਬੰਧਤ ਦਿਹਾੜਿਆਂ ਨੂੰ ਉਥੇ ਵੱਸਦੇ ਸਿੱਖਾਂ ਵੱਲੋਂ ਜੋਸ਼ ਅਤੇ ਜਜ਼ਬੇ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਕੈਨੇਡਾ ਦੇ ਮੂਲ ਨਿਵਾਸੀਆਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਹੈ। ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਕੈਨੇਡਾ ਵਿਚ ਆਪਣੀ ਮਿਹਨਤ ਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਆਪਣੀ ਸੰਸਕ੍ਰਿਤੀ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਕਰਕੇ ਹੀ ਉਥੋਂ ਲੋਕ ਅਤੇ ਸਰਕਾਰਾਂ ਸਿੱਖਾਂ ਨੂੰ ਮੰਤਰੀ ਤੇ ਕੈਬਨਿਟ ਮੰਤਰੀ ਬਣਾ ਕੇ ਵੱਡਾ ਸਨਮਾਨ ਦੇ ਰਹੀਆਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆ ਤੇ ਸ. ਸੁਰਜੀਤ ਸਿੰਘ ਕਾਲਾਬੂਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕਿਰਨਜੋਤ ਕੌਰ, ਸ. ਹਰਜਾਪ ਸਿੰਘ ਸੁਲਤਾਨਵਿੰਡ ਤੇ ਸ. ਜਰਨੈਲ ਸਿੰਘ ਡੋਗਰਾਂਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਅਜਾਇਬ ਸਿੰਘ ਅਭਿਆਸੀ ਤੇ ਸ. ਸੁਖਵਰਸ਼ ਸਿੰਘ ਪੰਨੂੰ, ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ, ਐਡੀ: ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਦਿਲਜੀਤ ਸਿੰਘ ਬੇਦੀ, ਸ. ਬਿਜੈ ਸਿੰਘ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਮਹਿੰਦਰ ਸਿੰਘ ਆਹਲੀ ਤੇ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ, ਸ. ਸਕੱਤਰ ਸਿੰਘ, ਸ. ਜਗਜੀਤ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਿੰਦਰ ਸਿੰਘ ਤੇ ਸ. ਰਘਬੀਰ ਸਿੰਘ ਮੰਡ ਆਦਿ ਹਾਜ਼ਰ ਸਨ।