ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਵਿਖੇ ਤਿੰਨ ਰੋਜ਼ਾ ਖ਼ਾਲਸਾਈ ਖੇਡ ਉਤਸਵ ਸੰਪੰਨ

ਓਵਰਆਲ ਟਰਾਫੀ ’ਤੇ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਕਬਜ਼ਾ

ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ 6 ਖਿਡਾਰੀ 41, 31 ਤੇ 21 ਹਜ਼ਾਰ ਨਾਲ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (    ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਉੱਚ ਵਿਦਿਅਕ ਅਦਾਰਿਆਂ ਦਾ ਇਥੋਂ ਦੇ ਮਾਤਾ ਗੁਜਰੀ ਕਾਲਜ ਵਿਖੇ ਸ਼ਨਿਚਰਵਾਰ ਨੂੰ ਆਰੰਭ ਹੋਇਆ ਸਾਲ 2017 ਦਾ ਤਿੰਨ ਰੋਜ਼ਾ ਖਾਲਸਾਈ ਖੇਡ ਉਤਸਵ ਅਮਿੱਟ ਪੈੜਾਂ ਛੱਡਦਾ ਸੰਪੰਨ ਹੋ ਗਿਆ। ਇਸ ਖੇਡ ਉਤਸਵ ਦੌਰਾਨ ਓਵਰਆਲ ਚੈਂਪੀਅਨਸ਼ਿਪ ਟਰਾਫੀ ’ਤੇ ਗੁਰੂ ਨਾਨਕ ਕਾਲਜ ਬੁਢਲਾਡਾ ਕਾਬਜ਼ ਰਿਹਾ ਅਤੇ ਦੂਸਰਾ ਸਥਾਨ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ। ਸਮਾਪਤੀ ਸਮਾਰੋਹ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਸ ਖੇਡ ਉਤਸਵ ਦੌਰਾਨ ਵੱਖ ਵੱਖ ਖੇਡਾਂ ਵਿਚ ਮੋਹਰੀ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਦੇ ਕੇ ਨਿਵਾਜਿਆ। ਸਮਾਪਤੀ ਸਮਾਰੋਹ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਜੋਗਿੰਦਰ ਕੌਰ ਤੇ ਸ. ਬਲਵਿੰਦਰ ਸਿੰਘ ਵੇਈਂਪੂਈਂ ਵੀ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਅੰਦਰ ਨੌਕਰੀ ਦੇਣ ਸਮੇਂ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਮਨੁੱਖੀ ਜੀਵਨ ਅੰਦਰ ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ ਅਤੇ ਗੁਰੂ ਸਾਹਿਬਾਨ ਨੇ ਜਿੱਥੇ ਆਤਮਕ ਮਜ਼ਬੂਤੀ ਲਈ ਗੁਰਬਾਣੀ ਰਚੀ, ਉਥੇ ਹੀ ਮੱਲ ਅਖਾੜੇ ਤੇ ਸ਼ਸਤਰ ਵਿਦਿਆ ਰਾਹੀਂ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕਾਰਜਸ਼ੀਲ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖੇਡ ਉਤਸਵ ਵਿਚ ਸ਼ਾਮਲ ਹੋਏ ਖਿਡਾਰੀਆਂ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿੱਖੀ ਸਰੂਪ ਵਿਚ ਕਾਇਮ ਰਹਿੰਦਿਆਂ ਜੀਵਨ ਵਿਚ ਅੱਗੇ ਵਧੀਏ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਜੀਵਨ ਬਤੀਤ ਕਰੀਏ। ਇਸ ਮੌਕੇ ਪ੍ਰੋ: ਬਡੂੰਗਰ ਨੇ 2018 ਦੀਆਂ ਖਾਲਸਾਈ ਖੇਡਾਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਕਰਵਾਉਣ ਦਾ ਐਲਾਨ ਵੀ ਕੀਤਾ।

