ਅੰਮ੍ਰਿਤਸਰ: 17 ਜੂਨ – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਲਈ ਨਗਰ ਕੀਰਤਨਾਂ ਦੇ ਰੂਪ ‘ਚ ਪਹੁੰਚ ਰਹੀਆਂ ਵੱਖ-ਵੱਖ ਸੰਪਰਦਾਵਾਂ ਦੇ ਮੁੱਖੀ, ਟਕਸਾਲਾਂ ਦੇ ਮੁੱਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ, ਸੰਤ ਸਮਾਜ, ਨਾਨਕਸਰ ਸੰਪਰਦਾ ,ਨਿਰਮਲ ਪੰਚਾਇਤੀ ਅਖਾੜਾ ਖਨਕਲ (ਹਰਿਦੁਆਰ) ਦੇ ਮਹੰਤ ਸੰਤ ਗਿਆਨ ਦੇਵ ਸਿੰਘ ਦੀ ਅਗਵਾਈ ਵਿਚ ਪਹੁੰਚ ਰਹੇ ਪ੍ਰਚੀਨ ਸਰਬ ਭਾਰਤ ਨਿਰਮਲ ਮੰਡਲ, ਸਰਬ ਭਾਰਤ ਨਿਰਮਲ ਮੰਡਲ, ਮੁਖੀਏ ਮਹੰਤ ਨਿਰਮਲ ਪੰਚਾਤੀ ਅਖਾੜਾ, ਦੁਆਬਾ ਮੰਡਲ,ਸੇਵਾ ਪੰਥੀ ਸੰਪਰਦਾ, ਸੰਤ ਬਾਬਾ ਨਿਰਮਲ ਦਾਸ ਦੀ ਅਗਵਾਈ ਵਿਚ ਸਮੂੰਹ ਸੰਪਰਦਾਵਾਂ, ਉਦਾਸੀ ਸੰਪਰਦਾਵਾਂ, ਰਾੜਾ ਸਾਹਿਬ ਸੰਪਰਦਾ, ਸੇਵਾ ਪੰਥੀ ਸੰਪਰਦਾਵਾਂ, ਭਗਤ ਰਵੀਦਾਸ ਸੰਪਰਦਾ, ਸ਼੍ਰੋਮਣੀ ਅਕਾਲੀ ਦਲ ਸਮੂੰਹ ਅਹੁਦੇਦਾਰ ਅਤੇ ਵਰਕਰ, ਇਸਤਰੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ, ਮੈਂਬਰ ਸਹਿਬਾਨ ਅਤੇ ਸਮੂੰਹ ਸਿੱਖ ਜਥੇਬੰਦੀਆਂ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਟਕਸਾਲਾਂ, ਸਿੰਘ ਸਭਾਵਾਂ ਅਤੇ ਸੰਗਤਾਂ ਵਹੀਰਾਂ ਘੱਤ ਕੇ ਪਹੁੰਚ ਰਹੀਆਂ ਹਨ। ਧਾਰਮਿਕ ਸਮਾਗਮ ਲਗਾਤਾਰ ਜਾਰੀ ਹਨ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵੱਧ ਰਹੀ ਹੈ ਤੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸੰਤ, ਕਾਰ ਸੇਵਾ ਵਾਲੇ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧ ਵਿਚ ਸਹਿਯੋਗ ਕਰਦਿਆਂ ਲੰਗਰ, ਛਬੀਲਾਂ, ਗਠੜੀ ਘਰ, ਜੌੜਾ ਘਰ, ਡਾਕਟਰੀ ਸਹਾਇਤਾ ਦੀਆਂ ਸੇਵਾ ਨਿਭਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਗ ਦਰਬਾਰ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਹੋਵੇਗਾ, ਸਮਾਗਮ ਵਿਚ ਉੱਚ ਕੋਟੀ ਦੇ ਕਥਾਵਾਚਕ, ਰਾਗੀ ਜੱਥਿਆਂ ‘ਚ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਸਾ ਦੀ ਵਾਰ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ, ਬੀਬੀ ਪ੍ਰਭਜੋਤ ਕੌਰ ਬਟਾਲਾ ਧੁਰ ਕੀ ਬਾਣੀ ਦੇ ਕੀਰਤਨ ਕਰਨਗੇ।ਭਾਈ ਪਿੰਦਰਪਾਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਭੂਰ ਕੋਹਨਾ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ.,ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ, ਗਿਆਨੀ ਰਣਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ, ਗਿਅਨੀ ਕਿਸ਼ਨ ਸਿੰਘ ਸੰਤਨ ਕੀ ਕੁਟੀਆ ਸ੍ਰੀ ਅੰਮ੍ਰਿਤਸਰ, ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਗਿਆਨੀ ਸਰਵਣ ਸਿੰਘ ਜੀ ਯੂ. ਕੇ. ਗੁਰਮਤਿ ਵੀਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
ਸ. ਬੇਦੀ ਨੇ ਕਿਹਾ ਕਿ ਵਿਸ਼ੇਸ਼ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬਾਨ, ਜਥੇਦਾਰ ਤਖ਼ਤ ਸਾਹਿਬਾਨ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਵੱਖ-ਵੱਖ ਧਰਮਾਂ ਦੇ ਮੁੱਖੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਧਾਰਮਿਕ ਸੁਸਾਇਟੀਆਂ ਦੇ ਮੁੱਖੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਮੁੱਖ ਸ਼ਖਸੀਅਤਾਂ ਦਾ ਮਾਣ ਸਨਮਾਨ ਕਰਨਗੇ।ਸ. ਬੇਦੀ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਸਮਾਗਮ ਵਿਚ ਸੋਵੀਨਾਰ ਰਲੀਜ ਕਰਨਗੇ।ਉਨ੍ਹਾਂ ਕਿਹਾ ਕਿ ਖਾਲਸੇ ਦੀ ਸ਼ਾਨ ਦਾ ਪ੍ਰਤੀਕ ਗੱਤਕਾ ਮੁਕਾਬਲੇ ਕਰਵਾਏ ਜਾਣਗੇ ਅਤੇ ਘੋੜ-ਦੌੜਾਂ ਹੋਣਗੀਆਂ।ਅਲੋਕਿਕ ਲੇਜਰ ਸ਼ੋਅ, ਆਤਿਸ਼ਬਾਜ਼ੀ ਤੇ ਦੀਪਮਾਲਾ ਹੋਵੇਗੀ।