ਅੰਮ੍ਰਿਤਸਰ, 25 ਅਪ੍ਰੈਲ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੈਨੇਡਾ ਸਰਕਾਰ ਵੱਲੋਂ ਵਿਸਾਖੀ ਸਮੇਂ ਸਿੱਖੀ ਚਿੰਨ੍ਹਾਂ ਵਾਲੇ ਸਿੱਕੇ ਜਾਰੀ ਕਰਨਾ ਸ਼ਲਾਘਾਯੋਗ ਕਦਮ ਦੱਸਿਆ ਹੈ। ਇਹ ਸੋਨੇ ਅਤੇ ਚਾਂਦੀ ਦੇ ਸਿੱਕੇ ਸਿੱਖਾਂ ਵੱਲੋਂ ਕੈਨੇਡਾ ਦੀ ਤਰੱਕੀ ਵਿਚ ਪਾਏ ਵਡਮੁੱਲੇ ਯੋਗਦਾਨ ਦੀ ਗਵਾਹੀ ਭਰਦੇ ਹਨ। ਇਨ੍ਹਾਂ ਸਿੱਕਿਆਂ ਦੇ ਇੱਕ ਪਾਸੇ ਖੰਡਾ ਅਤੇ ਦੂਜੇ ਪਾਸੇ ੴ ਉਕਰਿਆ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਸੰਸਾਰ ਦੇ ਹਰੇਕ ਕੋਨੇ ਵਿਚ ਵੱਸਦਾ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਹਰੇਕ ਸਿੱਖ ਦੇ ਮਨ ਵਿਚ ਕੈਨੇਡਾ ਸਰਕਾਰ ਪ੍ਰਤੀ ਸਤਿਕਾਰ ਦੀ ਭਾਵਨਾ ਵਧੀ ਹੈ।
 ਉਨ੍ਹਾਂ ਕਿਹਾ ਕਿ ੧੬੯੯ ਈ: ਦੀ ਵਿਸਾਖੀ ਸਮੇਂ ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ। ਸੋ ਵਿਸਾਖੀ ਮੌਕੇ ਇਨ੍ਹਾਂ ਸਿੱਕਿਆਂ ਨੂੰ ਜਾਰੀ ਕਰਨਾ ਹੋਰ ਵੀ ਅਹਿਮੀਅਤ ਰੱਖਦਾ ਹੈ। ਅੱਜ ਕੈਨੇਡਾ ਵਿਚ ਸਿੱਖਾਂ ਨੇ ਲਗਭਗ ਹਰ ਖਿੱਤੇ ਵਿਚ ਮਿਹਨਤ ਕਰਦਿਆਂ ਕੈਨੇਡਾ ਦੀ ਤਰੱਕੀ ਵਿਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਸਿੱਖਾਂ ਨੇ ਆਪਣੀ ਮਿਹਨਤ, ਲਗਨ, ਇਮਾਨਦਾਰੀ ਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਪੂਰੇ ਵਿਸ਼ਵ ਵਿਚ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਹਮੇਸ਼ਾ ਹੀ ਉਥੇ ਵੱਸਦੇ ਸਿੱਖਾਂ ਨੂੰ ਮਾਣ ਦਿੰਦੀ ਰਹਿੰਦੀ ਹੈ, ਜਿਸ ਲਈ ਉਥੋਂ ਦੇ ਸਿੱਖ ਅਤੇ ਸਰਕਾਰ ਵਧਾਈ ਦੀ ਪਾਤਰ ਹੈ।