ਖਾਲਸਾਈ ਖੇਡ ਉਤਸਵ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ. ਬਲਦੇਵ ਸਿੰਘ ਕਾਇਮਪੁਰ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਓਵਰਆਲ ਪ੍ਰਾਪਤੀਆਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਅਧੀਨ ਵਿਦਿਅਕ ਸੰਸਥਾਵਾਂ ਦੇ 6 ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਵਿਚੋਂ ਕਾਲਜਾਂ ਨਾਲ ਸਬੰਧਤ 3 ਖਿਡਾਰੀਆਂ ਖਾਲਸਾ ਕਾਲਜ ਪਟਿਆਲਾ ਦੀ ਪ੍ਰਭਜੋਤ ਕੌਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੀ ਹਾਕੀ ਖਿਡਾਰਨ ਹਰਦੀਪ ਕੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਐਥਲੈਟਿਕਸ ਖਿਡਾਰਨ ਅੰਮ੍ਰਿਤ ਕੌਰ ਨੂੰ ਕ੍ਰਮਵਾਰ 41 ਹਜ਼ਾਰ, 31 ਹਜ਼ਾਰ ਅਤੇ 21 ਹਜ਼ਾਰ ਦੇ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਸਕੂਲਾਂ ਵਿਚੋਂ ਸਨਮਾਨਿਤ ਕੀਤੇ ਗਏ 3 ਖਿਡਾਰੀਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਸੁਖਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਦੇ ਅਰਸ਼ਦੀਪ ਸਿੰਘ ਅਤੇ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਸ਼ਹਿਜਾਦਦੀਪ ਕੌਰ ਨੂੰ ਵੀ  41 ਹਜ਼ਾਰ, 31 ਹਜ਼ਾਰ ਅਤੇ 21 ਹਜ਼ਾਰ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ 6 ਖਿਡਾਰੀਆਂ ਨੇ ਜਿੱਥੇ ਖਾਲਸਾਈ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ, ਉਥੇ ਹੀ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਕੌਮੀ ਤੇ ਕੌਮਾਂਤਰੀ ਪ੍ਰਾਪਤੀਆਂ ਵੀ ਕੀਤੀਆਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਜੋਗਿੰਦਰ ਕੌਰ ਅਤੇ ਸ. ਬਲਵਿੰਦਰ ਸਿੰਘ ਵੇਈਂਪੂਈਂ, ਮੈਂਬਰ ਸ. ਰਵਿੰਦਰ ਸਿੰਘ ਖਾਲਸਾ, ਅਕਾਲੀ ਆਗੂ ਸ. ਦੀਦਾਰ ਸਿੰਘ ਭੱਟੀ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸਪੋਰਟਸ ਸ. ਕੇਵਲ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸ. ਸਕੱਤਰ ਸਿੰਘ ਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਭਾਈ ਹਰਪਾਲ ਸਿੰਘ, ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ. ਸੁਖਦਰਸ਼ਨ ਸਿੰਘ ਖਹਿਰਾ, ਡਾਇਰੈਕਟਰ ਐਜੂਕੇਸ਼ਨ ਸ. ਜਤਿੰਦਰ ਸਿੰਘ ਸਿੱਧੂ, ਅਸਿਸਟੈਂਟ ਡਾਇਰੈਕਟਰ ਡਾ. ਪ੍ਰਭਜੀਤ ਸਿੰਘ ਅਤੇ ਪ੍ਰਿੰਸੀਪਲ ਸਤਵੰਤ ਕੌਰ, ਡਾ. ਚਮਕੌਰ ਸਿੰਘ, ਡਾ. ਕੁਲਦੀਪ ਸਿੰਘ ਬੱਲ, ਪ੍ਰਿੰਸੀਪਲ ਕੁਲਦੀਪ ਕੌਰ, ਡਾ. ਕਸ਼ਮੀਰ ਸਿੰਘ, ਪ੍ਰਿੰਸੀਪਲ ਸ. ਗੁਰਚਰਨ ਸਿੰਘ ਲਾਂਬਾ, ਡਾ. ਪ੍ਰਭਜੀਤ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਸ. ਬਲਵਿੰਦਰ ਸਿੰਘ ਭਮਾਰਸੀ, ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋਫੈਸਰ ਅਤੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।