ਡਾ. ਰੂਪ ਸਿੰਘ ਨੇ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਉਪਰਾਲੇ ਨੂੰ ਸਲਾਹਿਆ

ਅੰਮ੍ਰਿਤਸਰ, 26 ਮਾਰਚ- ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਜਦੋਂ ਮਨੁੱਖਤਾ ਸੰਕਟ ਵਿਚ ਘਿਰੀ ਹੋਈ ਹੈ ਤਾਂ ਇਸ ਸਮੇਂ ਸਿੱਖ ਜਗਤ ਵੱਲੋਂ ਗੁਰੂ ਪ੍ਰੰਪਰਾ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਪੂਰੇ ਵਿਸ਼ਵ ਦਾ ਧਿਆਨ ਖਿੱਚ ਰਹੇ ਹਨ। ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼ ਦੁਨੀਆਂ ਦੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਲੋੜਵੰਦਾਂ ਨੂੰ ਨਿਰੰਤਰ ਲੰਗਰ ਮੁਹੱਈਆ ਕਰਵਾ ਰਹੀਆਂ ਹਨ। ਇਸ ਦੇ ਨਾਲ ਹੀ ਗੁਰੂ ਘਰਾਂ ਦੀਆਂ ਸਰਾਵਾਂ ਪੀੜਤਾਂ ਨੂੰ ਅਲਾਹਿਦਾ ਰੱਖਣ ਲਈ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਇਸੇ ਦੌਰਾਨ ਹੁਣ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਵੀ  ਲੋੜਵੰਦਾਂ ਦੀ ਮੱਦਦ ਲਈ ਅੱਗੇ ਆਈਆਂ ਹਨ। ਜਾਣਕਾਰੀ ਅਨੁਸਾਰ ਅਮਰੀਕਾ ਦੇ ਨਿਊਯਾਰਕ ਵਿਚ ਕਰਮਜੋਤ ਸਿੱਖ ਸੈਂਟਰ ਨੇ ਭਾਈ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਪੂਰੇ ਸ਼ਹਿਰ ਵਿਚ ਲੰਗਰ ਵਿਵਸਥਾ ਦਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਦੀਆਂ ਹੀ ਹੋਰ ਕਮੇਟੀਆਂ ਵੱਲੋਂ ਵੀ ਅਜਿਹੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਖਾਲਸਾ ਏਡ ਵੀ ਲਗਾਤਾਰ ਲੋੜਵੰਦਾਂ ਤੱਕ ਪੁੱਜ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਸਥਾਵਾਂ ਵੱਲੋਂ ਇਸ ਸੰਕਟ ਸਮੇਂ ਕੀਤੀ ਜਾ ਰਹੀ ਪਹਿਲਕਦਮੀਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਹ ਖਾਸਾ ਹੈ ਕਿ ਜਦੋਂ ਵੀ ਮਨੁੱਖਤਾ ’ਤੇ ਕੋਈ ਸੰਕਟ ਬਣਦਾ ਹੈ ਤਾਂ ਇਹ ਲੋਕਾਂ ਦੇ ਹਮਦਰਦ ਵਜੋਂ ਮੋਹਰੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਕੋਰੋਨਾਵਾਇਰਸ ਦੀ ਮਹਾਂਮਾਰੀ ਸਮੇਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੁਸਾਇਟੀਆਂ ਦੇ ਕਾਰਜ ਪ੍ਰਸ਼ੰਸਾਯੋਗ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬੰਦ ਹੋਣ ਦੀਆਂ ਅਫਵਾਹਾਂ ਫੈਲਾਉਂਦੇ ਹਨ, ਉਨ੍ਹਾਂ ਨੂੰ ਗੁਰਦੁਆਰਿਆਂ ਤੋਂ ਲੋਕ ਭਲਾਈ ਕਾਰਜਾਂ ਨੂੰ ਵੇਖਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਗੁਰੂ ਘਰ ਹੀ ਹਨ ਜੋ ਹਰ ਦੁਖਮਈ ਸਮੇਂ ’ਤੇ ਮਨੁੱਖਤਾ ਲਈ ਧਰਵਾਸ ਬਣਦੇ ਹਨ।