ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਟੀਮ ਘਟਨਾ ਸਥਾਨ ‘ਤੇ ਭੇਜੀ

ਅੰਮ੍ਰਿਤਸਰ, 22 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਸਬਾ ਖਾਲੜਾ (ਤਰਨ ਤਾਰਨ) ਵਿਖੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ। ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਦੋਸ਼ੀਆਂ ਦੀ ਭਾਲ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਵਨ ਗੁਰਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣ-ਬੁੱਝ ਕੇ ਜ਼ਿੰਦਗੀ ਬਖ਼ਸ਼ਣ ਵਾਲੇ ਇਸ ਅਨਮੋਲ ਖਜ਼ਾਨੇ ਦੀ ਬੇਅਦਬੀ ਕਰਨੀ ਬੀਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੰਗਤਾਂ ਗੁਰੂ-ਘਰਾਂ ਅਤੇ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਲਈ ਸੁਚੇਤ ਹੋਣ ਤਾਂ ਜੋ ਅਜਿਹੇ ਲੋਕਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜਿਹੀਆਂ ਘਟਨਾਵਾਂ ਦੇ ਨਿਰੰਤਰ ਵਾਪਰਨ ਉਪਰੰਤ ਵੀ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਅਤੇ ਸੰਗਤਾਂ ਅਵੇਸਲੀਆਂ ਹਨ। ਉਨ੍ਹਾਂ ਕਿਹਾ ਕਿ ਸੁਹਿਰਦ ਅਤੇ ਚੇਤੰਨ ਹੋ ਕੇ ਆਪੋ-ਆਪਣਾ ਫਰਜ਼ ਪਛਾਨਣ ਦੀ ਅੱਜ ਵੱਡੀ ਲੋੜ ਹੈ। ਉਨ੍ਹਾਂ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਪਾਵਨ ਗੁਰਬਾਣੀ ਦੀ ਸੰਭਾਲ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਨੇੜਲੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿੱਤਾ ਜਾਵੇ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਅਨੁਸਾਰ ਘਟਨਾ ਸਥਾਨ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਇੱਕ ਜਾਂਚ ਟੀਮ ਭੇਜੀ ਗਈ, ਜਿਸ ਨੇ ਖਾਲੜਾ ਵਿਖੇ ਪੁੱਜ ਕੇ ਸਥਾਨਕ ਸੰਗਤਾਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ ਟੀਮ ਵਿਚ ਸ. ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ, ਸ. ਤੇਜਿੰਦਰ ਸਿੰਘ ਪੱਡਾ ਇੰਚਾਰਜ, ਸ. ਤਜਿੰਦਰ ਸਿੰਘ ਕੰਗ, ਸ. ਜਸਪਾਲ ਸਿੰਘ ਢੱਡੇ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਠੱਠਾ (ਤਰਨ ਤਾਰਨ), ਸ. ਨਿਸ਼ਾਨ ਸਿੰਘ ਹੈੱਡ ਗ੍ਰੰਥੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਤੋਂ ਇਲਾਵਾ ਸ. ਇੰਦਰਜੀਤ ਸਿੰਘ ਧਨੋਆ ਡਿਊਟੀ ਮਜਿਸਟ੍ਰੇਟ, ਸ. ਹਰਪਾਲ ਸਿੰਘ ਰੰਧਾਵਾ ਐਸ.ਪੀ. ਤਰਨ ਤਾਰਨ, ਸ. ਜੈਮਲ ਸਿੰਘ ਡੀ.ਐਸ.ਪੀ. ਭਿੱਖੀਵਿੰਡ, ਸ. ਪਰਮਵੀਰ ਸਿੰਘ ਐਸ.ਐਚ.ਓ. ਭਿੱਖੀਵਿੰਡ, ਸ. ਅਵਤਾਰ ਸਿੰਘ ਐਸ.ਐਚ.ਓ. ਖੇਮਕਰਨ ਵੀ ਮੌਕੇ ‘ਤੇ ਪਹੁੰਚੇ ਹੋਏ ਸਨ। ਸ. ਭੂਰਾਕੋਹਨਾ ਨੇ ਦੱਸਿਆ ਕਿ ਗੁਟਕਾ ਸਾਹਿਬ ਦੇ ਪਾਵਨ ਅੰਗ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਪਹੁੰਚਾ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ. ਹਰਪਾਲ ਸਿੰਘ ਐਸ.ਪੀ. ਦੀ ਅਗਵਾਈ ਵਿਚ ਪੁਲਿਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ‘ਤੇ ਅਧਾਰਿਤ ਇਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜੋ ਘਟਨਾ ਦੀ ਛਾਣਬੀਣ ਕਰਕੇ ਰਿਪੋਰਟ ਦੇਵੇਗੀ।