ਅੰਮ੍ਰਿਤਸਰ ੨੩ ਅਕਤੂਬਰ (     )  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸਮੁੱਚਾ ਪੰਜਾਬ ਬੜੇ ਸੰਜੀਦਾ ਤੇ ਨਜੁਕ ਦੌਰ ਵਿਚੋਂ ਲੰਘ ਰਿਹਾ ਹੈ।ਅੰਦਰੋਂ-ਬਾਹਰੋਂ ਗੰਭੀਰ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਜੋ ਬਹੁਤ ਹੀ ਖਤਰਨਾਕ ਘਿਨਾਉਣੀਆਂ ਤੇ ਮੰਦ ਭਾਗੀਆਂ ਹਨ।ਇਨ੍ਹਾਂ ਸਾਜਿਸ਼ਾਂ ਨੇ ਹੀ ਪੰਜਾਬ ਵਾਸੀਆਂ ਲਈ ਕਈ ਚੁਣੌਤੀਆਂ ਲਿਆ ਸਾਹਮਣੇ ਖੜੀਆਂ ਕੀਤੀਆਂ ਹਨ।ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਸਾਨੂੰ ਸਾਰਿਆਂ ਨੂੰ ਸਦਭਾਵਨਾ, ਇਕਜੁੱਟਤਾ ਤੇ ਪੰਜਾਬ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਰਲ-ਮਿਲ ਕੇ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ‘ਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਹੈ ਕਿ ਉਹ ਅਨੁਸ਼ਾਸਨਿਕ ਤੇ ਧਾਰਮਿਕ ਜਾਬਤਾ ਬਣਾਈ ਰੱਖਣ ਤੇ ਆਪਣੀਆਂ ਸੀਮਾਵਾਂ ਤੋਂ ਬਾਹਰ ਨਾ ਜਾਣ।ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ, ਸੰਸਥਾ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।

ਉਨ੍ਹਾਂ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਦਿਨੀਂ ਪੰਥ ਦੋਖੀਆਂ ਵੱਲੋਂ ਜੋ ਅਪਮਾਨ ਕੀਤਾ ਗਿਆ ਹੈ, ਉਸ ਦੇ ਦੋਸ਼ੀ ਹਰਗਿਜ਼ ਵੀ ਬਖਸ਼ੇ ਨਹੀਂ ਜਾ ਸਕਦੇ।ਪਰ ਦੂਸਰੇ ਪਾਸੇ ਸਾਨੂੰ ਸਾਰਿਆਂ ਨੂੰ ਜੋਸ਼ ਤੇ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਆਮ ਵਿਅਕਤੀ ਸਾਡੀ ਕਿਸੇ ਗਲਤ ਕਾਰਵਾਈ ਤੋਂ ਪ੍ਰਭਾਵਿਤ ਨਾ ਹੋਵੇ।ਉਨ੍ਹਾਂ ਕਿਹਾ ਕਿ ਆਪਸ ਵਿੱਚ ਲੜਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਏਕਤਾ ਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਪੰਥ ਦੁਸ਼ਮਣ ਸ਼ਕਤੀਆਂ ਸਾਡੇ ‘ਤੇ ਭਾਰੀ ਨਾ ਹੋ ਸਕਣ।