S. Avtar Singhਅੰਮ੍ਰਿਤਸਰ 9 ਅਕਤੂਬਰ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ‘ਚ ਸਿੰਧ ਸੂਬੇ ਦੇ ਜ਼ਿਲ੍ਹਾ ਉਮਰਕੋਟ ਦੇ ਪਿੰਡ ਕੁਨਰੀ ਵਿਖੇ ਇਕ ਦਲਿਤ ਹਿੰਦੂ ਲੜਕੀ ਨਾਲ ਸਮੂਹਿਕ ਜ਼ਬਰ-ਜਨਾਹ ਮਗਰੋਂ ਹੱਤਿਆ ਕਰਨ ਦੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੱਤਾ ਤੇ ਕਿਹਾ ਕਿ ਕੋਈ ਧਰਮ ਕੁਕਰਮ ਕਰਨ ਦੀ ਇਜ਼ਾਜਤ ਨਹੀਂ ਦਿੰਦਾ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਕਿਸੇ ਦੂਜੇ ਧਰਮ ਖਿਲਾਫ ਅਜਿਹੀ ਘਿਨੌਣੀ ਹਰਕਤ ਨੂੰ ਅੰਜ਼ਾਮ ਦੇਣਾ ਨਹੀਂ ਸਿਖਾਉਂਦਾ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ‘ਚ ਪਰਪੱਕ ਰਹਿੰਦਿਆਂ ਦੂਸਰੇ ਧਰਮਾਂ ਦਾ ਵੀ ਮਾਣ ਸਤਿਕਾਰ ਬਰਕਰਾਰ ਰੱਖਣਾ ਚਾਹੀਦਾ ਹੈ ਤਾਂ ਕਿ ਭਾਈਚਾਰਕ ਸਾਂਝ ਕਾਇਮ ਰੱਖੀ ਜਾ ਸਕੇ।ਉਨ੍ਹਾਂ ਕਿਹਾ ਕਿ ਅਖ਼ਬਾਰੀ ਮਾਧਿਅਮ ਰਾਹੀਂ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੀਆਂ ਦਲਿਤ ਹਿੰਦੂ ਲੜਕੀਆਂ ਨੂੰ ਉਥੋਂ ਦੇ ਕੁਝ ਦਰਿੰਦਿਆਂ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਿਆਂ ਉਨ੍ਹਾਂ ਨੂੰ ਜ਼ਬਰੀ ਇਸਲਾਮ ਧਰਮ ਕਬੂਲ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਾ-ਨੁਕਰ ਕੀਤੀ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿਸ ਕਾਰਨ ਘੱਟ ਗਿਣਤੀ ਹਿੰਦੂਆਂ ਕੋਲ ਹੁਣ ਕਿਸੇ ਹੋਰ ਜਗ੍ਹਾ ਨੂੰ ਆਪਣਾ ਠਿਕਾਣਾ ਬਣਾਉਣਾ ਇਕ ਮਾਤਰ ਚਾਰਾ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਘੱਟ ਗਿਣਤੀ ਭਾਵੇਂ ਹਿੰਦੂ ਹੋਣ ਜਾਂ ਸਿੱਖ ਦੋਵੇਂ ਫਿਰਕੇ ਹੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਅੱਗੇ ਤੋਂ ਯਕੀਨੀ ਬਣਾਉਣ ਕਿ ਕਿਸੇ ਵੀ ਘੱਟ ਗਿਣਤੀ ਨਾਲ ਵਧੀਕੀ ਨਾ ਹੋਵੇ।